30.2 C
Patiāla
Thursday, May 9, 2024

ਬਜਟ ਇਜਲਾਸ ਦੇ ਆਖ਼ਰੀ ਦਿਨ ਉਠਾਇਆ ਗਿਆ ਨਾਜਾਇਜ਼ ਕਬਜ਼ਿਆਂ ਦਾ ਮੁੱਦਾ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਜੂਨ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਵਿਧਾਨ ਸਭਾ ਦੇ ਪ੍ਰਸ਼ਨ ਕਾਲ ’ਚ ਨਾਜਾਇਜ਼ ਕਬਜ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਵਿਅਕਤੀ ਦਾ ਘਰ ਨਹੀਂ ਢਾਹਿਆ ਜਾਵੇਗਾ ਅਤੇ ਕਿਸੇ ਨੂੰ ਬੇਘਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਲਕੀ ਦੇ ਹੱਕ ਦੇਣ ਲਈ ਉਹ ਨਵੀਂ ਨੀਤੀ ਤਿਆਰ ਕਰ ਰਹੇ ਹਨ ਅਤੇ ਗਰੀਬਾਂ ਅਤੇ ਅਮੀਰਾਂ ਲਈ ਵੱਖੋ ਵੱਖਰੀ ਨੀਤੀ ਹੋਵੇਗੀ। ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਨੇ ਅੱਜ ਦਰਿਆਵਾਂ ਦੇ ਕੰਢਿਆਂ ’ਤੇ ਬੈਠੇ ਅਬਾਦਕਾਰਾਂ ਨੂੰ ਨੋਟਿਸ ਜਾਰੀ ਹੋਣ ਦਾ ਮਸਲਾ ਚੁੱਕਿਆ ਜਿਸ ਤੋਂ ਬਾਅਦ ਪੰਚਾਇਤ ਮੰਤਰੀ ਨੇ ਭਰੋਸਾ ਦਿੱਤਾ।

ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਵੀ ਲਾਲ ਲਕੀਰ ਦੇ ਅੰਦਰ ਬੈਠੇ ਮਰਲਿਆਂ ਵਾਲਿਆਂ ਨੂੰ ਨਾ ਉਜਾੜੇ ਜਾਣ ਬਾਰੇ ਸਵਾਲ ਚੁੱਕੇ। ਪੰਚਾਇਤ ਮੰਤਰੀ ਨੇ ਕਿਹਾ ਕਿ ਕਿਸੇ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ। ਪਿੰਡਾਂ ਵਿਚ ਜ਼ਿਆਦਾਤਰ ਕਬਜ਼ੇ ਮੋਹਤਬਰਾਂ ਨੇ ਹੀ ਕਰਾਏ ਹਨ। ਉਨ੍ਹਾਂ ਕਿਹਾ ਕਿ ਅੱਜ ਪਿੰਡਾਂ ਵਿਚਲੇ ਛੱਪੜ ਸੁੰਗੜ ਗਏ ਹਨ। ਵਿਧਾਇਕ ਹਰਮੀਤ ਪਠਾਣਮਾਜਰਾ ਨੇ ਛੱਪੜਾਂ ਦੀ ਜਗ੍ਹਾ ਵਿਚ ਵਰ੍ਹਿਆਂ ਤੋਂ ਬੈਠੇ ਕਾਬਜ਼ਕਾਰਾਂ ਨੂੰ ਨਾ ਉਜਾੜਨ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਪੈਸਾ ਭਰਾ ਕੇ ਮਾਲਕ ਬਣਾ ਦਿੱਤਾ ਜਾਵੇ।

ਪਟਿਆਲਾ ਤੋਂ ਵਿਧਾਇਕ ਅਜੀਤਪਾਲ ਕੋਹਲੀ ਨੇ ਸਰਕਾਰੀ ਜਗ੍ਹਾ ਵਿਚ ਲੰਮੇ ਅਰਸੇ ਤੋਂ ਬੈਠੇ ਕਾਬਜ਼ਕਾਰਾਂ ਨੂੰ ਨਾ ਉਜਾੜਨ ਦੀ ਗੱਲ ਕੀਤੀ। ਵਿਧਾਇਕ ਸੰਦੀਪ ਜਾਖੜ ਨੇ ਸਰਹੱਦੀ ਪਿੰਡਾਂ ਵਿਚ ਗਰਾਊਂਡ ਬਣਾਏ ਜਾਣ ਦੀ ਗੱਲ ਰੱਖੀ। ਉਨ੍ਹਾਂ ਸੁਝਾਅ ਦਿੱਤਾ ਕਿ ਮਗਨਰੇਗਾ ਦੀ ਲੇਬਰ ਨੂੰ ਸਕੂਲਾਂ ਵਿਚ ਵਰਤ ਲਿਆ ਜਾਵੇ। ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਗਰਾਊਂਡਾਂ ਵਿਚ ਇਹ ਲੇਬਰ ਵਰਤਣ ਬਾਰੇ ਸੋਚਿਆ ਜਾ ਰਿਹਾ ਹੈ। ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਈ ਪੰਚਾਇਤਾਂ ਵੱਲੋਂ ਦਿਹਾੜੀ ਨੂੰ ਲੈ ਕੇ ਮਜ਼ਦੂਰਾਂ ਖ਼ਿਲਾਫ਼ ਪਾਏ ਜਾ ਰਹੇ ਮਤਿਆਂ ਬਾਰੇ ਸਦਨ ਵਿਚ ਆਵਾਜ਼ ਉਠਾਈ।

ਸਿੱਖਿਆ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਚਾਰ ਏਡਿਡ ਕਾਲਜਾਂ ਨੂੰ ਟੇਕ ਓਵਰ ਕਰ ਰਹੀ ਹੈ ਜਿਨ੍ਹਾਂ ਵਿੱਚ ਜਲੰਧਰ ਦਾ ਇੱਕ ਕਾਲਜ, ਭੁਲੱਥ ਦਾ ਕਰਮਸਰ ਕਾਲਜ, ਪਬਲਿਕ ਕਾਲਜ ਸਮਾਣਾ ਅਤੇ ਭਵਾਨੀਗੜ੍ਹ ਦਾ ਕਾਲਜ ਸ਼ਾਮਲ ਹੈ। ਇਹ ਮਾਮਲਾ ਵਿੱਤ ਵਿਭਾਗ ਨੂੰ ਭੇਜਿਆ ਗਿਆ ਹੈ। ਵਿਧਾਇਕ ਕਰਮਵੀਰ ਸਿੰਘ ਅਤੇ ਗੁਰਦਿੱਤ ਸਿੰਘ ਸੇਖੋਂ ਨੇ ਬੱਸਾਂ ਤੋਂ ਵਾਂਝੇ ਪਿੰਡਾਂ ਵਿਚ ਸਰਕਾਰੀ ਬੱਸ ਸੇਵਾ ਚਲਾਏ ਜਾਣ ਦੀ ਗੱਲ ਉਠਾਈ।

ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਨੇ ਪੰਜਾਬ ਦੇ ਸੇਵਾ ਕੇਂਦਰਾਂ ਵਿਚ ਸਰਕਾਰੀ ਖਜ਼ਾਨੇ ਨੂੰ ਲੱਗ ਰਹੀ ਸੰਨ੍ਹ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਸੁਵਿਧਾ ਕੇਂਦਰ ਦੁਬਿਧਾ ਕੇਂਦਰ ਬਣ ਗਏ ਹਨ। ਸੇਵਾ ਕੇਂਦਰ ਚਲਾਉਣ ਵਾਲੀ ਪ੍ਰਾਈਵੇਟ ਕੰਪਨੀ ਝੋਲੀ ਭਰ ਰਹੀ ਹੈ ਜਦੋਂਕਿ ਸਰਕਾਰੀ ਖਜ਼ਾਨੇ ਵਿਚ ਬਹੁਤ ਘੱਟ ਪੈਸਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਖ਼ਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਾਇਆ ਗਿਆ ਹੈ।

ਖਟਕੜ ਕਲਾਂ ’ਚ ਕਾਲਜ ਖੋਲ੍ਹਿਆ ਜਾਵੇ: ਬਾਜਵਾ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਇਲਾਕੇ ਵਿਚ ਕੋਈ ਮੈਡੀਕਲ ਜਾਂ ਇੰਜਨੀਅਰਿੰਗ ਕਾਲਜ ਖੋਲ੍ਹਣ ਦਾ ਮੁੱਦਾ ਛੇੜਿਆ। ਪੰਚਾਇਤ ਮੰਤਰੀ ਨੇ ਕਿਹਾ ਕਿ ਖਟਕੜ ਕਲਾਂ ਵਿਚ ਜੋ ਵਿਕਾਸ ਕਾਰਜ ਚੱਲ ਰਹੇ ਹਨ, ਉਹ ਛੇ ਮਹੀਨੇ ਵਿਚ ਪੂਰੇ ਕਰ ਲਏ ਜਾਣਗੇ। ਵਿਧਾਇਕ ਸੁਖਵਿੰਦਰ ਸੁੱਖੀ ਨੇ ਖਟਕੜ ਕਲਾਂ ਦੇ ਮਿਊਜ਼ੀਅਮ ਵਿਚਲੇ ਸਫਾਈ ਸੇਵਕਾਂ ਨੂੰ ਤਨਖਾਹ ਨਾ ਮਿਲਣ ਦੀ ਗੱਲ ਰੱਖੀ।

ਸਪੀਕਰ ਨੇ ਵਾਹ-ਵਾਹ ਖੱਟੀ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬਜਟ ਇਜਲਾਸ ਵਿਚ ਨਿਭਾਈ ਭੂਮਿਕਾ ਦੀ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਸਭਨਾਂ ਧਿਰਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਅਤੇ ਹਾਕਮ ਧਿਰ ਦੇ ਵਿਧਾਇਕਾਂ ਨੂੰ ਤਾੜਿਆ ਵੀ| ਉਨ੍ਹਾਂ ਨੇ ਇਜਲਾਸ ਦੀ ਕਾਰਵਾਈ ਵੱਡੇ ਵਿਘਨ ਤੋਂ ਬਿਨਾਂ ਚਲਾਈ ਅਤੇ ਬਿਹਤਰ ਤਾਲਮੇਲ ਬਣਾਇਆ। ਅੱਜ ਆਖਰੀ ਦਿਨ ਸਪੀਕਰ ਸੰਧਵਾਂ ਨੇ ਹਾਕਮ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਬਜਟ ਇਜਲਾਸ ਵਿਚ ਬਣਾਏ ਤਾਲਮੇਲ ਅਤੇ ਤਕਰਾਰ ਨੂੰ ਉਸਾਰੂ ਲੋਕ ਰਾਜ ਦੇ ਭਵਿੱਖ ਲਈ ਚੰਗੀ ਪਹਿਲਕਦਮੀ ਦੱਸਿਆ।





News Source link

- Advertisement -

More articles

- Advertisement -

Latest article