41.4 C
Patiāla
Monday, May 6, 2024

ਮਸ਼ਹੂਰ ਜੋਤਸ਼ੀ

Must read


ਸੁਖਦੇਵ ਸਿੰਘ ਸ਼ਾਂਤ

ਸਾਡੇ ਪਿੰਡ ਦੇ ਨੇੜੇ ਪੈਂਦੇ ਸ਼ਹਿਰ ਵਿੱਚ ਇੱਕ ਪ੍ਰਸਿੱਧ ਜੋਤਸ਼ੀ ਰਹਿੰਦਾ ਸੀ। ਲੋਕ ਕਹਿੰਦੇ ਸਨ ਕਿ ਉਹ ਹੱਥ ਦੇਖ ਕੇ ਹੀ ਸਾਰਾ ਕੁਝ ਸੱਚ ਦੱਸ ਦਿੰਦਾ ਹੈ।

ਉਨ੍ਹੀਂ ਦਿਨੀਂ ਮੈਂ ਦਸਵੀਂ ਦੇ ਪੇਪਰ ਦਿੱਤੇ ਹੋਏ ਸਨ। ਨਤੀਜਾ ਅਜੇ ਆਉਣਾ ਸੀ। ਮੇਰੇ ਪੇਪਰ ਬਹੁਤ ਹੀ ਵਧੀਆ ਹੋਏ ਸਨ।

ਅਧਿਆਪਕਾਂ ਦੀ ਸਿੱਖਿਆ ਅਨੁਸਾਰ ਮੈਨੂੰ ਜੋਤਿਸ਼ ਵਿੱਚ ਵਿਸ਼ਵਾਸ ਨਹੀਂ ਸੀ। ਮੈਂ ਆਪਣੇ ਮਾਤਾ ਜੀ ਦੇ ਬਾਰ-ਬਾਰ ਕਹਿਣ ‘ਤੇ ਉਸ ਜੋਤਸ਼ੀ ਕੋਲ ਜਾਣ ਲਈ ਮੰਨ ਹੀ ਗਿਆ। ਮੇਰੇ ਤਾਇਆ ਜੀ ਦਾ ਲੜਕਾ ਜਸਵਿੰਦਰ ਛੇਵੀਂ ਤੱਕ ਮੇਰੇ ਨਾਲ ਪੜ੍ਹਦਾ ਰਿਹਾ ਸੀ। ਸੱਤਵੀਂ ਜਮਾਤ ਦੇ ਸ਼ੁਰੂ ਵਿੱਚ ਹੀ ਉਸ ਨੇ ਪੜ੍ਹਾਈ ਛੱਡ ਦਿੱਤੀ। ਤਾਇਆ ਜੀ ਦੀ ਸਿਹਤ ਕੁਝ ਢਿੱਲੀ ਰਹਿਣ ਕਰਕੇ ਉਹ ਖੇਤੀ ਦੇ ਕੰਮ ਵਿੱਚ ਉਨ੍ਹਾਂ ਦਾ ਹੱਥ ਵਟਾਉਣ ਲੱਗਿਆ। ਸ਼ਹਿਰ ਜਾਣ ਲਈ ਮੈਂ ਉਸ ਨੂੰ ਨਾਲ ਲੈ ਲਿਆ। ਉਸ ਨੇ ਸ਼ਹਿਰ ਜਾਣ ਦੇ ਚਾਅ ਵਿੱਚ ਨਵੇਂ ਕੱਪੜੇ ਪਾ ਲਏ। ਪੱਗ ਮੇਰੇ ਨਾਲੋਂ ਵੀ ਵਧੀਆ ਪੋਚਵੀਂ ਬੰਨ੍ਹ ਲਈ।

ਅਸੀਂ ਦੋਵੇਂ ਜੋਤਸ਼ੀ ਦੇ ਘਰ ਪਹੁੰਚ ਗਏ। ਸਾਡੇ ਤੋਂ ਪਹਿਲਾਂ ਤਿੰਨ-ਚਾਰ ਜਣੇ ਵਿਹੜੇ ਵਿੱਚ ਮੰਜੀਆਂ ‘ਤੇ ਬੈਠੇ ਸਨ। ਵਾਰੀ ਆਉਣ ‘ਤੇ ਅਸੀਂ ਜੋਤਸ਼ੀ ਦੀ ਬੈਠਕ ਵਿੱਚ ਗਏ। ਉਸ ਨੇ ਮੱਥੇ ‘ਤੇ ਵੱਡਾ ਸਾਰਾ ਤਿਲਕ ਲਾਇਆ ਹੋਇਆ ਸੀ। ਲਾਲ ਜਿਲਦਾਂ ਵਾਲੀਆਂ ਦੋ-ਤਿੰਨ ਕਿਤਾਬਾਂ ਅਤੇ ਜੰਤਰੀਆਂ ਉਸ ਨੇ ਕੋਲ ਰੱਖੀਆਂ ਹੋਈਆਂ ਸਨ।

“ਹਾਂ ਬਈ ਕਾਕਾ ਕੀ ਪੁੱਛਣੈ ?” ਉਸ ਨੇ ਮੇਰੇ ਵੱਲ ਤੱਕਦਿਆਂ ਕਿਹਾ।

“ਜੀ ਮੇਰੇ ਇਸ ਭਰਾ ਦੇ ਨਤੀਜੇ ਬਾਰੇ ਦੱਸੋ। ਇਸ ਨੇ ਦਸਵੀਂ ਦੇ ਪੇਪਰ ਦਿੱਤੇ ਹੋਏ ਨੇ।” ਮੈਂ ਜਸਵਿੰਦਰ ਵੱਲ ਇਸ਼ਾਰਾ ਕਰ ਕੇ ਕਿਹਾ।

ਜਸਵਿੰਦਰ ਮੇਰੇ ਵੱਲੋਂ ਅਚਾਨਕ ਹੋਈ ਇਸ ਹਰਕਤ ‘ਤੇ ਹੱਕਾ-ਬੱਕਾ ਹੋ ਗਿਆ। ਮੈਂ ਉਸ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ।

ਜੋਤਸ਼ੀ ਨੇ ਜਸਵਿੰਦਰ ਦਾ ਸੱਜਾ ਹੱਥ ਫੜਿਆ। ਵੀਹ ਰੁਪਏ ਇੱਕ ਜੰਤਰੀ ‘ਤੇ ਰੱਖਣ ਲਈ ਕਿਹਾ। ਕੁਝ ਸਮਾਂ ਉਹ ਹੱਥ ਦੀਆਂ ਲਕੀਰਾਂ ਨੂੰ ਬੜੇ ਧਿਆਨ ਨਾਲ ਦੇਖਦਾ ਰਿਹਾ। ਜਨਮ ਦੀ ਤਰੀਕ ਪੁੱਛ ਕੇ ਉਹ ਇੱਕ ਜੰਤਰੀ ਨੂੰ ਫੋਲਦਾ ਰਿਹਾ। ਦੋ-ਚਾਰ ਮਿੰਟਾਂ ਬਾਅਦ ਹਿਸਾਬ ਲਾ ਕੇ ਬੋਲਿਆ, “ਕਾਕਾ, ਤੇਰੀ ਗ੍ਰਹਿ-ਚਾਲ ਥੋੜ੍ਹੀ ਜਿਹੀ ਖਰਾਬ ਲੱਗਦੀ ਏ। ਇੱਕ ਪੇਪਰ ‘ਚੋਂ ਫੇਲ੍ਹ ਹੁੰਦਾ ਜਾਪਦੈਂ। ਕੀ ਕਹਿੰਦੇ ਐ ਉਸ ਨੂੰ ? ਹਾਂ …ਕੰਪਾਰਟਮੈਂਟ ਆ ਸਕਦੀ ਏ।”

ਜਸਵਿੰਦਰ ਦੇ ਮੂੰਹੋਂ ਅਚਾਨਕ ਨਿਕਲਿਆ, “ਪਰ ਮੈਂ ਤਾਂ …।”

“ਕੀ ? ਕਾਕਾ ਪੂਰਾ ਬੋਲ।” ਜੋਤਸ਼ੀ ਨੇ ਪੁੱਛਿਆ।

“ਮੈਂ ਤਾਂ ਦਸਵੀਂ ਦੇ ਪੇਪਰ ਦਿੱਤੇ ਈ ਨਹੀਂ। ਪੇਪਰ ਤਾਂ ਮੇਰੇ ਇਸ ਭਰਾ ਨੇ ਦਿੱਤੇ ਹੋਏ ਐ।”

ਜਸਵਿੰਦਰ ਦਾ ਉੱਤਰ ਸੁਣ ਕੇ ਜੋਤਸ਼ੀ ਗੁੱਸੇ ਵਿੱਚ ਲਾਲ-ਪੀਲਾ ਹੋ ਗਿਆ। ਉੱਚੀ-ਉੱਚੀ ਬੋਲਣ ਲੱਗਿਆ “ਆਪਣੇ ਤੋਂ ਵੱਡਿਆਂ ਨੂੰ ਮਜ਼ਾਕ ਕਰਦੇ ਓ … ਇਹ ਮਜ਼ਾਕ ਤੁਹਾਨੂੰ ਮਹਿੰਗਾ ਪਏਗਾ। ਤੁਹਾਨੂੰ ਬੜੇ ਕਸ਼ਟ ਆਉਣਗੇ।”

ਬਾਹਰ ਆ ਕੇ ਵਿਹੜੇ ਵਿੱਚ ਬੈਠੇ ਲੋਕਾਂ ਨੂੰ ਮੈਂ ਸਾਰੀ ਗੱਲ ਦੱਸੀ। ਸਭ ਸਮਝ ਗਏ ਕਿ ਇਹ ਜੋਤਸ਼ੀ ਨਾਂ ਦਾ ਹੀ ਜੋਤਸ਼ੀ ਹੈ। ਉਸ ਨੂੰ ਕਿਸੇ ਦੇ ਵਰਤਮਾਨ ਜਾਂ ਭੱਵਿਖ ਦਾ ਕੋਈ ਗਿਆਨ ਨਹੀਂ ਹੈ।
ਸੰਪਰਕ: 001-317-406-0002



News Source link
#ਮਸ਼ਹਰ #ਜਤਸ਼

- Advertisement -

More articles

- Advertisement -

Latest article