36.2 C
Patiāla
Sunday, May 19, 2024

ਅੱਗ…

Must read


ਸੁਰਿੰਦਰ ਗੀਤ

ਪਰਵਾਸੀ ਪੀੜਾ ਨੂੰ ਬਿਆਨ ਕਰਦੀ ਮੇਰੀ ਇੱਕ ਕਵਿਤਾ ਦੀਆਂ ਸਤਰਾਂ ਹਨ:

ਬਹੁਤ ਮੁਸ਼ਕਿਲ ਹੁੰਦਾ ਹੈ

ਚੰਗੀ ਰੋਟੀ ਦੀ ਤਲਾਸ਼ ਵਿੱਚ

ਚੁੱਲ੍ਹੇ ਮੂਹਰੇ ਬੈਠੀ ਮਾਂ ਨੂੰ

ਅੰਬ ਦੇ ਆਚਾਰ ਦੀ ਫਾੜੀ ਨਾਲ

ਰੋਟੀ ਖਾਂਦਿਆਂ ਛੱਡ

ਭਰੇ ਮਨ ਤੇ

ਡੁੱਲ੍ਹਦੀਆਂ ਅੱਖਾਂ ਨਾਲ

ਵਿਦੇਸ਼ ਤੁਰ ਜਾਣਾ

ਇਸ ਤੋਂ ਵੀ ਵੱਧ ਮੁਸ਼ਕਿਲ ਹੁੰਦਾ ਹੈ

ਮਾਂ ਦੀ ਮੌਤ ਦੀ ਖ਼ਬਰ ਸੁਣ ਕੇ

ਵਿਦੇਸ਼ ਤੋਂ ਪਰਤਣਾ

ਸਮੇਂ ਸਿਰ ਨਾ ਪੁੱਜ ਸਕਣਾ

ਮਾਂ ਦੀ ਚਿਖਾ ਨੂੰ ਸ਼ਰੀਕਾਂ ਦਾ ਅੱਗ ਦਿਖਾਉਣਾ

ਤੇ ਆਪ

ਬਲਦੀ ਚਿਖਾ ਵੱਲ

ਚੁੱਪ-ਚਾਪ ਦੇਖੀ ਜਾਣਾ

ਤੇ ਸਭ ਤੋਂ ਵੱਧ

ਮੁਸ਼ਕਿਲ ਹੁੰਦਾ ਹੈ

ਵਰ੍ਹਿਆਂ ਬਾਅਦ

ਵਿਦੇਸ਼ ਤੋਂ ਘਰ ਪਰਤਣਾ

ਉਡੀਕ ਕਰ ਰਹੇ

ਖ਼ਾਲੀ ਪਏ ਘਰ ਦੀ ਦਹਿਲੀਜ਼ ‘ਤੇ ਖੜ੍ਹ

ਵਿਹੜੇ ਵਿੱਚ ਉੱਗਿਆ

ਗੋਡੇ ਗੋਡੇ ਘਾਹ

ਤੇ ਡਿੱਗੀਆਂ ਛੱਤਾਂ ਨੂੰ ਦੇਖ

ਹੰਝੂ ਕੇਰੀ ਜਾਣਾ

ਤੇ ਕੁਝ ਨਾ ਕਹਿਣਾ

ਪਰ ਇਸ ਅਪਰੈਲ ( 2022) ਨੂੰ ਮੈਂ ਭਾਰਤ ਗਈ। ਮੇਰਾ ਘਰ ਖਾਲੀ ਨਹੀਂ ਸੀ। ਨਾ ਹੀ ਵਿਹੜੇ ਵਿੱਚ ਗੋਡੇ ਗੋਡੇ ਘਾਹ ਉੱਗਿਆ ਸੀ। ਛੱਤਾਂ ਵੀ ਕਾਇਮ ਸਨ। ਘਰ ਦੇ ਵੱਡ ਆਕਾਰ ਵਿਹੜੇ ਦੇ ਐਨ ਵਿਚਕਾਰ ਮੇਰੇ ਬਾਪੂ ਜੀ ਨੇ ਬਹੁਤ ਸੋਹਣਾ ਬਗੀਚਾ ਬਣਵਾਇਆ ਸੀ। ਅਸ਼ੋਕਾ ਦੇ ਉੱਚੇ ਤੇ ਸਿੱਧੇ ਸਪਾਟ ਖੜ੍ਹੇ ਰੁੱਖਾਂ ਨਾਲ ਚਾਰੇ ਪਾਸਿਓਂ ਘਿਰੇ ਮਖ਼ਮਲੀ ਘਾਹ ਦੇ ਆਲੇ ਦੁਆਲੇ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜਦੇ ਸਨ। ਗੇਂਦੇ ਦੇ ਗੁੰਦਵੇਂ ਗੁੰਦਵੇਂ ਫੁੱਲ ਤੇ ਖਿੜਿਆ ਗੁਲਾਬ ਤਾਂ ਬਹੁਤ ਹੀ ਸੋਹਣਾ ਲੱਗਦਾ। ਕੁਝ ਸੰਤਰਿਆਂ ਤੇ ਨਿੰਬੂਆਂ ਦੇ ਬੂਟੇ ਚੰਗਾ ਫ਼ਲ ਦੇਣ ਲੱਗ ਪਏ ਸਨ। ਚੀਕੂਆਂ ਦਾ ਬੂਟਾ ਤਾਂ ਏਨਾ ਲੱਦ ਜਾਂਦਾ ਸੀ ਕਿ ਟਾਹਣੀਆਂ ਥੱਲੇ ਨੂੰ ਵਿੱਛ ਜਾਂਦੀਆਂ ਸਨ। ਜੋ ਵੀ ਸਾਡੇ ਘਰ ਆਉਂਦਾ ਘਰ ਦੇ ਇਸ ਬਗੀਚੇ ਦੀ ਤਾਰੀਫ਼ ਕੀਤੇ ਬਿਨਾਂ ਨਾ ਰਹਿ ਸਕਦਾ। ਗੁਆਢੋਂ ਪਿੰਡ ਦੀ ਪੰਡਤਾਣੀ ਰੋਜ਼ ਇੱਕ ਦੋ ਫੁੱਲ ਤੋੜ ਕੇ ਲੈ ਜਾਂਦੀ ਸੀ। ਬਹੁਤੀ ਵਾਰ ਮਲਕੜੇ ਜਿਹੇ ਆ ਕੇ ਅੱਖ ਬਚਾ ਕੇ ਤੇ ਕਈ ਵਾਰ ਮੇਰੀ ਮਾਂ ਤੋਂ ਪੁੱਛ ਕੇ। ਮੈਨੂੰ ਚੰਗਾ ਨਹੀਂ ਸੀ ਲੱਗਦਾ ਕਿ ਉਹ ਪੱਥਰ ਦੀ ਮੂਰਤੀ ਪੂਜਣ ਲਈ ਜਿਊਂਦੇ ਜਾਗਦੇ ਫੁੱਲਾਂ ਨੂੰ ਟਾਹਣੀ ਤੋਂ ਤੋੜੇ। ਮੈਂ ਜਦੋਂ ਵੀ ਭਾਰਤ ਜਾਂਦੀ ਤਾਂ ਉਸ ਲਈ ਮੁਸੀਬਤ ਬਣ ਜਾਂਦੀ ਕਿਉਂਕਿ ਮੈਂ ਫੁੱਲ ਤੋੜਨ ਤੋਂ ਮਨ੍ਹਾ ਕਰਦੀ ਰਹਿੰਦੀ ਸਾਂ।

ਬਾਪੂ ਜੀ ਦੀ ਮੌਤ ਤੋਂ ਬਾਅਦ ਮਾਂ ਨੇ ਬਗੀਚੇ ਨੂੰ ਓਸੇ ਤਰ੍ਹਾਂ ਕਾਇਮ ਰੱਖਿਆ। ਮਾਂ ਦੇ ਚਲੇ ਜਾਣ ‘ਤੇ ਘਰ ਦੇ ਨੌਕਰ ਜੋ ਪਹਿਲਾਂ ਘਰ ਦਾ ਕੰਮ ਕਾਜ ਕਰਦੇ ਸਨ ਉੱਥੇ ਰਹਿਣ ਲੱਗ ਪਏ। ਰਹਿੰਦੇ ਤਾਂ ਉਹ ਪਹਿਲਾਂ ਵੀ ਉੱਥੇ ਸਨ, ਪਰ ਓਦੋਂ ਉਹ ਜ਼ਿਆਦਾ ਆਪਣੇ ਕਮਰੇ ਤੱਕ ਹੀ ਸੀਮਤ ਹੁੰਦੇ ਸਨ, ਪਰ ਮਾਂ ਦੀ ਮੌਤ ਬਾਅਦ ਅਸੀਂ ਉਨ੍ਹਾਂ ਨੂੰ ਵੱਡਾ ਹਾਲ ਕਮਰਾ ਤੇ ਰਸੋਈ ਵਰਤਣ ਲਈ ਦੇ ਦਿੱਤੀ। ਸੋਚਿਆ ਕਿ ਘਰ ਖੁੱਲ੍ਹਾ ਰਹੇਗਾ। ਬੰਦ ਘਰ ਤਾਂ ਖਾਣ ਨੂੰ ਆਉਂਦੇ ਹਨ।

ਇਸ ਵਾਰ ਮੈਂ ਜਦੋਂ ਗੇਟ ‘ਤੇ ਜਾ ਕੇ ਡੋਰ ਬੈੱਲ ਕੀਤੀ ਤਾਂ ਚੰਗਾ ਲੱਗਿਆ ਕਿ ਘਰ ਦਾ ਖੁੱਲ੍ਹਾ ਡੁੱਲ੍ਹਾ ਵਿਹੜਾ ਸਾਫ਼ ਸੁਥਰਾ ਪਿਆ ਸੀ। ਚੰਗਾ ਲੱਗਿਆ ਕਿ ਘਰ ਦੀ ਸਾਂਭ ਸੰਭਾਲ ਹੋ ਰਹੀ ਹੈ। ਸਾਲ ਬਾਅਦ ਆਵਾਂ ਜਾਂ ਦੋ ਸਾਲਾਂ ਬਾਅਦ ਆਵਾਂ ਵਿਹੜੇ ‘ਚ ਗੋਡੇ ਗੋਡੇ ਉੱਗਿਆ ਘਾਹ ਨਹੀਂ ਮਿਲਦਾ।

ਰਸਮੀ ਜਿਹੀ ਗੱਲਬਾਤ ਤੋਂ ਬਾਅਦ ਮੈਂ ਬਗੀਚੇ ਕੋਲ ਜਾ ਖਲੋਤੀ। ਮਨ ਕੁਰਲਾ ਉੱਠਿਆ। ਬਗੀਚੇ ਦੇ ਐਨ ਵਿਚਕਾਰ ਸਵਾਹ ਦਾ ਗੋਲ ਆਕਾਰ ਦਾ ਵੱਡਾ ਸਾਰਾ ਨਿਸ਼ਾਨ ਸੀ। ਸਪੱਸ਼ਟ ਸੀ ਕਿ ਏਥੇ ਰੱਖ ਕੇ ਕੁਝ ਸਾੜਿਆ ਗਿਆ ਹੈ।

“ਇਹ ਕੀ?”… ਮੈਂ ਮਨ ਹੀ ਮਨ ਸੋਚਣ ਲੱਗ ਪਈ।

ਇਕਦਮ ਤਰ੍ਹਾਂ ਤਰ੍ਹਾਂ ਦੇ ਖ਼ਿਆਲਾਂ ਨੇ ਮਨ ਨੂੰ ਘੇਰ ਲਿਆ। ਆਪ ਮੁਹਾਰੇ ਮੇਰੀਆਂ ਅੱਖਾਂ ‘ਚੋਂ ਅੱਥਰੂ ਵਹਿ ਤੁਰੇ। ਬਾਪੂ ਜੀ ਦੀ ਮੌਤ ਤੋਂ ਬਾਅਦ ਮੈਂ ਇਸ ਤਰ੍ਹਾਂ ਦਾ ਸਵਾਹ ਦਾ ਨਿਸ਼ਾਨ ਪਿੰਡ ਦੇ ਸਿਵਿਆਂ ਵਿੱਚ ਦੇਖਿਆ ਸੀ ਤੇ ਅੱਜ ਫਿਰ ਇਹ ਸਵਾਹ ਦਾ ਨਿਸ਼ਾਨ ਮੈਨੂੰ ਮੇਰੇ ਪੁਰਖਿਆਂ ਦੇ ਸਿਵੇ ਦੇ ਨਿਸ਼ਾਨ ਦੀ ਤਰ੍ਹਾਂ ਲੱਗ ਰਿਹਾ ਸੀ।

ਏਨੇ ਨੂੰ ਉੱਥੇ ਰਹਿੰਦੇ ਪਰਿਵਾਰ ਦੇ ਦੋਵੇਂ ਮੈਂਬਰ ਮੇਰੇ ਕੋਲ ਆ ਖੜ੍ਹੇ ਹੋਏ। ਉਹ ਦੋ ਜਣੇ ਤੇ ਉਨ੍ਹਾਂ ਦੇ ਦੋ ਬੱਚੇ ਹੀ ਤਾਂ ਹਨ ਜਿਹੜੇ ਉੱਥੇ ਰਹਿੰਦੇ ਹਨ।

“ਰਾਣੀ…. ਬਗੀਚੇ ਵਿੱਚ ਸਵਾਹ ਕਿੱਥੋਂ ਆ ਗਈ।” ਕਹਿ ਕੇ ਮੈਂ ਉਸ ਦੇ ਚਿਹਰੇ ਵੱਲ ਵੇਂਹਦੀ ਵੇਂਹਦੀ ਜਵਾਬ ਉਡੀਕਣ ਲੱਗ ਪਈ।

ਮੇਰੇ ਪਿੰਡ ਦੇ ਹੋਣ ਕਰਕੇ ਉਹ ਮੈਨੂੰ ਭੂਆ ਜੀ ਕਹਿ ਕੇ ਹੀ ਸੰਬੋਧਨ ਕਰਦੇ ਹਨ।

“ਭੂਆ ਜੀ…ਪੱਤੇ ਬਹੁਤ ਝੜ ਗਏ ਸਨ। ਇਕੱਠੇ ਕਰਕੇ ਏਥੇ ਹੀ ਅੱਗ ਲਾ ਦਿੱਤੀ।” ਰਾਣੀ ਨੇ ਬੜੇ ਆਰਾਮ ਨਾਲ ਜਵਾਬ ਦਿੱਤਾ।

ਮੇਰੇ ਚਿਹਰੇ ਦੇ ਹਾਵ ਭਾਵ ਦੇਖ ਕੇ ਫਿਰ ਬੋਲ ਪਈ, ”ਭੂਆ ਜੀ, ਘਾਹ ਤਾਂ ਸਾਰਾ ਸੁੱਕਾ ਪਿਆ ਹੈ… ਤਾਂ ਹੀ ਏਥੇ ਅੱਗ ਲਾਈ ਹੈ।”

ਰਾਣੀ ਦੇ ਮੂੰਹੋਂ ਇਹ ਸੁਣ ਕੇ ਇੱਕ ਵਾਰ ਤਾਂ ਮਨ ‘ਚ ਆਇਆ ਕਿ ਦੋ ਕਰਾਰੀਆਂ ਜਿਹੀਆਂ ਚਪੇੜਾਂ ਜੜ ਦੇਵਾਂ। ਆਪਣੇ ਗੁੱਸੇ ਨੂੰ ਮੈਂ ਬੜੀ ਮੁਸ਼ਕਿਲ ਨਾਲ ਆਪਣੇ ਅੰਦਰ ਹੀ ਨਿਗਲ ਲਿਆ। ਬਗੀਚੇ ਦੇ ਐਨ ਵਿਚਕਾਰ ਕਰਕੇ ਪੱਤਿਆਂ ਨੂੰ ਅੱਗ ਲਾਉਣੀ… ਕਿੰਨਾ ਖ਼ਤਰਨਾਕ ਹੋ ਸਕਦਾ ਹੈ ਆਸ ਪਾਸ ਦੇ ਪੌਂਦਿਆਂ ਨੂੰ… ਸਿੱਧੇ ਖਲੋਤੇ ਅਸ਼ੋਕਾ ਦੇ ਰੁੱਖਾਂ ਨੂੰ… ਹਾਰ ਸਿੰਗਾਰ ਨੂੰ…ਨਿੰਬੂ, ਸੰਤਰੇ ਤੇ ਚੀਕੂ ਦੇ ਪੌਦੇ ਨੂੰ ਜੋ ਰੁੱਤ ਆਉਣ ‘ਤੇ ਫ਼ਲ ਨਾਲ ਲੱਦ ਜਾਂਦੇ ਹਨ।

ਉਸ ਤੋਂ ਕੁਝ ਦਿਨਾਂ ਬਾਅਦ ਹੀ ਕਣਕ ਦੀ ਵਾਢੀ ਦਾ ਕੰਮ ਖ਼ਤਮ ਹੋ ਗਿਆ। ਕੋਈ ਟਾਵਾਂ ਟਾਵਾਂ ਖੇਤ ਹੀ ਰਹਿ ਗਿਆ ਸੀ ਜਿੱਥੇ ਕਣਕ ਖੜ੍ਹੀ ਸੀ। ਜਿਉਂ ਹੀ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਨਿਬੇੜਿਆ ਤਾਂ ਆਪਣੇ ਹੀ ਪ੍ਰਾਣਾਂ ਤੋਂ ਪਿਆਰੇ ਖੇਤਾਂ ਵਿੱਚ ਕਣਕ ਦੀ ਨਾੜ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਜਿੱਧਰ ਦੇਖੋ ਅੱਗ ਹੀ ਅੱਗ ਦਿਖਾਈ ਦੇਣ ਲੱਗ ਪਈ। ਅੱਗ ਦੇ ਬੜੇ ਡਰਾਉਣੇ ਅਤੇ ਭਿਆਨਕ ਦ੍ਰਿਸ਼। ਖੇਤਾਂ ‘ਚ ਬਲਦੀ ਅੱਗਾਂ ਬਲਦੇ ਸਿਵੇ ਲੱਗਦੇ। ਇਹ ਸੋਚ ਕੇ ਮੈਂ ਘਬਰਾ ਜਾਂਦੀ …ਨਹੀਂ ਇਹ ਤਾਂ ਮੇਰੇ ਪੰਜਾਬ ਦੇ ਖੇਤ ਹਨ। ਖੇਤਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਮਨ ਵਿੱਚ ਨਹੀਂ ਲਿਆਉਣੇ ਚਾਹੀਦੇ ਅਤੇ ਨਾ ਹੀ ਲਿਖਣੇ ਚਾਹੀਦੇ ਹਨ। ਮੈਂ ਬਥੇਰਾ ਆਪਣੇ ਆਪ ਨੂੰ ਸਮਝਾਇਆ, ਪਰ ਆਪਣੀਆਂ ਅੱਖਾਂ ਨੂੰ ਕਿਵੇਂ ਸਮਝਾਉਂਦੀ ਜੋ ਬਲਦੇ ਸਿਵਿਆਂ ਵਰਗਾ ਸਭ ਕੁਝ ਦੇਖ ਰਹੀਆਂ ਸਨ।

ਇੱਕ ਵਾਰ ਆਪਣੇ ਪਿੰਡ ਤੋਂ ਧੂਰੀ ਜਾਂਦਿਆਂ ਤਾਂ ਇਉਂ ਲੱਗਣ ਲੱਗ ਪਿਆ ਕਿ ਜਾਂ ਤਾਂ ਪਿੱਛੇ ਮੁੜਨਾ ਪੈਣਾ ਹੈ ਜਾਂ ਕਾਰ ਸਮੇਤ ਅੱਗ ‘ਚ ਝੂਲਸ ਜਾਣਾ ਹੈ। ਸੜਕ ਦੇ ਦੋਵੇਂ ਪਾਸੇ ਸੜ ਰਹੇ ਖੇਤ। ਵਿਚਾਲੇ ਧੂੰਆਂ ਕੋਲ ਤੰਗ ਜਿਹੀ ਸੜਕ। ਧੂੰਆਂ ਵੀ ਏਨਾ ਸੰਘਣਾ ਕਿ ਕਾਰ ਅੱਗੇ ਤੋਰਨਾ ਖ਼ਤਰੇ ਤੋਂ ਖਾਲੀ ਨਹੀਂ ਸੀ, ਪਰ ਸਦਕੇ ਜਾਈਏ ਪੰਜਾਬ ਦੇ ਪੁੱਤਾਂ ਦੇ ਜਿਹੜੇ ਨਾ ਅੱਗ ਲਾਉਣ ਲੱਗੇ ਡਰਦੇ ਹਨ ਤੇ ਨਾ ਹੀ ਬਲਦੀ ਅੱਗ ਨੂੰ ਚੀਰ ਕੇ ਲੰਘਣ ਤੋਂ ਡਰਦੇ ਹਨ। ਡਰਾਈਵਰ ਨੇ ਏ.ਸੀ. ਬੰਦ ਕਰ ਲਿਆ ਤੇ ਕਾਰ ਧੂੰਏਂ ‘ਚੋਂ ਲੰਘਾ ਲਈ, ਪਰ ਮੈਂ ਸੜਕ ਦੇ ਦੋਵੇਂ ਕਿਨਾਰਿਆਂ ‘ਤੇ ਖੜ੍ਹੇ ਰੁੱਖਾਂ ਬਾਰੇ ਸੋਚ ਰਹੀ ਸਾਂ ਕਿ ਉਨ੍ਹਾਂ ਨੇ ਅੱਗ ਦੇ ਸੇਕ ਤੇ ਧੂੰਏਂ ਨੂੰ ਕਿਵੇਂ ਝੇਲਿਆ ਹੋਵੇਗਾ। ਕਈ ਥਾਵਾਂ ‘ਤੇ ਤਾਂ ਛੋਟੇ ਬੂਟੇ ਅੱਗ ਦੇ ਸੇਕ ਨਾਲ ਹੀ ਝੁਲਸੇ ਜਾਂਦੇ ਹਨ ਤੇ ਉਨ੍ਹਾਂ ਦੇ ਦੁਬਾਰਾ ਹਰੇ ਹੋਣ ਦੀ ਉਮੀਦ ਨਹੀਂ ਰਹਿੰਦੀ। ਕਈ ਥਾਵਾਂ ‘ਤੇ ਤਾਂ ਇਹ ਵੀ ਦੇਖਣ ਨੂੰ ਮਿਲਿਆ ਕਿ ਸਾਲ ਦੋ ਸਾਲ ਪਹਿਲਾਂ ਵੱਟਾਂ ‘ਤੇ ਲਾਏ ਬੂਟਿਆਂ ਨੂੰ ਲੋਕਾਂ ਨੇ ਆਪਣੇ ਹੱਥੀਂ ਲਾਈ ਅਜਿਹੀ ਅੱਗ ਦੀ ਭੇਟ ਚੜ੍ਹਾ ਦਿੱਤਾ ਤੇ ਆਪਣੇ ਹੱਥੀਂ ਖੇਤਾਂ ‘ਚ ਬਲਦੀ ਅੱਗ ਬਹੁਤ ਵਾਰ ਤਾਂ ਕੀ ਆਮ ਕਰਕੇ ਘਰਾਂ ਦੇ ਏਨਾ ਨੇੜੇ ਹੁੰਦੀ ਹੈ ਕਿ ਦੇਖ ਕੇ ਦਿਲ ਕੰਬ ਜਾਂਦਾ ਹੈ।

ਮੈਂ ਜਿੰਨੇ ਦਿਨ ਪੰਜਾਬ ‘ਚ ਰਹੀ ਓਨੇ ਦਿਨ ਭੈੜੀਆਂ ਤੇ ਦਿਲ ਕੰਬਾਊ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹੀਆਂ। ਕਿਤੇ ਮਾਸੂਮ ਸਕੂਲੀ ਬੱਚਿਆਂ ਨਾਲ ਭਰੀ ਵੈਨ ਬਲਦੀ ਅੱਗ ਦੀ ਲਪੇਟ ਵਿੱਚ ਆ ਗਈ ਤੇ ਕਿਧਰੇ ਗ਼ਰੀਬਾਂ ਦੀਆਂ ਝੁੱਗੀਆਂ ਸੜ ਗਈਆਂ। ਉਸ ਗ਼ਰੀਬ ਬਾਲੜੀ ਦਾ ਕੀ ਕਸੂਰ ਸੀ ਜਿਹੜੀ ਸਾਡੀ ਲਾਈ ਅੱਗ ਦੀ ਲਪੇਟ ਵਿੱਚ ਆ ਗਈ। ਉਸ ਦੀਆਂ ਚੀਕਾਂ ਨੇ ਕਿਸੇ ਦੀ ਹਿੱਕ ਨਹੀਂ ਵਿੰਨ੍ਹੀ। ਆਲ੍ਹਣਿਆਂ ‘ਚ ਸੜੇ ਪੰਛੀ, ਪੰਛੀਆਂ ਦੇ ਬੋਟ ਜਾਂ ਅੰਡੇ ਸਾਨੂੰ ਕਦੋਂ ਮੁਆਫ਼ ਕਰਨਗੇ। ਉਨ੍ਹਾਂ ਮੱਝਾਂ ਗਾਵਾਂ ਨੂੰ ਜਿਊਂਦੇ ਸੜਦੇ ਵੇਖਣਾ ਤੇ ਫਿਰ ਕੁਝ ਨਾ ਕਹਿਣਾ, ਕੀ ਮਨੁੱਖੀ ਵਰਤਾਰਾ ਹੈ। ਆਪਣੇ ਨਫ਼ੇ ਨੁਕਸਾਨ ਤਾਂ ਅਸੀਂ ਵਿੰਗੇ ਟੇਢੇ ਢੰਗਾਂ ਨਾਲ ਪੂਰੇ ਕਰ ਲੈਂਦੇ ਹਾਂ, ਪਰ ਉਸ ਕੁਦਰਤ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ ਜਿਸ ਦੇ ਕਣ ਕਣ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ। ਕਹਿਣ ਨੂੰ ਤਾਂ ਕਹਿ ਦਿੰਦੇ ਹਾਂ ਕਿ ਰੁੱਖ ਬੂਟੇ ਕਿਹੜਾ ਬੋਲਦੇ ਹਨ, ਪਰ ਜ਼ਰਾ ਆਪਣੀ ਸੰਵੇਦਨਾ ਦਾ ਬੂਹਾ ਖੁੱਲ੍ਹਾ ਰੱਖ ਕੇ ਵੇਖੋ, ਉਨ੍ਹਾਂ ਦੀਆਂ ਚੀਕਾਂ ਸਾਫ਼ ਸੁਣਾਈ ਦੇ ਜਾਣਗੀਆਂ ਤੇ ਆਪਣੇ ਆਪ ਨੂੰ ਲਾਹਨਤਾਂ ਵੀ ਪੈ ਜਾਣਗੀਆਂ।

ਮੈਂ ਨਾ ਤਾਂ ਖੇਤੀ ਮਾਹਿਰ ਹਾਂ ਤੇ ਨਾ ਹੀ ਮੈਨੂੰ ਵਿਗਿਆਨ ਦੀ ਬਹੁਤ ਸੋਝੀ ਹੈ, ਪਰ ਏਨਾ ਜ਼ਰੂਰ ਜਾਣਦੀ ਹਾਂ ਕਿ ਕਣਕ ਦੀ ਨਾੜ ਜਾਂ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਧਰਤੀ ਮਾਂ ਦੀ ਕੁੱਖ ਨੂੰ ਨਕਾਰਾ ਬਣਾ ਦਿੰਦੀ ਹੈ, ਬਿਲਕੁਲ ਓਸੇ ਤਰ੍ਹਾਂ ਜਿਵੇਂ ਕੋਈ ਸਿਗਰਟ ਪੀਣ ਦੀ ਆਦੀ ਔਰਤ ਸਿਹਤਮੰਦ ਬੱਚੇ ਨੂੰ ਜਨਮ ਨਹੀਂ ਦਿੰਦੀ। ਧਰਤੀ ਦੀ ਉਪਜਾਊ ਸ਼ਕਤੀ ਨੂੰ ਬਹੁਤ ਵੱਡੀ ਮਾਰ ਪੈਂਦੀ ਹੈ ਤੇ ਇਸ ਨੂੰ ਪੂਰਾ ਕਰਨ ਲਈ ਤੇ ਅਗਲੀ ਫ਼ਸਲ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਵੱਧ ਤੋਂ ਵੱਧ ਖਾਦਾਂ ਤੇ ਜ਼ਹਿਰੀ ਦਵਾਈਆਂ ਦੀ ਵਰਤੋਂ ਕਰਦੇ ਹਾਂ ਜੋ ਹਰ ਤਰੀਕੇ ਨਾਲ ਮਨੁੱਖਾ ਜੀਵਨ ਤਾਂ ਕੀ ਹਰ ਪ੍ਰਕਾਰ ਦੀ ਜ਼ਿੰਦਗੀ ਲਈ ਮਾਰੂ ਸਾਬਤ ਹੁੰਦੇ ਹਨ।

ਹਾਂ! ਇੱਕ ਘਟਨਾ ਯਾਦ ਆ ਗਈ। ਮੈਂ ਆਪਣੇ ਪਿੰਡ ਦੇ ਖੇਤਾਂ ਦੇ ਬਿਲਕੁਲ ਨੇੜੇ ਕਿਸੇ ਦੇ ਘਰ ਉਨ੍ਹਾਂ ਨੂੰ ਮਿਲਣ ਗਈ। ਸਵੇਰ ਦੇ ਗਿਆਰਾਂ ਕੁ ਵਜੇ ਸਨ। ਰੌਲਾ ਪੈ ਗਿਆ ਕਿ ਅੱਗ ਲੱਗ ਗਈ। ਮੈਂ ਵੀ ਬਾਕੀ ਲੋਕਾਂ ਸਮੇਤ ਅੱਗ ਦੇਖਣ ਬਾਹਰ ਆ ਖੜ੍ਹੀ ਹੋਈ। ਸੁੱਖ ਦਾ ਸਾਹ ਆਇਆ ਜਦੋਂ ਕੋਈ ਭੀੜ ਦੇ ਵਿੱਚੋਂ ਹੀ ਬੋਲ ਪਿਆ ਕਿ ਅੱਗ ਕਣਕ ਦੀ ਨਾੜ ਨੂੰ ਲੱਗੀ ਹੈ ਕਣਕ ਨੂੰ ਨਹੀਂ। ਇਸ ਦੇ ਨਾਲ ਹੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਨਾਲ ਹੀ ਹਾਲੇ ਵੱਢਣ ਵਾਲੀ ਕਣਕ ਖੜ੍ਹੀ ਹੈ। ਅੱਗ ਤੇਜ਼ੀ ਨਾਲ ਓਧਰ ਨੂੰ ਵਧ ਰਹੀ ਸੀ।

ਹਵਾ ਤੇਜ਼ ਹੋਈ ਹੋਵੇ ਜਾਂ ਨਾ, ਪਰ ਤੇਜ਼ ਹੋਈ ਜਾਪਦੀ ਸੀ। ਕੀ ਵੇਖਦੀ ਹਾਂ ਕਿ ਮਿੰਟਾਂ ਸਕਿੰਟਾਂ ਵਿੱਚ ਹੀ ਚਾਰੇ ਪਾਸਿਆਂ ਤੋਂ ਕਿਸਾਨ ਅੱਗ ਵਾਲੀ ਥਾਂ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕੋਈ ਏਧਰੋਂ ਭੱਜਾ ਆਇਆ ਤੇ ਕੋਈ ਓਧਰੋਂ। ਕੋਈ ਰਾਹ ਜਾਂਦਾ ਖੜ੍ਹ ਗਿਆ ਤੇ ਕੋਈ ਘਰੋਂ ਭੱਜ ਕੇ ਪੁੱਜ ਗਿਆ। ਜਿਹੜੇ ਨੇੜੇ ਜ਼ਮੀਨ ਵਾਹ ਰਹੇ ਸਨ, ਉਹ ਆਪਣੇ ਟਰੈਕਟਰ ਲੈ ਕੇ ਆ ਗਏ ਤੇ ਲੱਗੀ ਅੱਗ ਦੇ ਮੂਹਰੇ ਮੂਹਰੇ ਜ਼ਮੀਨ ਵਾਹੁਣ ਲੱਗ ਪਏ ਤਾਂ ਜੋ ਅੱਗ ਨੂੰ ਖੜ੍ਹੀ ਕਣਕ ਵੱਲ ਜਾਣੋਂ ਰੋਕਿਆ ਜਾ ਸਕੇ। ਕੋਈ ਟਾਹਣ ਵੱਢ ਕੇ ਅੱਗ ‘ਤੇ ਮਾਰ ਮਾਰ ਅੱਖ ਬੁਝਾਉਣ ਲੱਗ ਪਿਆ ਤੇ ਵੇਂਹਦੇ ਵੇਂਹਦੇ ਕਿਸਾਨ ਆਪਣੇ ਅੱਗ ਬੁਝਾਉਣ ਵਾਲੇ ਆਪ ਬਣਾਏ ਦੇਸੀ ਜੁਗਾੜ ਆਪਣੀਆਂ ਟਰਾਲੀਆਂ ‘ਤੇ ਲੱਦ ਲੈ ਆਏ। ਪਤਾ ਹੀ ਨਹੀਂ ਲੱਗਿਆ ਜਦੋਂ ਪਿੰਡ ਦੇ ਲੋਕਾਂ ਨੇ ਨਾੜ ਨੂੰ ਲੱਗੀ ਅੱਗ ‘ਤੇ ਕਾਬੂ ਪਾ ਲਿਆ ਤੇ ਖੜ੍ਹੀ ਕਣਕ ਨੂੰ ਸੜਨ ਤੋਂ ਬਚਾ ਲਿਆ।

ਇਸ ਤਰ੍ਹਾਂ ਘਟਨਾਵਾਂ ਪੰਜਾਬ ਵਿੱਚ ਆਮ ਵਾਪਰਦੀਆਂ ਹਨ। ਸਾਲ ਵਿੱਚ ਦੋ ਵਾਰ ਇਸ ਤਰ੍ਹਾਂ ਦੀ ਅੱਗ ਚਰਚਾ ਵਿੱਚ ਆਉਂਦੀ ਹੈ। ਹਾੜ੍ਹੀ ਦੀ ਰੁੱਤੇ ਕਣਕ ਦੀ ਨਾੜ ਨੂੰ ਲੱਗਦੀ ਅੱਗ ਤੇ ਸਾਉਣੀ ਦੀ ਰੁੱਤੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਨ ਨੂੰ ਗੰਧਲਾ ਕਰਨ ਦਾ ਮਸਲਾ ਭਖ ਉੱਠਦਾ ਹੈ। ਸ਼ਾਇਦ ਕਿਸਾਨਾਂ ਨੂੰ ਜਾਪਦਾ ਹੋਵੇਗਾ ਕਿ ਇਸ ਤਰ੍ਹਾਂ ਖੇਤ ਨੂੰ ਅੱਗ ਲਾ ਕੇ ਉਹ ਕਣਕ ਦੀ ਨਾੜ ਤੇ ਝੋਨੇ ਦੀ ਪਰਾਲੀ ਤੋਂ ਬਹੁਤ ਸੌਖੇ ਤਰੀਕੇ ਨਾਲ ਛੁਟਕਾਰਾ ਪਾ ਲੈਂਦੇ ਹਨ, ਪਰ ਇਸ ਗੱਲ ਤੋਂ ਬੇਖ਼ਬਰ ਹੁੰਦੇ ਹਨ ਕਿ ਉਹ ਉਸ ਵੇਲੇ ਵਾਤਾਵਰਨ ਦਾ ਕਿੰਨਾ ਨੁਕਸਾਨ ਕਰ ਰਹੇ ਹੁੰਦੇ ਹਨ। ਇਹ ਸਾਰੇ ਦਾ ਸਾਰਾ ਧੂੰਆਂ ਸਾਡੀ ਉਸ ਪੌਣ ਨੂੰ ਪ੍ਰਦੂਸ਼ਿਤ ਕਰਦਾ ਹੈ ਜਿਸ ਨੂੰ ਬਾਬੇ ਨਾਨਕ ਨੇ ਗੁਰੂ ਦਾ ਦਰਜਾ ਦਿੱਤਾ ਹੈ। ਇਹ ਧੂੰਆਂ ਸਾਡੇ ਅੰਦਰ ਜਾਂਦਾ ਹੈ। ਸਾਹ ਦੀਆਂ ਅਨੇਕ ਤਰ੍ਹਾਂ ਦੀਆਂ ਮਾਰੂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਅੱਖਾਂ ਦੀ ਜੋਤ ਘਟਦੀ ਹੈ।

ਮਨੁੱਖੀ ਨੁਕਸਾਨ ਤੋਂ ਇਲਾਵਾ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਇਹ ਅੱਗ ਬਰਬਾਦ ਕਰਦੀ ਹੈ। ਧਰਤੀ ‘ਚ ਪਲਦੇ ਅਨੇਕ ਤਰ੍ਹਾਂ ਦੇ ਜੀਵਾਣੂ ਜੋ ਉਪਜਾਊ ਸ਼ਕਤੀ ਵਧਾਉਂਦੇ ਹਨ, ਮਰ ਜਾਂਦੇ ਹਨ। ਇਸ ਘਾਟ ਦੀ ਪੂਰਤੀ ਅਸੀਂ ਰਸਾਇਣਕ ਖਾਦਾਂ ਦੀਆਂ ਬੋਰੀਆਂ ਤੇ ਬੋਰੀਆਂ ਪਾ ਕੇ ਕਰਦੇ ਹਾਂ। ਨੀਟਨਾਸ਼ਕ ਦਵਾਈਆਂ ਦੇ ਸਪਰੇਅ ਜਿੱਥੇ ਜਿਣਸ ਨੂੰ ਜ਼ਹਿਰੀਲਾ ਬਣਾਉਂਦੇ ਹਨ ਤੇ ਇਹ ਜ਼ਹਿਰੀਲੀਆਂ ਜਿਣਸਾਂ ਕੈਂਸਰ ਵਰਗੀਆਂ ਅਨੇਕਾਂ ਭਿਆਨਕ ਬਿਮਾਰੀਆਂ ਦਾ ਵੀ ਕਾਰਨ ਬਣਦੀਆਂ ਹਨ। ਗੱਲ ਕੀ ਇਹ ਅੱਗ ਧਰਤੀ, ਜੀਵ-ਜੰਤੂਆਂ, ਬਨਸਪਤੀ, ਹਵਾ ਤੇ ਪਾਣੀ ਨੂੰ ਹੀ ਨਹੀਂ ਮਨੁੱਖੀ ਜੀਵਨ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।

ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਭਾਈਚਾਰਕ ਸਾਂਝ ਜਿਸ ਦਾ ਵਰਣਨ ਮੈਂ ਰਲ ਮਿਲ ਕੇ ਅੱਗ ਬੁਝਾਉਣ ਵਾਲੀ ਘਟਨਾ ਵਿੱਚ ਕੀਤਾ ਹੈ, ਆਪਣੇ ਆਪ ਵਿੱਚ ਵਡਿਆਈ ਦੀ ਪਾਤਰ ਹੈ। ਮਨੁੱਖੀ ਸਾਂਝ ਦੀ ਪ੍ਰਤੀਕ ਹੈ, ਪਰ ਇੱਥੇ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਇਸ ਭਾਈਚਾਰਕ ਸਾਂਝ ਨੂੰ ਵਾਤਾਵਰਨ ਨੂੰ ਬਚਾਉਣ ਵਾਲੇ ਪਾਸੇ ਵੀ ਵਰਤਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ਤੇ ਸਰਕਾਰ ਦੇ ਸਾਂਝੇ ਯਤਨ ਹੀ ਬਦਲਾਅ ਲਿਆ ਸਕਦੇ ਹਨ। ਜ਼ਰੂਰੀ ਹੈ ਕਿ ਸਰਕਾਰ ਵੀ ਲੋਕ ਪੱਖੀ ਫ਼ੈਸਲੇ ਲਿਆਵੇ ਤੇ ਲੋਕ ਵੀ ਸਰਕਾਰ ਦਾ ਸਹਿਯੋਗ ਦੇਣ। ਦੋਵਾਂ ਦਾ ਆਪਸ ਵਿੱਚ ਬਰਾਬਰ ਦਾ ਤਾਲ ਮੇਲ ਬਹੁਤ ਜ਼ਰੂਰੀ ਹੈ। ਕਿਹੜਾ ਮਸਲਾ ਹੈ ਜੋ ਇਮਾਨਦਾਰੀ ਨਾਲ ਕੀਤੇ ਸਾਂਝੇ ਯਤਨਾਂ ਰਾਹੀਂ ਹੱਲ ਨਹੀਂ ਹੋ ਸਕਦਾ। ਮੈਨੂੰ ਭਰੋਸਾ ਹੈ ਕਿ ਸਾਡੇ ਸਾਂਝੇ ਇਮਾਨਦਾਰ ਯਤਨ ਸਾਰਥਿਕ ਨਤੀਜੇ ਲੈ ਕੇ ਆਉਣਗੇ।

ਅੰਤ ਵਿੱਚ ਮੈਂ ਏਨਾ ਹੀ ਕਹਿ ਸਕਦੀ ਹਾਂ ਕਿ ਜਿਵੇਂ ਘਰ ਦੇ ਬਗੀਚੇ ‘ਚ ਪੱਤਿਆਂ ਨੂੰ ਲਾਈ ਅੱਗ ਮੈਨੂੰ ਆਪਣੇ ਪੁਰਖਿਆਂ ਦੇ ਬਲਦੇ ਸਿਵੇ ਵਾਂਗ ਮਹਿਸੂਸ ਹੋਈ ਬਿਲਕੁਲ ਓਸੇ ਹੀ ਤਰ੍ਹਾਂ ਹਰ ਸੰਵੇਦਨਸ਼ੀਲ ਮਨ ਪੁਰਖਿਆਂ ਦੀ ਧਰਤੀ ਨੂੰ ਲੱਗੀ ਅੱਗ ਦੇਖ ਚੀਕਾਂ ਮਾਰ ਉੱਠਦਾ ਹੈ। ਉਨ੍ਹਾਂ ਨੂੰ ਇਸ ਅੱਗ ਵਿੱਚ ਆਪਣੇ ਪੁਰਖੇ ਸੜਦੇ ਮਹਿਸੂਸ ਹੁੰਦੇ ਹਨ।

ਆਓ! ਰਲ ਮਿਲ ਕੇ ਆਪਣੇ ਪੁਰਖਿਆਂ ਦੀ ਧਰਤੀ ਨੂੰ ਬਲਦੇ ਸਿਵੇ ਬਣਾਉਣ ਤੋਂ ਬਚਾਈਏ ਤੇ ਗੁਰੂ ਨਾਨਕ ਦੇਵ ਜੀ ਦੇ ਮਹਾਂ-ਵਾਕ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਸਹੀ ਅਰਥਾਂ ਵਿੱਚ ਧਾਰਨੀ ਬਣੀਏ।



News Source link
#ਅਗ

- Advertisement -

More articles

- Advertisement -

Latest article