41.4 C
Patiāla
Monday, May 6, 2024

ਬਲਜੀਤ ਕੌਰ ਲਨਿਤਾ

Must read


ਹਰਪ੍ਰੀਤ ਬਰਾੜ ਸਿੱਧੂ

“ਬਲਜੀਤ ਕੌਰ ਲਨਿਤਾ” ਇਹ ਕਿਹੋ ਜਿਹਾ ਨਾਮ ਹੈ। ਮੇਰੇ ਨਿਯੁਕਤੀ ਪੱਤਰ ਉੱਤੇ ਇਹ ਨਾਮ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਕਿ ਅਗਲੇ ਹਫ਼ਤੇ ਤੋਂ ਮੈਂ ਇਸ ਦੇ ਨਾਲ ਹੀ ਕੰਮ ਕਰਨਾ ਹੈ। ਮੇਰੇ ਦਫ਼ਤਰ ਵਿੱਚ ਉਹ ਮੇਰੀ ਉੱਚ ਅਧਿਕਾਰੀ ਹੈ। ਸਾਰੇ ਹਫ਼ਤੇ ਇਹ ਨਾਮ ਮੇਰੇ ਦਿਮਾਗ਼ ਵਿੱਚ ਅੜਕਿਆ ਰਿਹਾ। ਮੇਰਾ ਦਿਮਾਗ਼ ਸੋਚ ਸੋਚ ਕੇ ਥੱਕ ਗਿਆ ਕਿ ਆਖਰ ਇਸ ਨਾਮ ਦੀ ਕਹਾਣੀ ਕੀ ਹੈ? ਪਹਿਲਾਂ ਸੋਚਿਆ ਕਿ ਕਿੰਨੇ ਲੋਕ ਪ੍ਰਦੇਸ ਆ ਕੇ ਗੋਰਿਆਂ ਦੀ ਦੇਖਾ-ਦੇਖੀ ਆਪਣੇ ਪੰਜਾਬੀ ਨਾਮ ਬਦਲ ਲੈਂਦੇ ਹਨ, ਇਹ ਵੀ ਉਨ੍ਹਾਂ ਵਿੱਚੋਂ ਹੀ ਇੱਕ ਹੋਵੇਗੀ। ਪਰ ਫੇਰ ਸੋਚਿਆ ਕਿ ਆਵਦਾ ਪਹਿਲਾ ਨਾਮ ਕਿਉਂ ਨਾਲ ਲਾਇਆ। ਫੇਰ ਸੋਚਿਆ ਕਿ ਖੌਰੇ ਕਿਸੇ ਗੋਰੇ ਨਾਲ ਵਿਆਹੀ ਹੋਵੇ। ਕਿੰਨੇ ਮੁੰਡੇ ਵੀ ਤਾਂ ਪੱਕੇ ਹੋਣ ਨੂੰ ਗੋਰੀਆਂ ਨਾਲ ਵਿਆਹ ਕਰ ਲੈਂਦੇ ਹਨ, ਇਸ ਕੁੜੀ ਨੇ ਵੀ ਕਰ ਲਿਆ ਹੋਊ, ਪਰ ਦਿਮਾਗ਼ ਕਿਸੇ ਸਿੱਟੇ ’ਤੇ ਨਾ ਪਹੁੰਚ ਸਕਿਆ ਅਤੇ ਇਸ ਉਧੇੜ ਬੁਣ ਵਿੱਚ ਹੀ ਸਾਰਾ ਹਫ਼ਤਾ ਲੰਘ ਗਿਆ।

ਜਿਸ ਦਿਨ ਦਫ਼ਤਰ ਪਹੁੰਚਿਆ ਤਾਂ ਅੰਦਰ ਜਾ ਕੇ ਦੇਖਿਆ ਤਾਂ ਇੱਕ ਸੋਹਣੀ ਸੁਨੱਖੀ ਪੰਜਾਬਣ ਕੁੜੀ ਬੈਠੀ ਸੀ। ਮੈਨੂੰ ਦੇਖ ਕੇ ਉਸ ਨੇ ਖੜ੍ਹੇ ਹੋ ਕੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਪੂਰੇ ਤਪਾਕ ਨਾਲ ਹਾਲ-ਚਾਲ ਵੀ ਪੁੱਛਿਆ। ਉਸ ਦੀ ਠੇਠ ਪੰਜਾਬੀ ਨੇ ਕਿਸੇ ਦੇ ਪਿੱਛੇ ਲੱਗ ਨਾਮ ਬਦਲਣ ਵਾਲੀ ਮੇਰੀ ਸੋਚ ਤਾਂ ਨਕਾਰਾ ਕਰ ਦਿੱਤੀ ਸੀ। ਫੇਰ ਚੰਦ ਮਿੰਟਾਂ ਦੀ ਗੱਲਬਾਤ ਵਿੱਚ ਹੀ ਉਸ ਨੇ ਇਹ ਵੀ ਦੱਸ ਦਿੱਤਾ ਕਿ ਉਹ ਅਗਲੇ ਮਹੀਨੇ ਦੇ ਅੰਤ ਵਿੱਚ ਵਿਆਹ ਕਰਾਉਣ ਪੰਜਾਬ ਜਾ ਰਹੀ ਹੈ। ਕਰੋਨਾ ਦੀਆਂ ਦਿੱਕਤਾਂ ਕਾਰਨ ਵਿਆਹ ਪੂਰਾ ਇੱਕ ਸਾਲ ਪਿੱਛੇ ਚਲਾ ਗਿਆ। ਹੁਣ ਮੇਰੇ ਸਾਰੇ ਤੁੱਕੇ ਗ਼ਲਤ ਪੈ ਗਏ ਸਨ, ਪਰ ਉਸ ਕੋਲੋਂ ਸੱਚ ਪੁੱਛਣ ਦੀ ਹਿੰਮਤ ਨਹੀਂ ਸੀ।

ਕੁਝ ਦਿਨਾਂ ਬਾਅਦ ਉਹ ਮੈਨੂੰ ਸ਼ਾਮ ਨੂੰ ਕਿਸੇ ਗੋਰੀ ਬਜ਼ੁਰਗ ਔਰਤ ਨਾਲ ਸੈਰ ਕਰਦੀ ਪਾਰਕ ਵਿੱਚ ਮਿਲੀ। ਫੇਰ ਉਸੇ ਹੀ ਤਪਾਕ ਨਾਲ ਮਿਲੀ ਅਤੇ ਕਿਹਾ ਕਿ ਇਹ ਮੇਰੀ ਮਾਂ ਹੈ, ‘ਸਟੈਲਾ’। ਉਸ ਦੀ ਮਾਂ ਨੇ ਵੀ ਮੇਰੇ ਨਾਲ ਉਸੇ ਸਨੇਹ ਨਾਲ ਗੱਲ ਕੀਤੀ। ਹੁਣ ਬੁਝਾਰਤ ਹੋਰ ਵੀ ਡੂੰਘੀ ਹੋ ਗਈ ਸੀ। ਮੇਰਾ ਮਨ ਬਸ ਤਹਿ ਤੱਕ ਜਾਣਾ ਚਾਹੁੰਦਾ ਸੀ। ਆਖਰ ਅਗਲੇ ਦਿਨ ਮੈਂ ਉਸ ਕੋਲ ਆਪਣੇ ਮਨ ਵਿਚਲਾ ਸਵਾਲ ਪੁੱਛ ਹੀ ਲਿਆ। ਉਹ ਪਹਿਲਾਂ ਖੁੱਲ੍ਹ ਕੇ ਹੱਸੀ ਅਤੇ ਫੇਰ ਸੰਜੀਦਾ ਹੋ ਕੇ ਦੱਸਣ ਲੱਗੀ ਕਿ ‘ਸਟੈਲਾ ਮਾਂ’ ਨਾਲ ਉਸ ਦਾ ਰਿਸ਼ਤਾ ਅੱਠ ਵਰ੍ਹੇ ਪੁਰਾਣਾ ਹੈ। ਜਦੋਂ ਉਹ ਨਵੀਂ ਨਵੀਂ ਪੰਜਾਬ ਤੋਂ ਆਈ ਤਾਂ ਕੁਝ ਹੋਰ ਕੁੜੀਆਂ ਨਾਲ ਏਜੰਟ ਨੇ ਰਹਿਣ ਦਾ ਇੰਤਜ਼ਾਮ ਕਰ ਦਿੱਤਾ ਸੀ। ਮੈਂ ਪਿੰਡਾਂ ਦੀ ਰਹਿਣ ਵਾਲੀ, ਤਾਜ਼ੀ ਤਾਜ਼ੀ ਬਾਰ੍ਹਵੀਂ ਕਰਕੇ ਆਈ ਦੇ ਤੌਰ-ਤਰੀਕੇ ਉਨ੍ਹਾਂ ਕੁੜੀਆਂ ਤੋਂ ਬਹੁਤ ਵੱਖ ਸਨ। ਨਾ ਉਨ੍ਹਾਂ ਨੂੰ ਮੈਂ ਪਸੰਦ ਆਈ ਤੇ ਨਾ ਉਨ੍ਹਾਂ ਦਾ ਰਹਿਣ ਸਹਿਣ ਮੇਰੇ ਹਜ਼ਮ ਹੋਇਆ। ਇਸ ਕਾਰਨ ਇੱਕ ਰਾਤ ਉਨ੍ਹਾਂ ਨੇ ਮੈਨੂੰ ਘਰੋਂ ਕੱਢ ਦਿੱਤਾ।

ਅਜੇ ਤਾਂ ਮੈਨੂੰ ਆਈ ਨੂੰ ਮਹੀਨਾ ਵੀ ਪੂਰਾ ਨਹੀਂ ਸੀ ਹੋਇਆ। ਨਾ ਕਿਸੇ ਨਾਲ ਜਾਣ ਨਾ ਪਛਾਣ। ਮੈਂ ਇੱਕ ਹੱਥ ਅਟੈਚੀ ਚੁੱਕ, ਦੂਜੇ ਮੋਢੇ ਉੱਤੇ ਬੈੱਗ ਪਾ ਰੋਂਦੀ ਰੋਂਦੀ ਸੜਕ ’ਤੇ ਆ ਗਈ। ਫੇਰ ਤੁਰਦੀ ਤੁਰਦੀ ਇੱਕ ਗਲੀ ਵਿੱਚ ਪਹੁੰਚ ਗਈ ਅਤੇ ਅਖੀਰ ਵਾਲੇ ਘਰ ਅੱਗੇ ਲੱਗੇ ਬੈਂਚ ਉੱਤੇ ਬੈਠ ਗਈ। ਕੁਝ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ? ਅਚਾਨਕ ਉਸ ਘਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ‘ਸਟੈਲਾ ਮਾਂ’ ਮੇਰੇ ਕੋਲ ਆ ਗਈ। ਉਹ ਮੇਰੀ ਗੱਲ ਸੁਣ ਕੇ ਮੈਨੂੰ ਅੰਦਰ ਲੈ ਗਈ। ਅੰਦਰ ਜਾ ਕੇ ਉਸ ਨੇ ਮੈਨੂੰ ਖਾਣ ਨੂੰ ਬਰੈੱਡ ਦਿੱਤਾ ਅਤੇ ਸੌਣ ਨੂੰ ਕਮਰਾ। ਆਪ ਮੇਜ਼ ਉੱਤੇ ਰੱਖੀ ਕਾਪੀ ਵਿੱਚ ਕੁਝ ਲਿਖ ਕੇ ਸੌਂ ਗਈ।

ਅਗਲੀ ਸਵੇਰ ਨਰਸ ਆਈ ਤੋਂ ਮੈਨੂੰ ਪਤਾ ਲੱਗਾ ਕਿ ‘ਸਟੈਲਾ ਮਾਂ’ ਨੂੰ ਭੁੱਲਣ ਦੀ ਬਿਮਾਰੀ ਹੈ ਅਤੇ ਮੇਰੇ ਬਾਰੇ ਯਾਦ ਰੱਖਣ ਲਈ ਹੀ ਉਸ ਨੇ ਕਾਪੀ ਵਿੱਚ ਲਿਖ ਕੇ ਰੱਖਿਆ ਸੀ। ਜਦੋਂ ਨਰਸ ਨੇ ਉਸ ਨੂੰ ਪੁੱਛਿਆ ਕਿ ਮੈਂ ਕੌਣ ਹਾਂ? ਤਾਂ ਉਸ ਨੇ ਝੱਟ ਜਵਾਬ ਦਿੱਤਾ, “ਮੇਰੀ ਧੀ ਲਨਿਤਾ”। ਮੇਰੇ ਆਪ ਮੁਹਾਰੇ ਅੱਖਾਂ ਵਿੱਚ ਹੰਝੂ ਆ ਗਏ। ਮਾਂ ਦੀ ਕਹਾਣੀ ਨੇ ਮੈਨੂੰ ਅੰਦਰ ਤੱਕ ਹਲੂਣ ਦਿੱਤਾ ਸੀ। ਸਤਾਰਾਂ ਵਰ੍ਹੇ ਦੀ ਉਮਰ ਵਿੱਚ ਉਸ ਦਾ ਵਿਆਹ, ਤੇਈ ਸਾਲ ਦੇ ਰਿਚਰਡ ਨਾਲ ਹੋ ਗਿਆ ਸੀ। ਉਹ ਇੱਕ ਜੰਗੀ ਪਾਇਲਟ ਸੀ। ਜਦੋਂ ਇਹ ਜੋੜਾ ਆਪਣਾ ਪਹਿਲਾ ਬੱਚਾ ਉਡੀਕ ਰਿਹਾ ਸੀ ਤਾਂ ਇਨ੍ਹਾਂ ਨੇ ਆਪਣਾ ਬੱਚਾ ਜਨਮ ਹੋਣ ਤੋਂ ਪਹਿਲਾਂ ਹੀ ਖੋਅ ਦਿੱਤਾ ਸੀ। ਰਿਚਰਡ ਪੂਰੇ ਸਾਲ ਦੀ ਛੁੱਟੀ ਲੈ ਕੇ ਘਰ ਆ ਗਿਆ। ਦੋਵੇਂ ਸੋਹਣੀ ਜ਼ਿੰਦਗੀ ਬਿਤਾ ਰਹੇ ਸਨ। ਆਪਣੇ ਸੋਹਣੇ ਭਵਿੱਖ ਦੀਆਂ ਯੋਜਨਾਵਾਂ ਬਣਾ ਰਹੇ ਸਨ। ਰਿਚਰਡ ਚਾਹੁੰਦਾ ਸੀ ਕਿ ਉਨ੍ਹਾਂ ਦੇ ਘਰ ਧੀ ਹੋਵੇ ਅਤੇ ਉਹ ਉਸ ਦਾ ਨਾਮ ਲਨਿਤਾ ਰੱਖਣਗੇ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਿਚਰਡ ਦੀ ਅਚਾਨਕ ਛੁੱਟੀ ਰੱਦ ਹੋ ਗਈ ਅਤੇ ਉਹ ਕਦੇ ਮੁੜ ਕੇ ਹੀ ਨਾ ਆਇਆ। ਇੱਕੀ ਸਾਲ ਦੀ ਉਮਰੇ ਸਟੈਲਾ ਮਾਂ ਵਿਧਵਾ ਹੋ ਗਈ ਸੀ।

ਉਸ ਦੇ ਮਾਂ-ਬਾਪ ਨੇ ਉਸ ਦਾ ਮੁੜ ਵਿਆਹ ਕਰਨ ਲਈ ਬਹੁਤ ਜ਼ੋਰ ਪਾਇਆ, ਪਰ ਸਟੈਲਾ ਨੇ ਕਿਸੇ ਦੀ ਗੱਲ ਨਹੀ ਮੰਨੀ ਅਤੇ ਰਿਚਰਡ ਦੀਆਂ ਯਾਦਾਂ ਨੂੰ ਹੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਪੜ੍ਹਣ ਲੱਗ ਪਈ, ਕਈ ਨੌਕਰੀਆਂ ਵੀ ਕੀਤੀਆਂ, ਪਰ ਦਿਮਾਗ਼ੀ ਤੌਰ ’ਤੇ ਕਮਜ਼ੋਰ ਹੁੰਦੀ ਗਈ। ਮਾਂ-ਬਾਪ ਦੇ ਜਾਣ ਬਾਅਦ ਹੋਰ ਵੀ ਇਕੱਲੀ ਹੋ ਗਈ। ਜੇ ਕੁਝ ਯਾਦ ਹੈ ਤਾਂ ਰਿਚਰਡ ਅਤੇ ਆਪਣੀ ਅਣਜੰਮੀ ਧੀ ‘ਲਨਿਤਾ’। ਮਾਂ ਨੇ ਮੈਨੂੰ ਲਨਿਤਾ ਬਣਾ ਲਿਆ ਹੈ ਤੇ ਮੈਂ ਉਸ ਨੂੰ ਮਾਂ। ਹੁਣ ਤਾਂ ਉਸ ਦੀ ਸਿਹਤ ਵੀ ਪਹਿਲਾਂ ਨਾਲੋਂ ਬਹੁਤ ਬਿਹਤਰ ਹੋ ਗਈ ਹੈ। ਅਗਲੇ ਮਹੀਨੇ ਮੇਰੇ ਨਾਲ ਮੇਰੇ ਵਿਆਹ ’ਤੇ ਵੀ ਜਾ ਰਹੀ ਹੈ ਅਤੇ ਉਹ ਕੌਫ਼ੀ ਦਾ ਕੱਪ ਮੁਕਾ ਕੇ ਫਿਰ ਆਪਣੇ ਚਿਹਰੇ ਉੱਤੇ ਸੋਹਣੀ ਮੁਸਕਾਨ ਸਜਾ ਕੇ ਚਲੀ ਗਈ। ਮੈਂ ਉਸ ਨੂੰ ਦੇਖਦਾ ਹੋਇਆ ਸੋਚ ਰਿਹਾ ਸੀ ਕਿ ਲੋਕਾਂ ਤੋਂ ਆਪਣੇ ਇੱਕ ਨਾਮ ਨਾਲ ਇਨਸਾਫ ਨਹੀਂ ਹੁੰਦਾ ਅਤੇ ‘ਬਲਜੀਤ ਕੌਰ ਲਨਿਤਾ’ ਦੋਵਾਂ ਨਾਮਾਂ ਦੇ ਫਰਜ਼ ਬਾਖੂਬੀ ਨਾਲ ਨਿਭਾ ਰਹੀ ਹੈ।



News Source link
#ਬਲਜਤ #ਕਰ #ਲਨਤ

- Advertisement -

More articles

- Advertisement -

Latest article