34.4 C
Patiāla
Thursday, May 16, 2024

ਬਾਦਲਾਂ ਨੂੰ ਬਚਾ ਰਹੀ ਹੈ ਸਰਕਾਰ: ਖਹਿਰਾ

Must read


ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 3 ਜੁਲਾਈ

ਭੁਲੱਥ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਬੇਅਦਬੀ ਮਾਮਲੇ ਦੀ ਬਰਗਾੜੀ ਕਾਂਡ ਦੀ ਜਿਹੜੀ ਜਾਂਚ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਰੀ ਕੀਤੀ ਗਈ ਹੈ ਉਹ ਜਾਅਲੀ ਹੈ, ਜਿਸ ਵਿਚ ਸਿੱਧੇ ਤੌਰ ’ਤੇ ਬਾਦਲਾਂ ਨੂੰ ਬਚਾਇਆ ਜਾ ਰਿਹਾ ਹੈ ਜੋ ਸਿੱਖ ਸੰਗਤ ਨੂੰ ਬਿਲਕੁਲ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਰਿਪੋਰਟ ਵਿਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਪਰ 2015-2017 ਵਿਚ ਜਿਨ੍ਹਾਂ ਦੀ ਸਰਕਾਰ ਸੀ ਉਸ ਸਮੇਂ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਪਨਾਹ ਦਿੱਤੀ ਗਈ ਅਤੇ ਗੁਨਾਹ ਕਰਨ ਵਾਲਿਆਂ ਨੂੰ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ਉਨ੍ਹਾਂ ਨਾਲ ਤੁਲਨਾ ਕੀਤੀ ਸੀ ਪਰ ਇਸ ਸਬੰਧੀ ਕੇਸ ਵੀ ਸੁਖਬੀਰ ਸਿੰਘ ਬਾਦਲ ਨੇ ਵਾਪਸ ਲੈ ਲਿਆ। ਉਸ ਤੋਂ ਬਾਅਦ ਬਾਦਲ ਪਰਿਵਾਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ’ਤੇ ਦਬਾਅ ਪਾ ਕੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਅਤੇ ਇਸ ਸਰਵਉੱਚ ਤਖ਼ਤ ਦੀ ਦੁਰਵਰਤੋ ਕੀਤੀ।

ਵਿਧਾਇਕ ਨੇ ਕਿਹਾ ਕਿ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਮੋਰਚੇ ਦੌਰਾਨ ਬਾਦਲਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਜਿਸ ਦਾ ਹਲਫ਼ੀਆ ਬਿਆਨ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ ਨੇ ਰਿਪੋਰਟ ’ਚ ਦਿੱਤਾ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੀ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਗਾਉਂਦੇ ਰਹੇ ਕਿ ਕਾਂਗਰਸ ਅਤੇ ਅਕਾਲੀ ਮਿਲੇ ਹੋਏ ਹਨ ਪਰ ਉਹ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਨ ਕਿ ਕੀ ਹੁਣ ‘ਆਪ’ ਅਤੇ ਅਕਾਲੀ ਦਲ ਆਪਸ ਵਿਚ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ’ਚ ‘ਆਪ’ ਸਰਕਾਰ ਵਲੋਂ ਬਾਦਲਾਂ ਨੂੰ ਬਚਾਇਆ ਜਾ ਰਿਹਾ ਹੈ।

ਲੁਧਿਆਣਾ (ਖੇਤਰੀ ਪ੍ਰਤੀਨਿਧ): ਇਥੋਂ ਦੇ ਮੱਤੇਵਾੜਾ ਜੰਗਲ ਨੇੜੇ ਸੇਖੇਵਾਲ ਪਿੰਡ ’ਚ ਉਦਯੋਗਿਕ ਪਾਰਕ ਬਣਾਉਣ ਦੀ ਤਜਵੀਜ਼ ਦਾ ਵਿਧਾਨ ਸਭਾ ਵਿੱਚ ਵਿਰੋਧ ਕਰਨ ਵਾਲੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਅਤੇ ਜੰਗਲ ਵਾਲੀ ਇਸ ਥਾਂ ਦੀ ਮਹੱਤਤਾ ਨੂੰ ਸਮਝਦਿਆਂ ਸਰਕਾਰ ਨੂੰ ਇੱਥੇ ਉਦਯੋਗਿਕ ਪਾਰਕ ਬਣਾਉਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਸ੍ਰੀ ਖਹਿਰਾ ਨੇ ਕਿਹਾ ਕਿ ਸੂਬੇ ਵਿੱਚ ਸਿਰਫ 6 ਫੀਸਦੀ ਜੰਗਲ ਬਾਕੀ ਹਨ। ਲੁਧਿਆਣਾ ਵਿੱਚ ਮੱਤੇਵਾੜਾ ਜੰਗਲ ਹੀ ਇੱਕ ਅਜਿਹੀ ਥਾਂ ਹੈ ਜਿੱਥੇ ਨਾ ਸਿਰਫ ਕਈ ਕਿਸਮ ਦੇ ਪੰਛੀ ਅਤੇ ਜਾਨਵਰ ਰਹਿੰਦੇ ਹਨ ਸਗੋਂ ਇਹ ਸ਼ਹਿਰ ਦੇ ਵਾਤਾਵਰਨ ਵਿੱਚ ਸੰਤੁਲਨ ਬਣਾਉਣ ਦਾ ਕੰਮ ਵੀ ਕਰਦਾ ਹੈ ਪਰ ਸਰਕਾਰ ਵੱਲੋਂ ਇਸ ਦੇ ਨੇੜਲੇੇ ਪਿੰਡਾਂ ਵਿੱਚ ਉਦਯੋਗਿਕ ਇਕਾਈਆਂ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਇਨ੍ਹਾਂ ਜੰਗਲਾਂ ਦੇ ਨਾਲ ਨਾਲ ਇੱਥੇ ਰਹਿੰਦੇ ਪੰਛੀ ਅਤੇ ਹੋਰ ਜਾਨਵਰ ਵੀ ਖਤਮ ਹੋ ਜਾਣਗੇ।

ਸ੍ਰੀ ਖਹਿਰਾ ਨੇ ਕਿਹਾ ਕਿ ਇਹ ਉਹ ਹੀ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਕਾਂਗਰਸ ਸਰਕਾਰ ਵੇਲੇ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਬਿਆਨ ਦਿੱਤੇ ਸਨ ਪਰ ਹੁਣ ਸੱਤਾ ਵਿਚ ਆਉਣ ’ਤੇ ਹੋਰ ਬੋਲੀ ਬੋਲਣ ਲੱਗ ਪਏ ਹਨ।

ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਅਮਨਦੀਪ ਸਿੰਘ ਬੈਂਸ, ਮਹਿੰਦਰ ਸਿੰਘ ਸੇਖੋਂ, ਕਰਨਲ ਲਖਨਪਾਲ ਨੇ ਦੱਸਿਆ ਕਿ ਇਨ੍ਹਾਂ ਜੰਗਲਾਂ ਨੂੰ ਬਚਾਉਣ ਲਈ 10 ਜੁਲਾਈ ਨੂੰ ਸਤਲੁਜ ਨੇੜੇ ਗੁਰਦੁਆਰੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ ਅਤੇ ਇਸ ਦਿਨ ਅਗਲੀ ਰਣਨੀਤੀ ਘੜੀ ਜਾਵੇਗੀ।





News Source link

- Advertisement -

More articles

- Advertisement -

Latest article