39.3 C
Patiāla
Friday, May 17, 2024

ਗੈਂਗਸਟਰ ਅਕਾਲੀ-ਕਾਂਗਰਸੀਆਂ ਨੇ ਪੈਦਾ ਕੀਤੇ, ਖ਼ਤਮ ਅਸੀਂ ਕਰਾਂਗੇ: ਮਾਨ

Must read


ਪੱਤਰ ਪ੍ਰੇਰਕ

ਦਿੜ੍ਹਬਾ ਮੰਡੀ, 17 ਜੂਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੈਂਗਸਟਰ ਅਕਾਲੀ ਤੇ ਕਾਂਗਰਸੀਆਂ ਨੇ ਬਣਾਏ ਹਨ ਤੇ ਹੁਣ ਉਹ ਇਨ੍ਹਾਂ ਗੈਂਗਸਟਰਾਂ ਦੀ ਸਫ਼ਾਈ ਕਰਨਗੇ। ਉਨ੍ਹਾਂ ਨੇ ਇਹ ਗੱਲ ਅੱਜ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਪਿੰਡਾਂ ਵਿੱਚ ਰੋਡ ਸ਼ੋਅ ਦੌਰਾਨ ਕਹੀ।

ਦਿੜ੍ਹਬਾ ਵਿੱਚ ਇਕੱਠ ਦੌਰਾਨ ਸ੍ਰੀ ਮਾਨ ਨੇ ਕਿਹਾ, ‘‘ਸੁਖਬੀਰ ਸਿੰਘ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਲਈ ਵੋਟਾਂ ਮੰਗ ਰਹੇ ਹਨ। ਮੈਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਹਾਂ ਪਰ ਜੇਕਰ ਸੰਸਦ ਮੈਂਬਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਸਕਦੇ ਹਨ ਤਾਂ ਫਿਰ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਹਨ, ਉਨ੍ਹਾਂ ਨੇ ਬੰਦੀ ਸਿੰਘਾਂ ਨੂੰ ਛੁਡਾਉਣ ਲਈ ਯਤਨ ਕਿਉਂ ਨਹੀਂ ਕੀਤੇ? ਅਸਲ ਵਿੱਚ ਬੰਦੀ ਸਿੰਘਾਂ ਨੂੰ ਜਿਸ ਕਾਨੂੰਨ ਰਾਹੀਂ ਸਜ਼ਾ ਦਿੱਤੀ ਹੈ, ਉਸੇ ਕਾਨੂੰਨ ਰਾਹੀਂ ਬਾਹਰ ਆਉਣਗੇ।’’ ਭਾਜਪਾ ਦੇ ਉਮੀਦਵਾਰ ਕੇਵਲ ਢਿੱਲੋਂ ’ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ ਕਿ ਢਿੱਲੋਂ ਸਿਰਫ ਜੈਕਟ ਬਦਲਦੇ ਹਨ। ਉਨ੍ਹਾਂ ਜੈਕਟ ਕਾਂਗਰਸ ਦੀ ਪਾਈ ਹੋਈ ਹੈ ਅਤੇ ਚੋਣ ਨਿਸ਼ਾਨ ਭਾਜਪਾ ਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਗੁਰਮੇਲ ਘਰਾਚੋਂ ਦੇ ਸਮਰਥਨ ਦੀ ਅਪੀਲ ਕੀਤੀ।

ਚੀਮਾ ਮੰਡੀ (ਪੱਤਰ ਪ੍ਰੇਰਕ): ਚੀਮਾ ਮੰਡੀ ਇਲਾਕੇ ਵਿੱਚ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਕਿਸੇ ਵੀ ਹਾਲਤ ਵੀ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਜ਼ਰੂਰ ਖਾਣੀ ਪਵੇਗੀ। ਮਾਨ ਨੇ ਕਿਹਾ ਕਿ ਉਹ ਲੋਕਾਂ ਦਾ ਇੱਕ ਵੀ ਪੈਸਾ ਨਹੀਂ ਖਾਣਗੇ ਤੇ ਹੋਰਾਂ ਵੱਲੋਂ ਖਾਧੇ ਰੁਪਏ ਸਰਕਾਰ ਦੇ ਖਜ਼ਾਨੇ ਵਿੱਚ ਵਾਪਸ ਲਿਆ ਕੇ ਸੂਬੇ ਦੇ ਵਿਕਾਸ ਲਈ ਵਰਤੇ ਜਾਣਗੇ।

ਲਹਿਰਾਗਾਗਾ (ਪੱਤਰ ਪ੍ਰੇਰਕ): ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਰਿਸ਼ਵਤ ਖਾਣ ਦੀ ਬਜਾਏ ਸਲਫਾਸ ਖਾਣ ਨੂੰ ਪਹਿਲ ਦੇਣਗੇ। ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਆਪਣੀ ਗੱਡੀ ਕਿਸੇ ਕਾਰਨ ਛੱਡਦਿਆਂ ਕਿਹਾ ਕਿ ਪੁਲੀਸ ਅਧਿਕਾਰੀ ਸਸਪੈਂਡ ਹੋਣ ਤੋਂ ਡਰਦੇ ਸਨ ਪਰ ਉਨ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਸਕਿਉਰਿਟੀ ਦੀ ਬਹੁਤੀ ਲੋੜ ਨਹੀਂ ਹੈ। ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ 6,000 ਏਕੜ ਜ਼ਮੀਨ ਛੁਡਵਾ ਦਿੱਤੀ ਅਤੇ ਅਗਲੇ ਗੇੜ ’ਚ ਵੱਡਿਆ ਕੋਲੋਂ 60,000 ਏਕੜ ਜ਼ਮੀਨ ਛੁਡਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸਖ਼ਤ ਕਦਮ ਚੁੱਕਦਿਆਂ ਖਜ਼ਾਨਾ ਭਰ ਕੇ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ।

ਪਾਤੜਾਂ (ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਰਵਾਣਾ ਰੋਡ ਉੱਤੇ ਲੇਬਰ ਚੌਕ ਵਿੱਚ ਆਪਣਾ ਕਾਫ਼ਲਾ ਰੋਕ ਕੇ ਮਜ਼ਦੂਰਾਂ ਦਾ ਹਾਲ ਚਾਲ ਜਾਣਿਆ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮੁੱਖ ਮੰਤਰੀ ਮਾਨ ਸੰਗਰੂਰ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਰੋਡ ਸ਼ੋਅ ਲਈ ਖਨੌਰੀ ਜਾ ਰਹੇ ਸਨ। ਮਜ਼ਦੂਰਾਂ ਨਾਲ ਗੱਲਬਾਤ ਦੌਰਾਨ ਵਿਰੋਧੀ ਪਾਰਟੀਆਂ ’ਤੇ ਵਿਅੰਗ ਕੱਸਦਿਆਂ ਸ੍ਰੀ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਤਾਂ ਤੀਸਰੇ ਨੰਬਰ ’ਤੇ ਆਉਣ ਦੀ ਲੜਾਈ ਲੜ ਰਹੇ ਹਨ। ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਪਹਿਲਾਂ ਜਿਤਾ ਕੇ ਦੇਖ ਹੀ ਲਿਆ ਹੈ ਕਿ ਉਨ੍ਹਾਂ ਹਲਕੇ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਤਾਂ ਪੰਜਾਬ ਵਿੱਚ ਖਾਤਾ ਖੁੱਲ੍ਹਣਾ ਵੀ ਮੁਸ਼ਕਲ ਹੈ ਅਤੇ ‘ਆਪ’ਦੀ ਸੰਗਰੂਰ ਤੋਂ ਵੱਡੇ ਬਹੁਮਤ ਨਾਲ ਜਿੱਤ ਹੋਵੇਗੀ। ਇਸੇ ਦੌਰਾਨ ਸਰਕਾਰ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਜ਼ਿਲ੍ਹਾ ਸੰਗਰੂਰ, ਜ਼ਿਲ੍ਹਾ ਬਰਨਾਲਾ ਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕੇ ਵਿੱਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 23 ਜੂਨ ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ।

ਪ੍ਰਚਾਰ ਦੌਰਾਨ ਤਿੰਨ ਪਿੰਡਾਂ ’ਚ ਮੁੱਖ ਮੰਤਰੀ ਦੇ ਰੋਡ ਸ਼ੋਅ ਦਾ ਵਿਰੋਧ

ਲੌਂਗੋਵਾਲ ਵਿੱਚ ਮੁੱਖ ਮੰਤਰੀ ਦੇ ਰੋਡ ਸ਼ੋਅ ਦਾ ਵਿਰੋਧ ਕਰਨ ਪੁੱਜੇ ਮਜ਼ਦੂਰਾਂ ਨੂੰ ਸ਼ਾਂਤ ਕਰਦੀ ਹੋਈ ਪੁਲੀਸ।

ਸੰਗਰੂਰ/ਲੌਂਗੋਵਾਲ/ਖਨੌਰੀ : ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਪਾਰਟੀ ਉਮੀਦਵਾਰ ਦੇ ਹੱਕ ਵਿਚ ਅੱਜ ਦੂਜੇ ਦਿਨ ਕੀਤੇ ਜਾ ਰਹੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਲਹਿਰਾ ਹਲਕੇ ਦੇ ਪਿੰਡ ਮੰਡਵੀਂ ਅਤੇ ਸੁਨਾਮ ਹਲਕੇ ਦੇ ਕਸਬਾ ਲੌਂਗੋਵਾਲ ਅਤੇ ਸ਼ੇਰੋਂ ਵਿਚ ਵਿਰੋਧ ਕੀਤਾ ਗਿਆ। ਲੌਂਗੋਵਾਲ ਵਿਚ ਮਜ਼ਦੂਰ ਔਰਤਾਂ ਵਲੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵਿਰੋਧ ਕੀਤਾ ਗਿਆ। ਵਿਰੋਧ ਦੀ ਵਜ੍ਹਾ ਇਹ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਜ਼ਦੂਰ ਜਥੇਬੰਦੀਆਂ ਦੀ ਮੁੱਖ ਮੰਤਰੀ ਨਾਲ 17 ਜੂਨ ਦੀ ਚੰਡੀਗੜ੍ਹ ਵਿਚ ਮੀਟਿੰਗ ਤੈਅ ਕਰਵਾਈ ਸੀ ਪਰ ਮੁੱਖ ਮੰਤਰੀ ਸੰਗਰੂਰ ਸੰਸਦੀ ਹਲਕੇ ਵਿਚ ਰੋਡ ਸ਼ੋਅ ਕਰਨ ਵਿਚ ਰੁੱਝੇ ਰਹੇ। ਪਿੰਡ ਸ਼ੇਰੋਂ ਵਿਚ ਸਿੱਖ ਜਥੇਬੰਦੀ ਦੇ ਕਾਰਕੁਨ ਨੇ ਪੰਜਾਬ ਦੇ ਮੌਜੂਦਾ ਨਿੱਘਰਦੇ ਹਾਲਾਤ ਕਾਰਨ ਮੁੱਖ ਮੰਤਰੀ ਵੱਲ ਚੱਪਲ ਵੀ ਸੁੱਟਣੀ ਚਾਹੀ ਜਿਸ ਨੂੰ ਸੁਰੱਖਿਆ ਦਸਤਿਆਂ ਨੇ ਨਾਕਾਮ ਬਣਾ ਦਿੱਤਾ।





News Source link

- Advertisement -

More articles

- Advertisement -

Latest article