37.4 C
Patiāla
Wednesday, May 15, 2024

ਮਾਸੀ

Must read


ਸੁਰਿੰਦਰ ਸਿੰਘ ਰਾਏ

”ਵੇਖੋ ਨਾ, ਫਿਰ ਵੀ ਐਨੇ ਸਮੇਂ ਬਾਅਦ ਮੈਨੂੰ ਈ ਮਿਲਣ ਆਉਣਾ ਪਿਐ। ਨਾ ਮੇਰੀ ਭੈਣ ਦਾ ਦਿਲ ਕੀਤਾ ਤੇ ਨਾ ਭਾਣਜੇ ਦਾ। ਮੈਂ ਤਾਂ ਪਰਖ ਲਿਆ, ਅੱਜ ਕੱਲ੍ਹ ਸਭ ਮਤਲਬ ਦੇ ਈ ਨੇ।” ਹੁਨਾਲ ਦੀ ਰੁੱਤੇ ਬੱਸ ਦੇ ਸਫ਼ਰ ਕਾਰਨ ਥੱਕੀ-ਟੁੱਟੀ ਮਾਸੀ ਸਾਡੇ ਘਰ ਪਹੁੰਚਦੇ ਹੀ ਬਿਫਰ ਕੇ ਬੋਲੀ।

”ਮਾਸੀ ਤੇ ਗੁੱਸਾ। ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ। ਮਾਸੀ, ਸਭ ਠੀਕ ਠਾਕ ਤਾਂ ਹੈ।” ਮੈਂ ਮਾਸੀ ਦਾ ਗੁੱਸਾ ਸ਼ਾਂਤ ਕਰਨ ਲਈ ਹੱਸਦਿਆਂ ਆਖਿਆ।

”ਹਾਂ, ਠੀਕ ਆ, ਗੁਰਸ਼ਾਨ। ਟਾਈਮ ਪਾਸ ਹੋਈ ਜਾਂਦੈ।” ਮਾਸੀ ਨੇ ਸੰਖੇਪ ਜਿਹਾ ਜੁਆਬ ਦਿੱਤਾ।

”ਮਾਸੜ ਦਾ ਕੀ ਹਾਲ ਆ?” ਮੈਂ ਪੁੱਛਿਆ।

”ਠੀਕ ਨੇ।”

”ਉਨ੍ਹਾਂ ਨੂੰ ਵੀ ਨਾਲ ਲਿਆਉਣਾ ਸੀ।”

”ਮੈਂ ਆਖਿਆ ਈ ਨਹੀਂ।”

”ਮਾਸੀ, ਕੁਲਬੀਰ ਸ਼ਹਿਰ ਵਿੱਚ ਈ ਨੌਕਰੀ ਕਰਦਾ ਕਿ ਬਦਲੀ ਕਿਸੇ ਹੋਰ ਥਾਂ ਦੀ ਕਰਾ ਲਈ ਆ।” ਮੈਂ ਗੱਲ ਅੱਗੇ ਤੋਰੀ।

”ਸ਼ਹਿਰ ਵਿੱਚ ਈ ਆ। ਸਵੇਰੇ ਅੱਠ ਵਜੇ ਘਰੋਂ ਨਿਕਲ ਜਾਂਦਾ ਤੇ ਨ੍ਹੇਰੇ ਹੋਏ ਘਰ ਮੁੜਦਾ।” ਮਾਸੀ ਰੁੱਖਾ ਜਿਹਾ ਬੋਲੀ।

”ਮਾਸੀ, ਕਮਲੇਸ਼ ਦਾ ਕੀ ਹਾਲ ਐ?” ਮੈਂ ਆਪਣੀ ਭਰਜਾਈ ਬਾਰੇ ਪੁੱਛਿਆ।

”ਉਹ ਵੀ ਠੀਕ ਆ। ਸਕੂਲੋਂ ਪੜ੍ਹਾ ਕੇ ਆ ਕੇ ਸੌਂ ਜਾਂਦੀ ਆ। ਫਿਰ ਸੋਨੂੰ ਤੇ ਡਿੰਪੀ ਨੂੰ ਖਿਡਾਉਣ ਬਹਿ ਜਾਂਦੀ ਆ। ਤੈਨੂੰ ਪਤਾ ਈ ਆ, ਅੱਜਕੱਲ੍ਹ ਦੀਆਂ ਪੜ੍ਹੀਆਂ ਲਿਖੀਆਂ ਬਹੂਆਂ ਕਿਵੇਂ ਦੀਆਂ ਨੇ।” ਮਾਸੀ ਨੇ ਗੋਲ-ਮੋਲ ਜਿਹਾ ਜੁਆਬ ਦੇ ਕੇ ਗੱਲ ਨਿਬੇੜ ਦਿੱਤੀ।

ਮਾਸੀ ਨਾਲ ਮੈਂ ਢੇਰ ਸਾਰੀਆਂ ਗੱਲਾਂ ਕਰ ਲਈਆਂ ਸਨ। ਉਸ ਤੋਂ ਸਾਰੇ ਪਰਿਵਾਰ ਦੀ ਸੁੱਖ-ਸਾਂਦ ਪੁੱਛਣ ਤੋਂ ਬਾਅਦ ਅਸੀਂ ਸਭ ਨੇ ਇਕੱਠਿਆਂ ਚਾਹ ਵੀ ਪੀ ਲਈ ਸੀ, ਪਰ ਮਾਸੀ ਆਪਣੇ ਆਪ ਕੋਈ ਗੱਲ ਨਾ ਛੇੜਦੇ। ਜਿੰਨਾ ਪੁੱਛੋ, ਓਨਾ ਹੀ ਜੁਆਬ ਦੇ ਕੇ ਝੱਟ ਚੁੱਪੀ ਸਾਧ ਲੈਂਦੇ। ਮੇਰੇ ਮਾਤਾ ਜੀ ਕਈ ਗੱਲਾਂ ਵਿੱਚ ਉਸ ਨੂੰ ਮਜ਼ਾਕ ਵੀ ਕਰਦੇ, ਪਰ ਫਿਰ ਵੀ ਉਹ ਮੂੰਹ ਨਾ ਖੋਲ੍ਹਦੀ, ਜਿਵੇਂ ਕਿਸੇ ਰੋਸ ਧਰਨੇ ‘ਤੇ ਬੈਠੀ ਹੋਵੇ। ਹਰ ਸਮੇਂ ਹਸੂੰ-ਹਸੂੰ ਕਰਦੇ ਰਹਿਣ ਵਾਲੀ ਮਾਸੀ ਅੱਜ ਦਿਲਗੀਰ ਸੀ।

ਮਾਸੀ ਨੂੰ ਆਇਆਂ ਦੋ-ਤਿੰਨ ਘੰਟੇ ਹੋ ਗਏ ਸਨ, ਪਰ ਅਜੇ ਤੱਕ ਵੀ ਉਹ ਓਦਰੀ-ਓਦਰੀ ਜਿਹੀ ਹੀ ਬੈਠੀ ਸੀ। ਹਰ ਗੱਲ ਦਾ ਰੁੱਖਾ ਤੇ ਸੰਕੋਚਵਾਂ ਜੁਆਬ ਦੇ ਕੇ ਟਾਲਾ ਵੱਟਣ ਦੀ ਕੋਸ਼ਿਸ਼ ਵਿੱਚ ਹੀ ਰਹਿੰਦੀ ਸੀ।

”ਮਾਸੀ, ਤੁਹਾਡੀ ਸਿਹਤ ਠੀਕ ਏ?” ਮੈਂ ਪੁੱਛਿਆ। ਮੈਂ ਕੋਈ ਨਾ ਕੋਈ ਗੱਲ ਸ਼ੁਰੂ ਕਰਕੇ ਮਾਸੀ ਦੀ ਮਨੋਦਸ਼ਾ ਨੂੰ ਟੋਹਣ ਦੇ ਚੱਕਰ ਵਿੱਚ ਸਾਂ।

”ਗੁਰਸ਼ਾਨ, ਭਲਾ ਮੇਰੀ ਸਿਹਤ ਨੂੰ ਕੀ ਹੋਇਆ। ਚੰਗੀ ਭਲੀ ਘੋੜੇ ਅਰਗੀ ਪਈ ਆਂ।” ਉਸ ਨੇ ਹਿਰਖਦਿਆਂ ਆਖਿਆ।

”ਨਹੀਂ, ਨਹੀਂ, ਮਾਸੀ। ਮੇਰਾ ਕਹਿਣ ਦਾ ਮਤਲਬ, ਅੱਜ ਤੁਹਾਡਾ ਚਿਹਰਾ ਉਤਰਿਆ-ਉਤਰਿਆ ਜਿਹਾ ਜਾਪਦੈ।”

”ਤੈਨੂੰ ਐਵੇਂ ਜਾਪਦੈ। ਮੈਂ ਤਾਂ ਬਿਲਕੁਲ ਠੀਕ ਹਾਂ। ਅੱਜ ਗਰਮੀ ਬਹੁਤ ਐ ਨਾ। ਬੱਸ ਅੱਡੇ ਤੋਂ ਪੈਦਲ ਤੁਰ ਕੇ ਆਈ ਆਂ।”

”ਮਾਸੀ, ਤੁਸੀਂ ਇਉਂ ਕਰੋ, ਘੰਟਾ ਕੁ ਆਰਾਮ ਕਰ ਲਓ। ਤੁਹਾਨੂੰ ਗਰਮੀ ਲੱਗ ਗਈ ਹੋਣੀ ਆਂ।” ਮੈਂ ਸਲਾਹ ਦਿੱਤੀ।

”ਸੁਮੀਤ! ਮਾਸੀ ਨੂੰ ਨਿੰਬੂ ਪਾ ਕੇ ਠੰਢਾ ਲਿਮਕਾ ਪਿਆ। ਥੋੜ੍ਹੀ ਜਿਹੀ ਗਰਮੀ ਤੋਂ ਰਾਹਤ ਮਿਲੇ।” ਨਾਲ ਲੱਗਦਿਆਂ ਹੀ ਮੈਂ ਆਪਣੀ ਪਤਨੀ ਨੂੰ ਆਖਿਆ।

”ਸੁਮੀਤ, ਬੇਟਾ ਅਜੇ ਮੈਂ ਕੁਝ ਨਹੀਂ ਪੀਣਾ। ਅਜੇ ਤਾਂ ਚਾਹ ਬਿਸਕੁਟਾਂ ਨਾਲ ਈ ਪੇਟ ਆਫਰਿਆ ਪਿਐ। ਬਸ, ਮੈਂ ਤਾਂ ਘੰਟਾ ਕੁ ਆਰਾਮ ਈ ਕਰਨੈ।” ਮਾਸੀ ਤੁਰੰਤ ਬੋਲੀ।

”ਮਾਸੀ ਜੀ, ਜੇ ਲਿਮਕਾ ਨਹੀਂ ਪੀਣਾ ਤਾਂ ਮੈਂ ਠੰਢਾ ਦੁੱਧ ਲਿਆ ਦਿੰਨੀ ਆਂ। ਕੁਝ ਤਾਂ ਪੀਣਾ ਈ ਪਊਗਾ। ਗਰਮੀ ਨੇ ਤਾਂ ਅੱਜ ਉਂਜ ਹੀ ਵੱਟ ਕੱਢੇ ਪਏ ਨੇ।” ਸੁਮੀਤ ਨੇ ਮਾਸੀ ਨੂੰ ਕੁਝ ਨਾ ਕੁਝ ਪਿਲਾਉਣ ਲਈ ਵਧੇਰੇ ਗਰਮੀ ਹੋਣ ਦਾ ਵਾਸਤਾ ਪਾਇਆ।

”ਬੇਟਾ ਨਹੀਂ, ਮੇਰਾ ਅਜੇ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ। ਮੈਂ ਕੋਈ ਪ੍ਰਾਹੁਣੀ ਆਂ। ਜਦੋਂ ਲੋੜ ਹੋਊ, ਮੈਂ ਆਪੇ ਆਖ ਦੇਊਂ।” ਮਾਸੀ ਨੇ ਸਖ਼ਤੀ ਨਾਲ ਖੁਸ਼ਕ ਜਿਹਾ ਜੁਆਬ ਦੇ ਕੇ ਸੁਮੀਤ ਨੂੰ ਹਟਕ ਦਿੱਤਾ।

ਮਾਸੀ ਹਰ ਗੱਲ ਦਾ ਤੁਰਸ਼-ਮਿਜ਼ਾਜੀ ਜਿਹੇ ਢੰਗ ਨਾਲ ਜੁਆਬ ਦੇ ਰਹੀ ਸੀ। ਭਾਵੇਂ ਉਹ ਅੰਦਰੋਂ ਬੇਚੈਨ ਜਾਪਦੀ ਸੀ, ਪਰ ਫਿਰ ਵੀ ਉਹ ਆਪਣੀ ਹਰ ਗੱਲ ਨੂੰ ਕੱਜ-ਵਲੇਟ ਕੇ ਪੇਸ਼ ਕਰਨ ਦਾ ਯਤਨ ਕਰ ਰਹੀ ਸੀ। ਉਹ ਮਸੋਸੀ ਇਵੇਂ ਬੈਠੀ ਸੀ, ਜਿਵੇਂ ਕੋਈ ਫ਼ਿਲਾਸਫ਼ਰ ਆਪਣੇ ਆਪ ਵਿੱਚ ਖੋਇਆ ਖ਼ੁਦ ਨਾਲ ਹੀ ਕੋਈ ਗੰਭੀਰ ਸੰਵਾਦ ਰਚਾ ਰਿਹਾ ਹੋਵੇ। ਮਾਸੀ ਦੇ ਇਸ ਤਰ੍ਹਾਂ ਦੇ ਵਿਵਹਾਰ ਨੇ ਸਾਡੇ ਸਾਰੇ ਟੱਬਰ ਨੂੰ ਅਚੰਭੇ ਵਿੱਚ ਪਾਇਆ ਹੋਇਆ ਸੀ।

”ਅਵਤਾਰ ਕੌਰੇ! ਅੱਜ ਤੈਨੂੰ ਕਿਵੇਂ ਸਾਡੇ ਪਿੰਡ ਦਾ ਰਾਹ ਲੱਭ ਆਇਆ। ਤੈਨੂੰ ਮਿਲਿਆਂ ਤਾਂ ਮੁੱਦਤਾਂ ਈ ਹੋ ਗਈਆਂ ਨੇ। ਮੁੰਡਾ ਤਾਂ ਤੈਂ ਕੀ ਵਿਆਹਿਐ, ਤੂੰ ਤਾਂ ਮਿਲਣੋਂ ਵੀ ਗਈ।” ਸਾਡੇ ਘਰ ਆਈ ਇੱਕ ਗੁਆਂਢਣ ਨੇ ਮਾਸੀ ਨੂੰ ਚਾਣਚੱਕ ਵੇਖ ਕੇ ਉੱਚੀ ਦੇਣੀ ਆਖਿਆ।

ਆਪਣੀ ਪੁਰਾਣੀ ਸਹੇਲੀ ਨੂੰ ਵੇਖ ਕੇ ਮਾਸੀ ਦਾ ਮੁਰਝਾਇਆ ਚਿਹਰਾ ਇਕਦਮ ਫੁੱਲ ਵਾਂਗ ਖਿੜ ਗਿਆ। ਮਾਸੀ ਉਸ ਨੂੰ ਮਿਲਣ ਲਈ ਮੰਜੇ ਤੋਂ ਇਉਂ ਉੱਠੀ ਜਿਵੇਂ ਬਿਜਲੀ ਦਾ ਝਟਕਾ ਲੱਗਾ ਹੋਵੇ। ਉਸ ਦੇ ਦੀਦਿਆਂ ਦੇ ਆਨੇ ਤੇਜ਼ੀ ਨਾਲ ਇੱਧਰ-ਉੱਧਰ ਹਰਕਤ ਕਰਨ ਲੱਗੇ। ਉਹ ਗੁਆਂਢਣ ਨੂੰ ਆਪਣੀ ਗਲਵੱਕੜੀ ਵਿੱਚ ਘੁੱਟ ਕੇ ਹਾਸੇ ਦੀਆਂ ਫੁਹਾਰਾਂ ਬਿਖੇਰਦੀ ਹੋਈ ਮਿਲੀ। ਉਸ ਦਾ ਚਿਹਰਾ ਦਗ-ਦਗ ਕਰ ਰਿਹਾ ਸੀ। ਮਾਸੀ ਦਾ ਅਪਸੈੱਟ ਹੋਇਆ ਮੂਡ ਖ਼ੁਸ਼ ਵੇਖ ਕੇ ਸਾਡੇ ਸਾਰੇ ਟੱਬਰ ਦੇ ਚਿਹਰਿਆਂ ‘ਤੇ ਵੀ ਇੱਕ ਸੁੰਦਰ ਮੁਸਕਾਨ ਖੇਡ ਰਹੀ ਸੀ।

”ਭੈਣੇ! ਹੋਰ ਸੁਣਾ। ਸਾਰਾ ਟੱਬਰ ਸੁੱਖ-ਸਾਂਦ ਆ?” ਗੁਆਂਢਣ ਨੇ ਮਾਸੀ ਨੂੰ ਪੁੱਛਿਆ।

”ਭੈਣ, ਵਾਹਿਗੁਰੂ ਦੀ ਮਿਹਰ ਆ।” ਮਾਸੀ ਖ਼ੁਸ਼ ਹੋ ਕੇ ਬੋਲੀ।

”ਕੁਲਬੀਰ ਤੇ ਵਹੁਟੀ ਦਾ ਕੀ ਹਾਲ ਆ?”

”ਕੁਲਬੀਰ ਸ਼ਹਿਰ ਦੇ ਬੈਂਕ ਵਿੱਚ ਮੈਨੇਜਰ ਲੱਗਾ ਹੋਇਆ ਤੇ ਵਹੁਟੀ ਸਕੂਲ ‘ਚ ਪੜ੍ਹਾਉਂਦੀ ਆ। ਆਪਣੇ ਪਿੰਡ ਦੇ ਨਾਲ ਈ ਪੜ੍ਹਾਉਂਦੀ ਆ। ਬਸ ਮੌਜਾਂ ਕਰਦੇ ਨੇ।”

”ਅਸੀਂ ਤਾਂ ਕੁਲਬੀਰ ਦੇ ਵਿਆਹ ਵਾਲੇ ਦਿਨ ਈ ਦੇਖੀ ਸੀ। ਬਹੂ ਤਾਂ ਤੇਰੀ ਸਮਝਦਾਰ ਲੱਗਦੀ ਸੀ ਤੇ ਜ਼ੁਬਾਨ ਦੀ ਵੀ ਬੜੀ ਮਿੱਠੀ ਸੀ।” ਗੁਆਂਢਣ ਨੇ ਆਖਿਆ।

”ਮੇਰੀ ਬਹੂ ਵਰਗੀ ਕਿਹੜੀ ਬਹੂ ਹੋਣੀ ਆਂ। ਸੁੱਖ ਨਾਲ ਵਿਆਹ ਨੂੰ ਚਾਰ ਸਾਲ ਹੋ ਗਏ ਆ, ਮਜਾਲ ਹੈ ਕਦੇ ਮੇਰੇ ਮੂਹਰੇ ਜ਼ੁਬਾਨ ਖੋਲ੍ਹੀ ਹੋਵੇ। ਸਾਰੀ ਦਿਹਾੜੀ ਮੰਮਾ ਜੀ, ਮੰਮਾ ਜੀ ਕਰਦੀ ਦਾ ਮੂੰਹ ਨਹੀਂ ਸੁੱਕਦਾ। ਮੈਂ ਤਾਂ ਕਹਿਨੀ ਆਂ, ਇਹੋ ਜਿਹੀਆਂ ਬਹੂਆਂ ਤਾਂ ਰੱਬ ਘਰ-ਘਰ ਦੇਵੇ।” ਮਾਸੀ ਦਾ ਚਾਅ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ।

”ਭੈਣੇ, ਤੂੰ ਤਾਂ ਫਿਰ ਬੜੇ ਕਰਮਾਂ ਵਾਲੀ ਏਂ, ਜਿਹਨੂੰ ਇਵੇਂ ਦੀ ਆਗਿਆਕਾਰ ਬਹੂ ਮਿਲੀ ਆ। ਮੈਂ ਤਾਂ ਆਪਣੇ ਮੁੰਡੇ ਨੂੰ ਵਿਆਹ ਕੇ ਈ ਫਸ ਗਈ ਆਂ। ਮੇਰੀ ਬਹੂ ਤਾਂ ਕਿਸੇ ਕਾਰੀ ਦੀ ਨ੍ਹੀਂ ਐ। ਭੈਣੇ, ਸਭ ਕਰਮਾਂ ਦੀ ਖੇਲ ਆ।” ਗੁਆਂਢਣ ਨੇ ਹਉਕਾ ਜਿਹਾ ਭਰਿਆ।

”ਸੁੱਖ ਨਾਲ ਤੇਰਾ ਤਾਂ ਪੋਤਾ ਵੀ ਹੁਣ ਵੱਡਾ ਹੋ ਗਿਆ ਹੋਣੈਂ।” ਗੁਆਂਢਣ ਫਿਰ ਬੋਲੀ।

”ਪੋਤਾ ਮੇਰਾ ਸੁੱਖ ਨਾਲ ਤਿੰਨ ਸਾਲ ਦਾ ਹੋ ਗਿਐ। ਸਾਲ ਦੀ ਤਾਂ ਪੋਤੀ ਵੀ ਹੋ ਗਈ ਆ। ਦੋਵੇਂ ਜਣੇ ਸਾਰੀ ਦਿਹਾੜੀ ਮੇਰੇ ਕੁੱਛੜੋਂ ਨ੍ਹੀਂ ਉਤਰਦੇ।” ਮਾਸੀ ਹੁੱਬ-ਹੁੱਬ ਦੱਸ ਰਹੀ ਸੀ।

”ਭੈਣੇ, ਤੇਰਾ ਮੁੰਡਾ ਵੀ ਬਥੇਰਾ ਲੈਕ ਐ। ਓਦਾਂ ਦੀ ਉਹਨੂੰ ਵਹੁਟੀ ਮਿਲ ਗਈ ਆ। ਹੋਰ ਤੈਨੂੰ ਕੀ ਚਾਹੀਦੈ। ਤੂੰ ਵਹੁਟੀ ਨੂੰ ਵੀ ਨਾਲ ਲਿਆਉਣਾ ਸੀ। ਤੁਸੀਂ ਦੋਵਾਂ ਨੇ ਝੱਟ ਸਕੂਟਰ ‘ਤੇ ਪਹੁੰਚ ਜਾਣਾ ਸੀ। ਐਦਾਂ ਦੇ ਗਰਮੀ ਦੇ ਮੌਸਮ ਵਿੱਚ ਬੱਸਾਂ ‘ਤੇ ਆਉਣਾ ਕਿਹੜਾ ਸੌਖਾ ਐ।” ਗੁਆਂਢਣ ਨੇ ਆਖਿਆ।

”ਕੁਲਬੀਰ ਅਜੇ ਸ਼ਹਿਰੋਂ ਨਹੀਂ ਸੀ ਮੁੜਿਆ। ਵਹੁਟੀ ਥੱਕੀ-ਟੁੱਟੀ ਸਕੂਲੋਂ ਆਉਂਦੀ ਆ। ਮੈਂ ਸੋਚਿਆ, ਇਹਨੂੰ ਕਾਹਨੂੰ ਤਕਲੀਫ਼ ਦੇਣੀ ਆਂ। ‘ਕੱਲੀ ਈ ਬੱਸ ਚੜ੍ਹ ਕੇ ਜਾ ਆਉਂਦੀ ਆਂ। ਬੱਸ ਮਿਲਣ ਲਈ ਚਿੱਤ ਕਾਹਲਾ ਜਿਹਾ ਪੈ ਗਿਆ ਸੀ। ਮਸਾਂ ਤਾਂ ਟਾਈਮ ਕੱਢਿਆ। ਭੈਣੇਂ, ਕਬੀਲਦਾਰੀ ਦੇ ਝੰਜਟਾਂ ਦਾ ਤੈਨੂੰ ਪਤਾ ਈ ਆ।” ਮਾਸੀ ਬੜੇ ਠਰ੍ਹੰਮੇ ਨਾਲ ਦੱਸ ਰਹੀ ਸੀ।

ਉੱਚੀ-ਉੱਚੀ ਛਣਕਦੇ ਹਾਸੇ ਦੀਆਂ ਫੁਹਾਰਾਂ ਸੁਣ ਕੇ ਮਾਸੀ ਦੀ ਵਾਕਿਫ਼ਕਾਰ ਇੱਕ ਹੋਰ ਗੁਆਂਢਣ ਵੀ ਸਾਡੇ ਘਰ ਆ ਗਈ। ਮਾਸੀ ਉਸ ਨੂੰ ਵੀ ਇਉਂ ਤਪਾਕ ਨਾਲ ਮਿਲੀ ਜਿਵੇਂ ਮਿਲਣ ਲਈ ਤਰਸੀ ਪਈ ਹੋਵੇ।

ਉਨ੍ਹਾਂ ਤਿੰਨਾਂ ਦੇ ਹਾਸੇ ਠੱਠੇ ਨੇ ਸਾਡੇ ਘਰ ਦੇ ਨੀਰਸ ਮਾਹੌਲ ਵਿੱਚ ਤਾਜ਼ਗੀ ਭਰ ਦਿੱਤੀ। ਮਾਸੀ ਗੱਲਾਂ ਦੀ ਲੜੀ ਟੁੱਟਣ ਹੀ ਨਹੀਂ ਸੀ ਦੇ ਰਹੀ। ”ਮਾਤਾ ਜੀ, ਮੈਨੂੰ ਲੱਗਦੈ, ਮਾਸੀ ਨੂੰ ਗਰਮੀ ਨਾਲ ਹੋਇਆ ਥਕੇਵਾਂ ਲਹਿ ਗਿਆ ਏ। ਇਸੇ ਕਰਕੇ ਹੁਣ ਇਨ੍ਹਾਂ ਨੂੰ ਗੱਲਾਂ ਉਤਰ ਰਹੀਆਂ ਨੇ।” ਮੈਂ ਮਾਤਾ ਜੀ ਨੂੰ ਆਖਿਆ।

”ਕਾਕਾ, ਮੈਨੂੰ ਵੀ ਇਵੇਂ ਈ ਲੱਗਦੈ। ਗਰਮੀ ਨੇ ਤੋੜੀ ਪਈ ਸੀ ਵਿਚਾਰੀ। ਹੁਣ ਕੁਝ ਠੀਕ ਹੋਈ ਲੱਗਦੀ ਐ।” ਮਾਤਾ ਜੀ ਨੇ ਵੀ ਮੇਰੀ ਹਾਂ ਵਿੱਚ ਹਾਂ ਮਿਲਾਈ। ਦੋਵਾਂ ਗੁਆਂਢਣਾਂ ਨੂੰ ਬੈਠਿਆਂ ਲੰਮਾ ਸਮਾਂ ਹੋ ਗਿਆ ਸੀ। ਆਥਣ ਦਾ ਸੂਰਜ ਵੀ ਪੱਛਮ ਵਿੱਚ ਕੋਡਾ ਜਿਹਾ ਹੋਇਆ ਝਕਾਨੀ ਦੇਣ ਦੇ ਚੱਕਰ ਵਿੱਚ ਸੀ। ਸਨੇ-ਸਨੇ ਨ੍ਹੇਰਾ ਪਸਰ ਰਿਹਾ ਸੀ।

”ਕਾਕਾ, ਲਾਈਟ ਜਗਾ ਦੇ। ਬਾਹਰ ਨ੍ਹੇਰਾ ਹੋ ਗਿਐ।” ਬਾਹਰ ਚੁੱਲ੍ਹੇ ਕੋਲ ਸਬਜ਼ੀ ਬਣਾਉਂਦੇ ਮਾਤਾ ਜੀ ਨੇ ਮੈਨੂੰ ਆਖਿਆ। ਘਰ ਵਿੱਚ ਲਾਈਟ ਜਗਦੀ ਵੇਖ ਕੇ ਉਹ ਦੋਵੇਂ ਗੁਆਂਢਣਾਂ ਵੀ ਵਾਹੋ-ਦਾਹੀ ਆਪੋ-ਆਪਣੇ ਘਰਾਂ ਨੂੰ ਹੋ ਤੁਰੀਆਂ।

”ਮਾਤਾ ਜੀ, ਵੇਖੋ ਨਾ। ਮਾਸੀ ਪਹਿਲਾਂ ਗੁਆਂਢਣਾਂ ਨਾਲ ਕਿਵੇਂ ਹੱਸ-ਹੱਸ ਗੱਲਾਂ ਕਰ ਰਹੀ ਸੀ, ਤੇ ਹੁਣ ਬਿੰਦ ਪਲ ਵਿੱਚ ਈ ਇਨ੍ਹਾਂ ਨੂੰ ਫਿਰ ਕੀ ਹੋ ਗਿਆ?” ਦੋਹਾਂ ਗੁਆਂਢਣਾਂ ਦੇ ਜਾਣ ਤੋਂ ਬਾਅਦ ਦੁਬਾਰਾ ਫਿਰ ਮਾਸੀ ਦਾ ਮਸੋਸਿਆ ਚਿਹਰਾ ਵੇਖ ਕੇ ਮੈਂ ਮਾਤਾ ਜੀ ਨੂੰ ਆਖਿਆ।

”ਗੁਰਸ਼ਾਨ! ਇਹੀ ਤਾਂ ਮੈਂ ਸੋਚ ਰਹੀ ਆਂ। ਪਹਿਲਾਂ ਤਾਂ ਕਦੇ ਇਹਦਾ ਇਵੇਂ ਦਾ ਮੂਡ ਵੇਖਿਆ ਨਹੀਂ।” ਮੰਮੀ ਨੇ ਜੁਆਬ ਦਿੱਤਾ।

”ਮਾਤਾ ਜੀ, ਮਾਸੀ ਕਿਤੇ ਸਾਡੇ ਨਾਲ ਇਸ ਗੱਲੋਂ ਤਾਂ ਨਾਰਾਜ਼ ਨਹੀਂ ਕਿ ਇਹ ਮੈਨੂੰ ਮਿਲਣ ਈ ਨਹੀਂ ਆਉਂਦੇ। ਇਨ੍ਹਾਂ ਦੇ ਪਿੰਡ ਗਿਆਂ, ਸਾਨੂੰ ਵੀ ਖ਼ਾਸਾ ਲੰਬਾ ਸਮਾਂ ਹੋ ਗਿਆ ਏ।”

”ਗੁਰਸ਼ਾਨ, ਹੋ ਸਕਦੈ, ਇਹਦੇ ਮਨ ਵਿੱਚ ਇਵੇਂ ਦਾ ਕੋਈ ਮਲਾਲ ਹੋਵੇ।”

”ਮਾਤਾ ਜੀ, ਪਰ ਜੇ ਇਨ੍ਹਾਂ ਦੇ ਮਨ ਵਿੱਚ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਇਹ ਸਾਨੂੰ ਮਿਲਣ ਕਿਉਂ ਆਉਂਦੀ। ਸਾਡੀ ਟੈਲੀਫੋਨ ‘ਤੇ ਕਦੇ-ਕਦਾਈਂ ਇਨ੍ਹਾਂ ਨਾਲ ਗੱਲਬਾਤ ਹੋ ਈ ਜਾਂਦੀ ਸੀ। ਇਨ੍ਹਾਂ ਕਦੇ ਕੋਈ ਰੰਜ ਵਾਲੀ ਗੱਲ ਤਾਂ ਕੀਤੀ ਨਹੀਂ।”

”ਗੁਰਸ਼ਾਨ! ਨਾ ਮਿਲਣ ਜਾ ਹੋਣਾ ਤਾਂ ਮੈਨੂੰ ਵੀ ਐਡੀ ਨਾਰਾਜ਼ਗੀ ਦਾ ਕੋਈ ਕਾਰਨ ਨਹੀਂ ਜਾਪਦਾ। ਅੱਜ ਦੇ ਯੁੱਗ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਲਈ ਕਈ ਵਾਰ ਸਮਾਂ ਲੱਗ ਈ ਜਾਂਦੈ। ਇਹ ਆਪ ਕਿਹੜਾ ਸਾਨੂੰ ਮਿਲਣ ਆ ਗਈ ਸੀ। ਸਭ ਦੇ ਝਮੇਲੇ ਇੱਕੋ ਜਿਹੇ ਈ ਨੇ।”

”ਮਾਤਾ ਜੀ, ਕਿਤੇ ਮਾਸੀ ਨੂੰ ਡਿਪਰੈਸ਼ਨ ਤਾਂ ਨਹੀਂ ਹੋ ਗਿਆ। ਡਿਪਰੈਸ਼ਨ ਵਾਲੇ ਮਰੀਜ਼ ਅਕਸਰ ਹੀ ਇਵੇਂ ਕਰਦੇ ਹੁੰਦੇ ਆ। ਜਾਂ ਤਾਂ ਉਹ ਬਹੁਤ ਖ਼ੁਸ਼ ਹੋ ਕੇ ਉੱਚੀ-ਉੱਚੀ ਗੱਲਾਂ ਕਰਦੇ ਨੇ ਜਾਂ ਫਿਰ ਫ਼ਿਲਾਸਫ਼ਰਾਂ ਵਾਂਗ ਗੰਭੀਰ ਬੈਠੇ ਰਹਿੰਦੇ ਨੇ। ਇਹ ਬੜੀ ਭੈੜੀ ਬਿਮਾਰੀ ਹੁੰਦੀ ਆ। ਖ਼ੁਦ ਮਰੀਜ਼ ਨੂੰ ਵੀ ਇਹ ਵਬਾ ਦਾ ਪਤਾ ਨਹੀਂ ਲੱਗਦਾ। ਇਸ ਦੀ ਤਾਂ ਪਰਿਵਾਰਕ ਮੈਂਬਰਾਂ ਨੇ ਹੀ ਜਜਮੈਂਟ ਕਰਨੀ ਹੁੰਦੀ ਆ।” ਮੈਂ ਆਖਿਆ।

”ਜੀ, ਤੁਹਾਡੀ ਗੱਲ ਬਿਲਕੁਲ ਠੀਕ ਏ। ਅੱਜਕੱਲ੍ਹ ਇਹ ਬਿਮਾਰੀ ਬੜੀ ਫੈਲੀ ਹੋਈ ਏ।” ਮਾਤਾ ਜੀ ਦੇ ਜੁਆਬ ਦੇਣ ਤੋਂ ਪਹਿਲਾਂ ਹੀ ਸੁਮੀਤ ਵਿਚਾਲਿਉਂ ਬੋਲੀ।

”ਸੁਮੀਤ, ਤੂੰ ਵੀ ਮਾਸੀ ‘ਤੇ ਧਿਆਨ ਰੱਖੀਂ। ਮੈਂ ਵੀ ਧਿਆਨ ਰੱਖਾਂਗਾ। ਮਾਤਾ ਜੀ, ਤੁਸੀਂ ਵੀ ਮਾਸੀ ਦੀਆਂ ਗੱਲਾਂ ਨੂੰ ਨੋਟ ਕਰਿਓ।” ਮੈਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਚੁਕੰਨੇ ਕਰ ਦਿੱਤਾ।

”ਗੁਰਸ਼ਾਨ! ਡਿਪਰੈਸ਼ਨ ਇਹਨੂੰ ਕਿਉਂ ਹੋਵੇ। ਇਹਨੂੰ ਕਿਹੜਾ ਘਰ ਵਿੱਚ ਕੋਈ ਤੰਗੀ-ਤੁਰਸ਼ੀ ਆ। ਕੁਲਬੀਰ ਤੇ ਬਹੂ ਸਰਕਾਰੀ ਨੌਕਰੀਆਂ ਕਰਦੇ ਆ। ਮਾਸੜ ਤੇਰਾ ਪੈਨਸ਼ਨ ਲੈਂਦੈ। ਖੇਤੀ ਵੀ ਅੱਛੀ ਆ। ਡਿਪਰੈਸ਼ਨ ਤਾਂ ਹੋਵੇ ਜੇ ਘਰ ਵਿੱਚ ਕੋਈ ਕਮੀ ਹੋਵੇ।” ਮਾਤਾ ਜੀ ਮੇਰੀ ਗੱਲ ਸੁਣ ਕੇ ਝਬਦੇ ਬੋਲੇ।

”ਮਾਤਾ ਜੀ, ਡਿਪਰੈਸ਼ਨ ਦਾ ਸਬੰਧ ਨਿਰਾ-ਪੁਰਾ ਘਰੇਲੂ ਤੰਗੀ-ਤੁਰਸ਼ੀ ਨਾਲ ਨਹੀਂ ਹੁੰਦਾ। ਇਹ ਇੱਕ ਕੁਦਰਤੀ ਬਿਮਾਰੀ ਵੀ ਏ। ਇਹ ਪਰਿਵਾਰਕ ਯਾਨੀ ਵੰਸ਼ ਦੀ ਵੀ ਹੋ ਸਕਦੀ। ਇਸ ਦਾ ਤਾਂ ਮਰੀਜ਼ ਦੀਆਂ ਹਰਕਤਾਂ ਵੇਖ ਕੇ ਹੀ ਪਤਾ ਚਲਦੈ। ਡਾਕਟਰ ਨੂੰ ਵੀ ਮਰੀਜ਼ ਤੋਂ ਚੋਰੀ ਦੱਸਣਾ ਪੈਂਦੈ। ਤਾਂ ਹੀ ਡਾਕਟਰ, ਮਰੀਜ਼ ਨੂੰ ਗਹੁ ਨਾਲ ਵੇਖਦਾ ਏ।”

”ਗੁਰਸ਼ਾਨ, ਸਾਡੇ ਖ਼ਾਨਦਾਨ ਵਿੱਚ ਇਹ ਬਿਮਾਰੀ ਕਿਸੇ ਨੂੰ ਵੇਖੀ ਸੁਣੀ ਤਾਂ ਹੈ ਨਹੀਂ। ਡਿਪਰੈਸ਼ਨ ਵਾਲੀ ਕੋਈ ਗੱਲ ਨ੍ਹੀਂ ਐ। ਤੇਰੀ ਮਾਸੀ ਦਾ ਤਾਂ ਉਂਜ ਈ ਮੂਡ ਅਪਸੈੱਟ ਆ।”

”ਮਾਤਾ ਜੀ, ਵੇਖੋ ਨਾ! ਮਾਸੀ ਆਪਣੇ ਇੱਕ-ਦੋ ਸੂਟ ਵੀ ਨਾਲ ਚੁੱਕ ਲਿਆਈ ਏ। ਤੇ ਆਈ ਵੀ ਸਿਖਰ ਦੁਪਹਿਰੇ ਬੱਸ ਚੜ੍ਹ ਕੇ ‘ਕੱਲੀ ਈ ਆ। ਉੱਤੋਂ ਇਹ ਦੱਸ ਵੀ ਕੁਝ ਨਹੀਂ ਰਹੀ। ਮੈਨੂੰ ਤਾਂ ਇਹ ਸਾਰੀਆਂ ਅਲਾਮਤਾਂ ਡਿਪਰੈਸ਼ਨ ਦੀਆਂ ਹੀ ਜਾਪਦੀਆਂ ਨੇ।”

”ਚੁੱਪ ਕਰ, ਗੁਰਸ਼ਾਨ। ਸੁੱਖ ਲੋੜੀਂਦਾ। ਚੰਗੇ ਭਲੇ ਬੰਦੇ ਨੂੰ ਐਵੇਂ ਨ੍ਹੀਂ ਕਿਸੇ ਬਿਮਾਰੀ ਦਾ ਮਰੀਜ਼ ਬਣਾ ਦੇਈਦਾ। ਵੇਖ ਤਾਂ, ਮੇਰੀ ਭੈਣ ਦੀ ਸਿਹਤ ਕਿੰਨੀ ਸੋਹਣੀ ਆਂ। ਜੇ ਕੋਈ ਮਰਜ਼ ਹੋਵੇ, ਫਿਰ ਤਾਂ ਬੰਦਾ ਉਂਜ ਈ ਸੁੱਕ ਕੇ ਤੀਲੇ ਵਰਗਾ ਹੋ ਜਾਂਦੈ।” ਮਾਤਾ ਜੀ ਨੂੰ ਆਪਣੀ ਭੈਣ ਦਾ ਹੇਜ ਜਾਗਿਆ।

”ਨਹੀਂ, ਮਾਤਾ ਜੀ! ਜਿਹੜੇ ਡਿਪਰੈਸ਼ਨ ਦੇ ਮਰੀਜ਼ ਹੁੰਦੇ ਨੇ, ਉਹ ਵੇਖਣ ਨੂੰ ਚੰਗੇ ਭਲੇ ਈ ਜਾਪਦੇ ਨੇ। ਉਨ੍ਹਾਂ ਦੀ ਸਿਹਤ ਤੋਂ ਬਿਮਾਰੀ ਬਾਰੇ ਕੁਝ ਪਤਾ ਨ੍ਹੀਂ ਲੱਗਦਾ। ਤੁਸੀਂ ਮੇਰੀ ਗੱਲ ਨੂੰ ਅਣਗੌਲੀ ਨਾ ਕਰੋ। ਸਾਨੂੰ ਮਾਸੀ ਦਾ ਛੇਤੀ ਤੋਂ ਛੇਤੀ ਇਲਾਜ ਕਰਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਏ।” ਮੈਂ ਆਪਣੀ ਦਲੀਲ ‘ਤੇ ਬਜ਼ਿੱਦ ਸੀ।

”ਮਾਸੀ ਜੀ, ਉੱਠੋ! ਚਾਹ ਪੀਓ।” ਦੂਸਰੇ ਦਿਨ ਸਵੇਰ ਨੂੰ ਸੁਮੀਤ ਨੇ ਮਾਸੀ ਨੂੰ ਚਾਹ ਪੀਣ ਲਈ ਆਵਾਜ਼ ਮਾਰੀ।

”ਸੁਮੀਤ, ਰੱਖ ਦੇ ਇੱਥੇ। ਮੈਂ ਠਹਿਰ ਕੇ ਪੀ ਲੈਨੀਂ ਆਂ।” ਮਾਸੀ ਜੀ ਸੁਸਤ ਜਿਹੇ ਬੋਲੇ।

”ਮਾਸੀ ਜੀ, ਬਾਹਰ ਤਾਂ ਅੱਠ ਵੱਜ ਚੁੱਕੇ ਨੇ। ਅਜੇ ਤੱਕ ਤੁਹਾਡੀ ਨੀਂਦ ਈ ਨਹੀਂ ਖੁੱਲ੍ਹੀ?” ਸੁਮੀਤ ਨੇ ਆਖਿਆ।

”ਸੁਮੀਤ, ਪਤਾ ਨ੍ਹੀਂ ਅੱਜ ਮੇਰੀ ਸਿਹਤ ਨੂੰ ਕੀ ਹੋ ਗਿਐ? ਸਾਰੀ ਰਾਤ ਨੀਂਦ ਈ ਨਹੀਂ ਆਈ। ਬਸ ਐਈਂ ਜਾਗਦਿਆਂ ਰਾਤ ਕੱਟੀ ਆ। ਹੁਣ ਮਾੜੀ ਜਿਹੀ ਅੱਖ ਲੱਗੀ ਸੀ।”

”ਮਾਸੀ ਜੀ, ਬਰੇਕਫਾਸਟ ਕੀ ਕਰੋਗੇ? ਮੂਲੀ ਵਾਲੇ ਪਰੌਂਠੇ ਖਾਓਗੇ ਜਾਂ ਪਿਆਜ਼ ਵਾਲੇ?” ਸੁਮੀਤ ਨੇ ਪੁੱਛਿਆ।

”ਸੁਮੀਤ, ਮੈਂ ਆਪੇ ਖਾ ਲਊਂਗੀ ਜੋ ਖਾਣਾ ਹੋਇਆ। ਮੇਰੀ ਸਿਹਤ ਅਜੇ ਪੂਰੀ ਤਰ੍ਹਾਂ ਠੀਕ ਨ੍ਹੀਂ ਐਂ।” ਮਾਸੀ ਨੇ ਰੁੱਖਾ ਜਿਹਾ ਜੁਆਬ ਦਿੱਤਾ।

”ਜੀ, ਮੈਂ ਹੁਣੇ ਮਾਸੀ ਜੀ ਨੂੰ ਚਾਹ ਦੇਣ ਗਈ ਸੀ। ਉਹ ਤਾਂ ਹੁਣ ਵੀ ਕੱਲ੍ਹ ਵਾਂਗ ਹੀ ਕਰੀ ਜਾਂਦੇ ਨੇ। ਕਿਸੇ ਗੱਲ ਦਾ ਸਿੱਧਾ ਜਵਾਬ ਈ ਨਹੀਂ ਦਿੰਦੇ।” ਵਾਪਸ ਮੁੜੀ ਸੁਮੀਤ ਨੇ ਮੇਰੇ ਨਾਲ ਗੱਲ ਕੀਤੀ। ਆਪਣੀ ਪਤਨੀ ਦੀ ਇਹ ਗੱਲ ਸੁਣ ਕੇ ਮੈਂ ਚਿੰਤਾਤੁਰ ਹੋ ਗਿਆ।

”ਸੁਮੀਤ, ਮੈਂ ਜਾ ਕੇ ਮਾਸੀ ਦਾ ਹਾਲ-ਚਾਲ ਪੁੱਛਦੈਂ।” ਮੈਂ ਸੁਮੀਤ ਨੂੰ ਆਖਿਆ।

”ਮਾਸੀ ਜੀ, ਉੱਠੋ! ਨਹਾ ਧੋ ਕੇ ਛੇਤੀ ਤਿਆਰ ਹੋ ਜਾਵੋ। ਅੱਜ ਅਸਾਂ ਸਭ ਨੇ ਸ਼ਹਿਰ ਸ਼ਾਪਿੰਗ ਕਰਨ ਜਾਣਾ ਏਂ।” ਮੈਂ ਕਮਰੇ ਅੰਦਰ ਜਾਂਦਿਆਂ ਹੀ ਮਾਸੀ ਨੂੰ ਆਖਿਆ।

”ਗੁਰਸ਼ਰਨ, ਮੈਂ ਨ੍ਹੀਂ ਅੱਜ ਕਿਤੇ ਵੀ ਜਾਣੈ। ਮੇਰਾ ਤਾਂ ਕੱਲ੍ਹ ਦਾ ਈ ਗਰਮੀ ਨੇ ਬੁਰਾ ਹਾਲ ਕੀਤਾ ਪਿਐ। ਮੈਂ ਤਾਂ ਘਰੇ ਆਰਾਮ ਕਰਨੈ। ਤੁਸੀਂ ਜਾ ਆਓ, ਜਿੱਥੇ ਜਾਣਾ।” ਮਾਸੀ ਨੇ ਮੇਰੀ ਗੱਲ ਦਾ ਵੀ ਖ਼ੁਸ਼ਕ ਜਿਹਾ ਈ ਜੁਆਬ ਦਿੱਤਾ।

”ਮਾਸੀ ਜੀ, ਤੁਸੀਂ ਸ਼ਾਪਿੰਗ ਨਾ ਕਰਿਓ। ਉਵੇਂ ਸਾਡੇ ਨਾਲ ਚੱਲੋ। ਨਾਲੇ ਤੁਹਾਡੇ ਲਈ ਸ਼ਹਿਰੋਂ ਦਵਾਈ ਵਗੈਰਾ ਲੈ ਆਵਾਂਗੇ।”

”ਕਾਕਾ, ਦਵਾਈ ਦੀ ਕੀ ਲੋੜ ਆ। ਮੇਰੇ ਲਈ ਚਾਰ ਕੁ ਨਿੰਬੂ ਸ਼ਹਿਰੋਂ ਫੜ ਲਿਆਈਂ। ਮੈਂ ਦੋ-ਚਾਰ ਵਾਰ ਸ਼ਕੰਜਵੀ ਬਣਾ ਕੇ ਪੀ ਲਊਂ। ਆਪੇ ਠੀਕ ਹੋ ਜਾਣੈ। ਹੁਣ ਜ਼ਿਆਦਾ ਗਰਮੀ ਪੈਂਦੀ ਐ ਨਾ।” ਮਾਸੀ ਝਬਦੇ ਬੋਲੀ। ਮੈਂ ਵਲੇਵਾਂ ਜਿਹਾ ਪਾ ਕੇ ਵਿਚਲੀ ਗੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮਾਸੀ ਨੇ ਮੈਨੂੰ ਵੀ ਕੋਈ ਲੜ ਪੱਲਾ ਨਾ ਫੜਾਇਆ।

”ਮਾਤਾ ਜੀ, ਪਹਿਲਾਂ ਤਾਂ ਕਦੇ ਮਾਸੀ ਸਾਡੇ ਪਿੰਡ ਦੋ-ਚਾਰ ਘੰਟੇ ਤੋਂ ਵੱਧ ਰੁਕਦੇ ਨਹੀਂ ਸੀ ਹੁੰਦੇ, ਪਰ ਹੁਣ ਤਾਂ ਜਾਣ ਦਾ ਨਾਂ ਈ ਨਹੀਂ ਲੈਂਦੇ।” ਮੈਂ ਮਾਤਾ ਜੀ ਨਾਲ ਗੱਲ ਕੀਤੀ।

”ਗੁਰਸ਼ਾਨ, ਇਹੀ ਤਾਂ ਮੈਂ ਸੋਚਦੀ ਆਂ। ਪਰ ਤੇਰੀ ਮਾਸੀ ਦੱਸਦੀ ਵੀ ਕੁਝ ਨਹੀਂ।” ਮਾਤਾ ਜੀ ਫ਼ਿਕਰ ਨਾਲ ਬੋਲੇ। ਮਾਸੀ ਦਾ ਉਤਰਿਆ ਚਿਹਰਾ ਵੇਖ ਕੇ ਸਾਡਾ ਸਾਰਾ ਟੱਬਰ ਸਸ਼ੋਪੰਜ ਵਿੱਚ ਪਿਆ ਹੋਇਆ ਸੀ।

”ਟਣ-ਟਣ-ਟਣ-ਣ-ਟਣ-ਣ।” ਇੰਨੇ ਨੂੰ ਟੈਲੀਫੋਨ ਦੀ ਘੰਟੀ ਖੜਕੀ।

”ਕੌਣ ਬੋਲਦੈ?” ਮੈਂ ਪੁੱਛਿਆ।

”ਗੁਰਸ਼ਾਨ, ਮੈਂ ਤੇਰਾ ਮਾਸੜ ਬੋਲਦੈਂ।”

”ਅੱਜ ਕਿਵੇਂ ਯਾਦ ਕੀਤਾ ਮਾਸੜ ਜੀ?”

”ਗੁਰਸ਼ਾਨ, ਤੇਰੇ ਮਾਸੀ ਜੀ ਕੱਲ੍ਹ ਦੇ ਤੁਹਾਡੇ ਪਿੰਡ ਆਏ ਨੇ। ਉਨ੍ਹਾਂ ਨੂੰ ਆਖ ਛੇਤੀ ਵਾਪਸ ਮੁੜ ਆਉਣ। ਕਮਲੇਸ਼ ਵੀ ਕੱਲ੍ਹ ਸ਼ਾਮ ਦੀ ਆਪਣੇ ਪੇਕੇ ਪਿੰਡ ਗਈ ਹੋਈ ਆ। ਬੱਚਿਆਂ ਨੂੰ ਤਿੰਨ-ਚਾਰ ਛੁੱਟੀਆਂ ਸੀ ਨਾ। ਮੇਰੇ ਤੇ ਕੁਲਬੀਰ ਦਾ ਰੋਟੀ ਦਾ ਬੜਾ ਔਖਾ ਐ। ਜੇ ਤੇਰੇ ਕੋਲ ਟੈਮ ਐ ਤਾਂ ਤੂੰ ਹੀ ਛੱਡ ਜਾਵੀਂ। ਗਰਮੀ ਦਾ ਮੌਸਮ ਐ ਨਾ।” ਮਾਸੜ ਜੀ ਨੇ ਆਪਣੀ ਵਿਥਿਆ ਸੁਣਾਈ।

”ਗੁਰਸ਼ਾਨ, ਤੂੰ ਪੁੱਤ ਮੈਨੂੰ ਹੁਣ ਈ ਛੱਡ ਆ। ਉਹ ਦੋਵੇਂ ਰੋਟੀ-ਪਾਣੀ ਤੋਂ ਔਖੇ ਹੋਣਗੇ।” ਮਾਸੜ ਜੀ ਦੀ ਟੈਲੀਫੋਨ ਵਿੱਚ ਹੀ ਆਵਾਜ਼ ਸੁਣ ਕੇ ਮਾਸੀ ਅਹੁਲ ਕੇ ਬੋਲੀ। ਪਤਾ ਨਹੀਂ ਹੁਣ ਮਾਸੀ ਵਿੱਚ ਐਨੀ ਚੇਤੰਨੀ ਕਿੱਥੋਂ ਆ ਗਈ ਸੀ। ਉਸ ਦਾ ਸਾਡੇ ਘਰ ਬੈਠਣਾ ਈ ਔਖਾ ਹੋ ਗਿਆ ਸੀ। ਉਹ ਆਪਣੇ ਪਿੰਡ ਜਾਣ ਲਈ ਉਤਾਵਲੀ ਹੋਈ ਪਈ ਸੀ। ਉਹ ਬੈਠੀ ਚਾਹ ਪੀਂਦੀ ਵੀ ਵਾਰ-ਵਾਰ ਮੈਨੂੰ ਘਰੋਂ ਤੁਰਨ ਲਈ ਆਖੀ ਜਾ ਰਹੀ ਸੀ।

”ਮਾਤਾ ਜੀ, ਤੁਸੀਂ ਨੋਟ ਕੀਤੈ। ਮਾਸੀ ਨੂੰ ਸੱਚਮੁੱਚ ਹੀ ਕੋਈ ਮਾਨਸਿਕ ਰੋਗ ਏ। ਪਲ-ਪਲ ‘ਤੇ ਇਸ ਦਾ ਵਿਵਹਾਰ ਬਦਲ ਰਿਹਾ ਏ। ਕਦੇ ਇਹ ਬਿਲਕੁਲ ਚੁੱਪ ਕਰ ਜਾਂਦੀ ਏ ਤੇ ਕਦੇ ਬੜੀ ਕਾਹਲੀ ਵਿਖਾਈ ਦਿੰਦੀ ਏ। ਤੂੰ ਇਸ ਦੇ ਪਿੰਡ ਜਾ ਕੇ ਮਾਸੜ ਜੀ ਨਾਲ ਗੱਲ ਕਰੀਂ, ਤਾਂ ਕਿ ਉਹ ਕਿਸੇ ਡਾਕਟਰ ਵਗੈਰਾ ਨੂੰ ਦਿਖਾਲ ਲੈਣ।” ਮੈਂ ਮਾਤਾ ਜੀ ਨੂੰ ਆਖਿਆ।

”ਗੁਰਸ਼ਾਨ, ਗੱਲ ਤਾਂ ਤੇਰੀ ਠੀਕ ਐ। ਆਪਾਂ ਦੋਵੇਂ ਇਹਨੂੰ ਛੱਡ ਕੇ ਆਉਨੇ ਆਂ।” ਮਾਤਾ ਜੀ ਮੇਰੀ ਗੱਲ ਝੱਟ ਮੰਨ ਗਏ।

ਮੈਂ ਕਾਰ ਸਟਾਰਟ ਕੀਤੀ। ਤੇ ਅਸੀਂ ਤਿੰਨੋਂ ਜਣੇਂ ਮਾਸੀ ਦੇ ਪਿੰਡ ਵੱਲ ਚੱਲ ਪਏ।

”ਮਾਸੜ ਜੀ, ਮਾਸੀ ਜੀ ਦਾ ਥੋੜ੍ਹਾ ਧਿਆਨ ਰੱਖਿਆ ਕਰੋ। ਮੈਨੂੰ ਇਨ੍ਹਾਂ ਦੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ।” ਮੈਂ ਤੇ ਮਾਤਾ ਜੀ ਨੇ ਵੱਖਰੇ ਜਿਹੇ ਹੋ ਕੇ ਮਾਸੜ ਜੀ ਨਾਲ ਗੱਲ ਸ਼ੁਰੂ ਕੀਤੀ।

”ਕੀ ਗੱਲ, ਇਨ੍ਹਾਂ ਦੀ ਸਿਹਤ ਵਿੱਚ ਕੋਈ ਨੁਕਸ ਆ?” ਮਾਸੜ ਜੀ ਘਾਬਰ ਕੇ ਬੋਲੇ।

”ਬਲਦੇਵ ਸਿਆਂ, ਊਂ ਤਾਂ ਸਿਹਤ ਠੀਕ ਐ। ਕਈ ਵਾਰ ਇਹ ਚੁੱਪ ਈ ਕਰ ਜਾਂਦੀ ਆ। ਤੇ ਕਈ ਵੇਰਾਂ ਗੱਲਾਂ ਕਰਦਿਆਂ ਸਾਹ ਈ ਨਹੀਂ ਲੈਂਦੀ। ਗੱਲਾਂ ਕਰ-ਕਰ ਉੱਚੀ-ਉੱਚੀ ਹੱਸਦੀ ਆ।” ਮਾਸੜ ਜੀ ਨੂੰ ਘਾਬਰਿਆ ਵੇਖ ਮੇਰੇ ਮਾਤਾ ਜੀ ਬੋਲੇ।

”ਸ਼ਮਿੰਦਰ ਕੌਰੇ, ਕੀ ਦੱਸਾਂ ਤੈਨੂੰ! ਜਦੋਂ ਦਾ ਕੁਲਬੀਰ ਵਿਆਹਿਐ, ਇਹ ਉਦੋਂ ਤੋਂ ਈ ਵਹੁਟੀ ਨਾਲ ਕੁਝ ਵਿੰਗਾ-ਵਿੰਗਾ ਜਿਹਾ ਰਹਿੰਦੀ ਐ। ਇਹਨੂੰ ਕੋਈ ਪੁੱਛੇ, ਵਿਆਹ ਤਾਂ ਮੁੰਡੇ-ਕੁੜੀ ਨੇ ਆਪਣੀ ਸਹਿਮਤੀ ਨਾਲ ਕਰਾਇਆ ਐ। ਤੂੰ ਕਿਉਂ ਔਖੀ ਭਾਰੀ ਹੋਈ ਰਹਿੰਨੀ ਐਂ।” ਮਾਸੜ ਜੀ ਨੇ ਮਲਕੜੇ ਦੇਣੀਂ ਆਖਿਆ।

”ਅਵਤਾਰ ਕੌਰ ਨੂੰ ਭਲਾ ਕੀ ਔਖ ਆ?” ਮੇਰੀ ਮਾਤਾ ਜੀ ਨੇ ਪੁੱਛਿਆ।

”ਬਸ ਆਹੀ, ਮੇਰੇ ਮੁੰਡੇ ਨੇ ਦੂਜੀ ਜਾਤ ਵਿੱਚ ਵਿਆਹ ਕਰਾ ਲਿਐ।” ਮਾਸੜ ਜੀ ਨੇ ਵਿਚਲੀ ਗੱਲ ਦੱਸੀ।

”ਦੱਸੋ ਕੁੜੇ! ਜੇ ਤੇਰਾ ਮੁੰਡਾ ਸਹਿਮਤ ਐ। ਤੈਨੂੰ ਕਾਹਦੀ ਤਕਲੀਫ਼ ਆ। ਮੁੰਡੇ-ਕੁੜੀ ਦੀ ਆਪਣੀ ਜ਼ਿੰਦਗੀ ਆ, ਤੇਰੀ ਆਪਣੀ ਆਂ। ਨਾਲੇ ਕਮਲੇਸ਼ ਤਾਂ ਬੜੀ ਲੈਕ ਕੁੜੀ ਆ। ਟੀਚਰ ਲੱਗੀ ਹੋਈ ਆ।”

”ਸ਼ਮਿੰਦਰ ਕੌਰੇ, ਤੂੰ ਵੀ ਸਮਝਾਈਂ ਆਪਣੀ ਭੈਣ ਨੂੰ, ਭਈ ਹੁਣ ਜ਼ਮਾਨਾ ਬਦਲ ਗਿਐ। ਨਾਲੇ ਸਾਡੇ ਕਲਚਰ ਵਿੱਚ ਤਾਂ ਜਾਤ-ਪਾਤ ਵਾਲੀ ਗੱਲ ਈ ਕੋਈ ਨ੍ਹੀਂ ਐਂ। ਸਭ ਰੱਬ ਦੇ ਬਣਾਏ ਹੋਏ ਜੀਵ ਨੇ।”

”ਬਲਦੇਵ ਸਿਆਂ, ਅੱਜ ਦੇ ਯੁੱਗ ਵਿੱਚ ਭਲਾ ਇਨ੍ਹਾਂ ਗੱਲਾਂ ਨੂੰ ਕੌਣ ਸਿਆਣਦੈ? ਇਹ ਤਾਂ ਪੁਰਾਣੇ ਜ਼ਮਾਨੇ ਹੁੰਦੇ ਸੀ। ਹੁਣ ਤਾਂ ਜਿਹੜਾ ਇਵੇਂ ਦੀਆਂ ਗੱਲਾਂ ਕਰਦੈ, ਉਹਨੂੰ ਲੋਕ ਪੱਛੜਿਆ ਆਖਦੇ ਐ। ਹੁਣ ਤਾਂ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਆ।” ਮਾਤਾ ਜੀ ਨੇ ਵੀ ਮਾਸੜ ਜੀ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ।

”ਅਵਤਾਰ ਕੌਰੇ, ਤੂੰ ਤਾਂ ਪਹਿਲਾਂ ਸਾਨੂੰ ਮੱਤਾਂ ਦਿੰਦੀ ਹੁੰਦੀ ਸੀ। ਹੁਣ ਤੂੰ ਆਪ ਈ ਪੁਰਾਣੇ ਖਿਆਲਾਂ ਵਿੱਚ ਫਸੀ ਫਿਰਦੀ ਆਂ।” ਚਾਹ ਲੈ ਕੇ ਆਈ ਮਾਸੀ ਨੂੰ ਮੇਰੇੇ ਮਾਤਾ ਜੀ ਨੇ ਆਖਿਆ। ਮਾਤਾ ਜੀ ਦੇ ਇੰਜ ਆਖਣ ‘ਤੇ ਮਾਸੀ ਨੇ ਮਾਸੜ ਜੀ ਕੰਨੀਂ ਟੇਢਾ ਜਿਹਾ ਝਾਕਿਆ, ਜਿਵੇਂ ਮਨੋਂ-ਮਨੀਂ ਵਿਚਲੀ ਗੱਲ ਤਾੜ ਗਈ ਹੋਵੇ।

”ਭੈਣ ਜੀ, ਜੇ ਗੁਰਸ਼ਾਨ ਨੇ ਇਵੇਂ ਕੀਤਾ ਹੁੰਦਾ, ਫਿਰ ਤੈਨੂੰ ਪਤਾ ਲੱਗਦਾ। ਦੂਜਿਆਂ ਨੂੰ ਬਹੁਤ ਮੱਤਾਂ ਦੇ ਹੋ ਜਾਂਦੀਆਂ ਨੇ।” ਕੁਝ ਕੁ ਚਿਰ ਦੀ ਚੁੱਪ ਬਾਅਦ ਮਾਸੀ ਖਿਝ ਕੇ ਬੋਲੀ।

”ਨਾ, ਤੇਰੇ ਬੜੇ ਭਾਣਜੇ ਨੇ ਇੰਗਲੈਂਡ ਵਿੱਚ ਗੋਰੀ ਨਾਲ ਈ ਵਿਆਹ ਕਰਾਇਆ ਹੋਇਐ। ਮੈਂ ਤਾਂ ਉਹਨੂੰ ਕਦੇ ਕੁਝ ਆਖਿਆ ਨਹੀਂ। ਨਿਆਣਿਆਂ ਦੀ ਆਪਣੀ ਮਰਜ਼ੀ ਐ ਭਾਈ। ਹੁਣ ਅਸੀਂ ਇਹਦੇ ਵਿੱਚ ਕਰ ਵੀ ਕੀ ਸਕਦੇ ਆਂ।” ਮੇਰੇ ਮਾਤਾ ਜੀ ਨੇ ਜਵਾਬ ਵਿੱਚ ਆਖਿਆ।

”ਉਹ ਤਾਂ ਗੁਰਨਾਮ ਨੇ ਪੱਕਾ ਹੋਣ ਲਈ ਵਿਆਹ ਕਰਾਇਆ ਸੀ।” ਮਾਸੀ ਝੱਟ ਬੋਲੀ।

”ਪੱਕਾ ਹੋਣ ਲਈ ਕਰਾਇਆ ਹੁੰਦਾ ਤਾਂ ਅੱਜ ਤੱਕ ਛੱਡ ਛਡਾਅ ਨਾ ਹੋ ਜਾਂਦਾ। ਹੁਣ ਤਾਂ ਸੁੱਖ ਨਾਲ ਉਹਦੇ ਬੱਚੇ ਵੀ ਵੱਡੇ ਹੋ ਗਏ ਆ। ਸਾਡੀ ਬਹੂ ਦਾ ਤਾਂ ਸੁਭਾਅ ਈ ਬੜਾ ਚੰਗਾ ਐ। ਪਿਛਲੇ ਸਾਲ ਦੋ ਮਹੀਨੇ ਇੰਡੀਆ ਰਹਿ ਕੇ ਗਈ ਐ। ਤੈਂ ਵੇਖੀ ਸੀ! ਤੂੰ ਵੀ ਕਿੰਨੀਆਂ ਸਿਫਤਾਂ ਕਰਦੀ ਸੀ ਓਹਦੀਆਂ। ਨਾਲੇ ਹੁਣ ਤਾਂ ਉਹਨੇ ਪੰਜਾਬੀ ਬੋਲਣੀ ਵੀ ਸਿੱਖ ਲਈ ਆ। ਬੱਚਿਆਂ ਨੂੰ ਨਾਲ ਲੈ ਕੇ ਹਰ ਐਤਵਾਰ ਗੁਰਦੁਆਰੇ ਜਾਂਦੀ ਐ।” ਮੇਰੇ ਮਾਤਾ ਜੀ ਦੀ ਇਹ ਗੱਲ ਸੁਣ ਕੇ ਮਾਸੀ ਮੱਥੇ ‘ਤੇ ਉੱਭਰੀਆਂ ਤਿਊੜੀਆਂ ਨੂੰ ਕੁਝ ਕੁ ਹੋਰ ਪੀਡੀਆਂ ਕਰ ਖ਼ਾਮੋਸ਼ ਹੋ ਗਈ, ਜਿਵੇਂ ਰੱਸੀ ਸੜ ਗਈ ਹੋਵੇ, ਪਰ ਵੱਟ ਨਾ ਗਿਆ ਹੋਵੇ।

”ਗੁਰਸ਼ਾਨ, ਵੇਖੀਂ ਤਾਂ ਬਾਹਰ ਕੌਣ ਆਇਐ?” ਗੇਟ ਖੜਕਣ ਦੀ ਆਵਾਜ਼ ਸੁਣ ਕੇ ਮਾਸੀ ਨੇ ਮੈਨੂੰ ਆਖਿਆ। ਮੈਂ ਗੇਟ ਖੋਲ੍ਹਿਆ। ਕੁਲਬੀਰ ਸ਼ਹਿਰੋਂ ਆਇਆ ਸੀ।

”ਕੁਲਬੀਰ ਪੁੱਤਰ, ਸਾਨੂੰ ਤਾਂ ਅੱਜ ਈ ਤੇਰੇ ਡੈਡੀ ਨੇ ਮਾੜ੍ਹੀ ਜਿਹੀ ਗੱਲ ਦੱਸੀ ਐ। ਅਸੀਂ ਤਾਂ ਤੇਰੀ ਮੰਮੀ ਨੂੰ ਅੱਜ ਬਹੁਤ ਸਮਝਾਇਐ। ਹੁਣ ਤਾਂ ਕੁਝ ਸਮਝ ਗਈ ਲੱਗਦੀ ਐ। ਫਿਰ ਵੀ ਮੇਰੀ ਜਾਚੇ ਤੂੰ ਐਂ ਕਰੀਂ। ਹਰਮਨ ਸਟੱਡੀ ਬੇਸ ‘ਤੇ ਕੈਨੇਡਾ ਗਿਆ ਐ ਨਾ, ਇਹਨੂੰ ਪੰਜ-ਛੇ ਮਹੀਨੇ ਦੇ ਵੀਜ਼ੇ ‘ਤੇ ਉਹਦੇ ਕੋਲ ਭੇਜ ਦੇ। ਫਿਰ ਇਹਨੇ ਲੋਕਾਂ ਵੱਲ ਵੇਖ ਕੇ ਆਪੇ ਰਾਹ ‘ਤੇ ਆ ਜਾਣੈਂ।” ਮੇਰੀ ਮਾਤਾ ਜੀ ਨੇ ਸ਼ਹਿਰੋਂ ਮੁੜੇ ਆਪਣੇ ਭਾਣਜੇ ਨੂੰ ਵੱਖਰਾ ਕਰਕੇ ਸਲਾਹ ਦਿੱਤੀ।

”ਹਾਂ, ਮਾਸੀ ਜੀ! ਗੱਲ ਤੁਹਾਡੀ ਬਿਲਕੁਲ ਠੀਕ ਐ।” ਕੁਲਬੀਰ ਨੇ ਵੀ ਝੱਟ ਹਾਮੀ ਭਰ ਦਿੱਤੀ।

ਬੈਠਿਆਂ-ਬੈਠਿਆਂ ਖਾਸਾ ਨ੍ਹੇਰਾ ਹੋ ਗਿਆ ਸੀ। ਅਸਾਂ ਵੀ ਕਾਹਲੀ-ਕਾਹਲੀ ਮਾਸੜ ਜੀ ਹੋਰਾਂ ਤੋਂ ਇਜਾਜ਼ਤ ਲਈ ਤੇ ਕਾਰ ਆਪਣੇ ਪਿੰਡ ਵਾਲੇ ਰਾਹ ਪਾ ਲਈ।

”ਮਾਤਾ ਜੀ, ਵੇਖੋ ਨਾ! ਮਾਸੀ ਨੇ ਪਹਿਲਾਂ ਕਦੇ ਵੀ ਸਾਡੇ ਕੋਲ ਇਸ ਗੱਲ ਦਾ ਭੇਦ ਨ੍ਹੀਂ ਕੱਢਿਆ।” ਘਰ ਵਾਪਸ ਜਾਂਦਿਆਂ ਮੈਂ ਮਾਤਾ ਜੀ ਨਾਲ ਗੱਲ ਛੇੜੀ।

”ਗੁਰਸ਼ਾਨ, ਊਂ ਤਾਂ ਤੇਰੀ ਮਾਸੀ ਸਿਆਣੀ ਐਂ। ਇੰਨਾ ਤਾਂ ਉਹਨੂੰ ਪਤਾ ਐ, ਭਈ ਆਪਣੇ ਘਰ ਦਾ ਭੇਤ ਬਾਹਰ ਨ੍ਹੀਂ ਕੱਢੀਦੈ। ਆਪਣੇ ਈ ਖ਼ਾਨਦਾਨ ਦੀ ਬਦਨਾਮੀ ਹੁੰਦੀ ਆ। ਲੋਕਾਂ ਦਾ ਕੀ ਜਾਣੈਂ।” ਮੇਰੇ ਮਾਤਾ ਜੀ ਬੋਲੇ।

”ਮਾਤਾ ਜੀ, ਅੱਜ ਮੈਨੂੰ ਕੁਲਬੀਰ ਦਾ ਫੋਨ ਆਇਆ ਸੀ।”

ਇੱਕ ਦਿਨ ਸਕੂਲੋਂ ਪੜ੍ਹਾ ਕੇ ਆਉਂਦਿਆਂ ਹੀ ਮੈਂ ਮਾਤਾ ਜੀ ਨੂੰ ਦੱਸਿਆ।

”ਗੁਰਸ਼ਾਨ, ਉਹ ਕੀ ਆਖਦਾ ਸੀ?” ਮਾਤਾ ਜੀ ਨੇ ਅਹੁਲ ਕੇ ਪੁੱਛਿਆ।

”ਉਹ ਆਂਹਦਾ ਸੀ ਕਿ ਮੈਂ ਤੇ ਮੰਮੀ ਨੇ ਅੱਜ ਤੁਹਾਨੂੰ ਮਿਲਣ ਪਿੰਡ ਆਉਣੈਂ।”

”ਪੁੱਤ, ਸੁੱਖ-ਸਾਂਦ ਤਾਂ ਹੈ?”

”ਮਾਤਾ ਜੀ, ਊਂ ਤਾਂ ਸੁੱਖ-ਸਾਂਦ ਐ। ਉਹ ਦੱਸਦਾ ਸੀ ਕਿ ਮਾਸੀ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਐ। ਪਰਸੋਂ ਨੂੰ ਮਾਸੀ ਨੇ ਕੈਨੇਡਾ ਜਾਣ ਲਈ ਜਹਾਜ਼ ਚੜ੍ਹਨਾ ਐਂ। ਇਸ ਕਰ ਕੇ ਉਨ੍ਹਾਂ ਮਿਲਣ ਆਉਣਾ ਐਂ।” ਮੈਂ ਸਾਰੀ ਗੱਲ ਦੱਸੀ।

”ਗੁਰਸ਼ਾਨ, ਇਹ ਤਾਂ ਵਧੀਆ ਹੋ ਗਿਐ। ਨਾਲੇ ਤੇਰੀ ਮਾਸੀ ਆਪਣੇ ਛੋਟੇ ਮੁੰਡੇ ਨੂੰ ਮਿਲ ਆਊ ਤੇ ਨਾਲੇ ਕੈਨੇਡਾ ਘੁੰਮ ਫਿਰ ਆਊ।” ਮੇਰੇ ਮਾਤਾ ਜੀ ਨੇ ਝੱਟ ਜਵਾਬ ਦਿੱਤਾ।

ਮਾਸੀ ਨੂੰ ਕੈਨੇਡਾ ਗਿਆਂ ਮਹੀਨਾ ਕੁ ਹੋ ਗਿਆ ਸੀ। ਉਸ ਦਾ ਕਦੇ ਕੋਈ ਫੋਨ ਈ ਨਹੀਂ ਸੀ ਆਇਆ, ਜਿਵੇਂ ਉੱਧਰ ਜਾ ਕੇ ਸਾਨੂੰ ਭੁੱਲ ਈ ਗਈ ਹੋਏ। ਆਖਿਰ ਲੰਬਾ ਸਮਾਂ ਉਡੀਕਣ ਤੋਂ ਬਾਅਦ ਮਾਤਾ ਜੀ ਨੇ ਉਸ ਨੂੰ ਫੋਨ ਕੀਤਾ।

”ਹਾਂ, ਭੈਣ ਜੀ, ਮੈਂ ਠੀਕ-ਠਾਕ ਆਂ। ਬਸ ਮੈਨੂੰ ਫੋਨ ਕਰਨ ਦਾ ਟੈਮ ਈ ਨ੍ਹੀਂ ਮਿਲਿਆ। ਮੈਂ ਸੋਚਦੀ ਤਾਂ ਸੀ, ਕਦੇ ਭੈਣ ਜੀ ਨੂੰ ਫੋਨ ਕਰਾਂ, ਪਰ ਜਿੱਦਣ ਹਰਮਨ ਨੂੰ ਛੁੱਟੀ ਹੁੰਦੀ ਸੀ, ਓਦਣ ਉਹ ਮੈਨੂੰ ਬਾਹਰ ਘੁਮਾਉਣ ਫਿਰਾਉਣ ਲੈ ਜਾਂਦਾ ਸੀ। ਊਂ ਇਹਦਾ ਵੀ ਕਿਹੜਾ ਟੈਮ ਲੱਗਦਾ ਐ। ਬਸ ਜਾਂ ਕੰਮ ‘ਤੇ ਐ ਜਾਂ ਪੜ੍ਹਨ ਗਿਐ।” ਰਾਜ਼ੀ ਖ਼ੁਸ਼ੀ ਪੁੱਛਣ ਬਾਅਦ ਮਾਸੀ ਜੀ, ਮੇਰੇ ਮਾਤਾ ਜੀ ਨੂੰ ਖ਼ੂਬ ਦੱਸ ਰਹੇ ਸਨ।

”ਹਰਮਨ ਨੇ ਅਜੇ ਕਦੋਂ ਕੁ ਤੱਕ ਪੱਕਾ ਹੋਣਾ ਐਂ? ਸੁੱਖ ਨਾਲ ਇਹਨੂੰ ਗਏ ਨੂੰ ਚਾਰ-ਪੰਜ ਸਾਲ ਤਾਂ ਹੋ ਈ ਗਏ ਹੋਣੇ ਆਂ।” ਮਾਤਾ ਜੀ ਨੇ ਪੁੱਛਿਆ।

”ਭੈਣ ਜੀ, ਹੋ ਜਾਣਾ ਸਾਲ-ਛੇ ਕੁ ਮਹੀਨੇ ‘ਚ ਪੱਕਾ। ਊਂ ਹਰਮਨ ਨੇ ਇੱਕ ਕੁੜੀ ਨਾਲ ਕਾਗਜ਼ਾਂ ‘ਚ ਵਿਆਹ ਕਰਾਇਆ ਹੋਇਐ। ਵੇਖੋ, ਦੋਹਾਂ ‘ਚੋਂ ਕਿਹੜਾ ਪਹਿਲਾਂ ਪੱਕਾ ਹੁੰਦੈ। ਦੋਵੇਂ ਇਕੱਠੇ ਰਹਿੰਦੇ ਐ।” ਮਾਸੀ ਨੇ ਦੱਸਿਆ।

”ਕੁੜੀ ਕਿੱਥੋਂ ਦੀ ਆ?”

”ਭੈਣ ਜੀ, ਇਹ ਤਾਂ ਮੈਨੂੰ ਪਤਾ ਨ੍ਹੀਂ, ਪਰ ਕੁੜੀ ਹੈ ਬੜੀ ਸਿਆਣੀ। ਊਂ ਵੀ ਬੜੀ ਪੜ੍ਹੀ-ਲਿਖੀ ਆ। ਮੇਰੇ ਨਾਲ ਵੀ ਬੜਾ ਤੇਹ ਕਰਦੀ ਆ।”

”ਅਵਤਾਰ ਕੌਰੇ, ਤੇਰੇ ਪਸੰਦ ਆ?”

”ਭੈਣ ਜੀ, ਜਦੋਂ ਮੁੰਡੇ ਨੂੰ ਪਸੰਦ ਐ, ਫਿਰ ਮੈਨੂੰ ਕੀ? ਨਾਲੇ ਐਧਰ ਨ੍ਹੀਂ ਕੋਈ ਇਨ੍ਹਾਂ ਗੱਲਾਂ ਨੂੰ ਪੁੱਛਦਾ। ਜ਼ਿੰਦਗੀ ਤਾਂ ਮੁੰਡੇ-ਕੁੜੀ ਨੇ ਬਿਤਾਉਣੀ ਆਂ। ਹੁਣ ਸਾਡਾ ਕੀ ਭਰੋਸਾ?” ਮਾਸੀ ਖ਼ੂਬ ਦੱਸ ਰਹੀ ਸੀ। ਦੋ ਤਿੰਨ ਮਹੀਨੇ ਬਾਅਦ ਮਾਸੀ ਵਾਪਸ ਇੰਡੀਆ ਆ ਗਈ ਸੀ।

ਇੰਡੀਆ ਵਾਪਸ ਆ ਕੇ ਵੀ ਹੁਣ ਕਦੇ ਮਾਸੀ ਨੇ ਕਮਲੇਸ਼ ‘ਤੇ ਕੋਈ ਉਜ਼ਰ ਨਹੀਂ ਸੀ ਕੀਤਾ, ਜਿਵੇਂ ਕੋਈ ਯਾਤਰੂ ਜਹਾਜ਼ ਦੀ ਉਡਾਣ ਭਰਨ ਤੋਂ ਪਹਿਲਾਂ ਆਪਣੇ ਨਾਲ ਬੈਠੇ ਸਭ ਯਾਤਰੂਆਂ ਦੀ ਸੁੱਖ ਲੋੜਦਾ ਹੋਵੇ।
ਸੰਪਰਕ: +61 431 696 030



News Source link
#ਮਸ

- Advertisement -

More articles

- Advertisement -

Latest article