29.1 C
Patiāla
Saturday, May 4, 2024

ਅਮਰੀਕਾ: ਲਾਵਾਰਸ ਛੱਡੇ ਟਰਾਲੇ ਵਿੱਚ 50 ਪਰਵਾਸੀਆਂ ਦੀ ਮੌਤ

Must read


ਸਾਂ ਐਂਟੋਨੀਓ, 28 ਜੂਨ

ਅਮਰੀਕਾ ਦੇ ਸਾਂ ਐਂਟੋਨੀਓ ਵਿੱਚ ਦੁਰੇਡੇ ਰੋਡ ’ਤੇ ਲਾਵਾਰਸ ਹਾਲਤ ’ਚ ਛੱਡੇ ਟਰਾਲੇ ਵਿੱਚ ਗਰਮੀ ਕਾਰਨ 50 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦਰਜਨ ਤੋਂ  ਵੱਧ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਾਅਦ ਵਿੱਚ ਇਨ੍ਹਾਂ ਵਿੱਚੋਂ ਚਾਰ ਜਣਿਆਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਮੈਕਸਿਕੋ ਤੋਂ ਨਾਜਾਇਜ਼ ਤੌਰ ਅਮਰੀਕਾ ਜਾ ਰਹੇ ਪਰਵਾਸੀਆਂ ਦੀ ਮੌਤ ਦਾ ਨਵਾਂ ਮਾਮਲਾ ਹੈ। ਪੁਲੀਸ ਮੁਖੀ ਵਿਲੀਅਮ ਮੈਕਮੈਨਸ ਨੇ ਦੱਸਿਆ ਕਿ ਸੋਮਵਾਰ ਸ਼ਾਮ ਲਗਪਗ 6 ਵਜੇ ਮਦਦ ਲਈ ਚੀਕਾਂ ਸੁਣ ਕੇ ਸ਼ਹਿਰ ਦਾ ਇੱਕ ਮੁਲਾਜ਼ਮ ਮੌਕੇ ’ਤੇ ਪਹੁੰਚਿਆ। ਕੁਝ ਘੰਟਿਆਂ ਬਾਅਦ ਜਦੋਂ ਅਧਿਕਾਰੀ ਟਰਾਲੇ ਨੇੜੇ ਪਹੁੰਚੇ ਤਾਂ ਟਰਾਲੇ ਦੇ ਅੰਦਰ ਅਤੇ ਬਾਹਰ ਪਈਆਂ ਲਾਸ਼ਾਂ ਮਿਲੀਆਂ। ਸ਼ਹਿਰ ਦੇ ਮੇਅਰ ਰੌਨ ਨਿਰੇਨਬਰਗ ਨੇ ਕਿਹਾ, ‘‘ਇਹ ਕਿਸੇ ਭਿਆਨਕ ਮਨੁੱਖੀ ਤ੍ਰਾਸਦੀ ਤੋਂ ਘੱਟ ਨਹੀਂ ਹੈ।”

ਫਾਇਰ ਬ੍ਰਿਗੇਡ ਮੁਖੀ ਚਾਰਲਸ ਹੁੱਡ ਨੇ ਦੱਸਿਆ ਕਿ ਜ਼ਿਆਦਾ ਗਰਮੀ ਕਾਰਨ ਬਿਮਾਰ ਹੋਏ 16 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਵਿੱਚ 12 ਬਾਲਗ ਅਤੇ 4 ਬੱਚੇ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦਾ ਸਰੀਰ ਤਪ ਰਿਹਾ ਸੀ ਅਤੇ ਟਰਾਲੇ ਵਿੱਚ ਉਨ੍ਹਾਂ ਕੋਲ ਪਾਣੀ ਨਹੀਂ ਸੀ। ਹੁੱਡ ਮੁਤਾਬਕ, ‘‘ਉਹ ਗਰਮੀ ਅਤੇ ਥਕਾਵਟ ਨਾਲ ਜੂਝ ਰਹੇ ਸਨ। ਇਹ ਏਸੀ ਵਾਲਾ ਟਰੈਕਟਰ-ਟਰਾਲਾ ਸੀ ਪਰ ਟਰਾਲੇ ਵਿੱਚ ਏਸੀ ਚੱਲ ਨਹੀਂ ਰਿਹਾ ਸੀ।’’ ਬੈਪਿਸਟ ਹੈਲਥ ਸਿਸਟਮ ਦੇ ਤਰਜਮਾਨ ਪੀ. ਟੇਨਰ ਨੇ ਦੱਸਿਆ ਕਿ 46 ਜਣੇ ਮੌਕੇ ’ਤੇ ਮ੍ਰਿਤਕ ਪਾਏ ਗਏ ਸਨ ਜਦਕਿ ਬਾਅਦ ਵਿੱਚ ਚਾਰ ਹੋਰਨਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸੇ ਦੌਰਾਨ ਮੈਕਸਿਕੋ ਦੇ ਵਿਦੇਸ਼ ਮਾਮਲਿਆਂ ਬਾਰੇ ਵਿਭਾਗ ਦੇ ਮੁਖੀ ਰੌਬਰਟੋ ਵੈਲਾਸਕੋ ਅਲਵਾਰੇਜ਼ ਨੇ ਟਵੀਟ ਕਰਕੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ 22 ਮੈਕਸਿਕੋ, 7 ਗੁਆਟੇਮਾਲਾ ਅਤੇ 2 ਹੌਂਡੂਰਸ ਤੋਂ ਸਨ। ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਮੈਕਸਿਕੋ ਰਾਹੀਂ ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਦੌਰਾਨ ਹਜ਼ਾਰਾਂ ਲੋਕਾਂ ਦੀ ਜਾਨ ਜਾਣ ਦੀਆਂ ਘਟਨਾਵਾਂ ਹੋਈਆਂ ਹਨ ਅਤੇ ਇਹ ਘਟਨਾ ਸਭ ਤੋਂ ਭਿਆਨਕ ਘਟਨਾਵਾਂ ਵਿੱਚ ਇੱਕ ਹੈ। -ਏਪੀ





News Source link

- Advertisement -

More articles

- Advertisement -

Latest article