24 C
Patiāla
Friday, May 3, 2024

ਵਿਗਿਆਨਕ ਕਹਾਣੀਆਂ ਦਾ ਰਚੇਤਾ ਅਜਮੇਰ ਸਿੱਧੂ

Must read


ਡਾ. ਡੀ. ਪੀ. ਸਿੰਘ

ਵਿਗਿਆਨਕ ਚੇਤਨਾ ਦੇ ਮਾਲਕ ਅਜਮੇਰ ਸਿੱਧੂ ਦਾ ਸ਼ੁਮਾਰ ਸਮਕਾਲੀ ਪੰਜਾਬੀ ਸਾਹਿਤ ਜਗਤ ਦੇ ਪ੍ਰਮੁੱਖ ਕਹਾਣੀਕਾਰਾਂ ਵਿੱਚ ਕੀਤਾ ਜਾਂਦਾ ਹੈ। ਇਹ ਸਥਾਨ ਉਸ ਨੇ ਆਪਣੀ ਵਿਸ਼ੇਸ਼ ਕਲਾ-ਕੌਸ਼ਲ ਤੇ ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਹੈ। ਭਾਵੇਂ ਉਸ ਦੁਆਰਾ ਰਚਿਤ ਸਾਹਿਤਕ ਸੰਸਾਰ ਮੁੱਖ ਤੌਰ ਉੱਤੇ ਸਮਾਜਿਕ, ਆਰਥਿਕ ਤੇ ਰਾਜਨੀਤਕ ਸਰੋਕਾਰਾਂ ਨਾਲ ਓਤ ਪ੍ਰੋਤ ਹੈ, ਪਰ ਕਿਉਂਕਿ ਉਹ ਵਿਗਿਆਨ ਦਾ ਵਿਦਿਆਰਥੀ ਵੀ ਹੈ ਤੇ ਅਧਿਆਪਕ ਵੀ। ਇਸੇ ਕਾਰਨ ਉਹ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਪ੍ਰਸਾਰ ਕਾਰਜਾਂ ਲਈ ਵੀ ਲਗਾਤਾਰ ਯਤਨਸ਼ੀਲ ਰਿਹਾ ਹੈ। ਅਜਮੇਰ ਲਗਭਗ ਇੱਕੀ ਸਾਲ ਤੱਕ ‘ਵਿਗਿਆਨ ਜੋਤ’ ਨਾਮੀ ਵਿਗਿਆਨ ਰਸਾਲੇ ਦਾ ਸੰਪਾਦਕ ਰਿਹਾ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਉਸ ਨੇ ਅਨੇਕ ਨਵੇਂ ਵਿਗਿਆਨ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਪ੍ਰਸੰਸਾਯੋਗ ਰੋਲ ਨਿਭਾਇਆ ਹੈ। ਇਸ ਦੇ ਨਾਲ ਹੀ ਉਸ ਨੇ ਸਮੇਂ ਸਮੇਂ ਵਿਭਿੰਨ ਵਿਗਿਆਨਕ ਵਿਸ਼ਿਆਂ ਸਬੰਧੀ ਲੇਖ ਤੇ ਕਹਾਣੀਆਂ ਰਚ ਕੇ ਵਿਗਿਆਨ ਪ੍ਰਸਾਰ ਯਤਨਾਂ ਨੂੰ ਹੋਰ ਵੀ ਬਲ ਬਖ਼ਸ਼ਿਆ ਹੈ। ਇਸ ਲਈ ਉਸ ਦਾ ਸ਼ੁਮਾਰ ਅਜਿਹੇ ਮੁੱਢਲੇ ਵਿਗਿਆਨ ਲੇਖਕਾਂ ਵਿੱਚ ਵੀ ਕੀਤਾ ਜਾਣਾ ਉਚਿਤ ਹੈ ਜੋ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਪ੍ਰਸਾਰ ਕਾਰਜਾਂ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ।

ਵਿਗਿਆਨਕ ਸੋਚ ਅਤੇ ਗਿਆਨ ਦੇ ਪ੍ਰਸਾਰ ਹਿਤ ਉਸ ਨੇ ਵਿਗਿਆਨਕ ਵਿਸ਼ਿਆਂ ਬਾਰੇ ਹੁਣ ਤਕ ਸੱਤ ਕਹਾਣੀਆਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ ਹਨ। ਉਸ ਦੁਆਰਾ ਰਚਿਤ ਵਿਗਿਆਨਕ ਕਹਾਣੀਆਂ ਨਾਲ ਪਾਠਕਾਂ ਦੀ ਸਾਂਝ ਪੁਆਉਣਾ ਹੀ ਇਸ ਲੇਖ ਦਾ ਵਿਸ਼ਾ ਹੈ। ਅਜਮੇਰ ਦੀਆਂ ਵਿਗਿਆਨ ਸਬੰਧੀ ਕਹਾਣੀਆਂ ਦੇ ਵਿਸ਼ਲੇਸ਼ਣ ਤੋਂ ਪਹਿਲਾਂ ਵਿਗਿਆਨਕ ਕਹਾਣੀਆਂ ਦੀ ਵਰਗ ਵੰਡ ਨੂੰ ਸਮਝ ਲੈਣਾ ਸਹੀ ਰਹੇਗਾ। ਵਿਗਿਆਨਕ ਵਿਸ਼ਿਆਂ ਨਾਲ ਸਬੰਧਿਤ ਕਹਾਣੀਆਂ ਨੂੰ ਆਮ ਕਰਕੇ ਚਾਰ ਵਰਗਾਂ ਵਿੱਚ ਵੰਡਿਆਂ ਜਾਂਦਾ ਹੈ। ਇਹ ਵਰਗ ਹਨ:

(1) ਵਿਗਿਆਨ ਸੂਚਨਾਤਮਕ ਕਹਾਣੀ -ਅਜਿਹੀ ਕਹਾਣੀ ਕਿਸੇ ਵਿਗਿਆਨਕ ਸਿਧਾਂਤ ਜਾਂ ਵਰਤਾਰੇ ਦਾ ਮਨੋ-ਵਚਨੀ ਜਾਂ ਵਾਰਤਾਲਾਪੀ ਬਿਰਤਾਂਤ ਹੁੰਦੀ ਹੈ। ਇਸ ਵਿੱਚ ਵਿਗਿਆਨ ਜਾਂ ਤਕਨਾਲੋਜੀ ਦੇ ਮੌਜੂਦਾ ਪੱਧਰ ਆਧਾਰਿਤ ਸਿਧਾਂਤ ਜਾਂ ਵਰਤਾਰੇ ਦਾ ਸਮਕਾਲੀ ਸਮਾਜ ਦੇ ਵਿਭਿੰਨ ਪੱਖਾਂ ਉੱਤੇ ਪ੍ਰਭਾਵਾਂ ਦਾ ਵਰਣਨ ਵੀ ਸ਼ਾਮਲ ਹੋ ਸਕਦਾ ਹੈ।

(2) ਵਿਗਿਆਨ ਗਲਪ ਕਹਾਣੀ- ਇਹ ਗਲਪ ਦੀ ਇੱਕ ਸ਼ੈਲੀ ਹੈ ਜਿਸ ਵਿੱਚ ਕਹਾਣੀਆਂ ਅਕਸਰ ਭਵਿੱਖ ਦੇ ਵਿਗਿਆਨ ਅਤੇ ਤਕਨਾਲੋਜੀ ਬਾਰੇ ਦੱਸਦੀਆਂ ਹਨ। ਵਿਗਿਆਨ ਗਲਪ ਦਾ ਵਿਗਿਆਨ ਦੇ ਸਿਧਾਂਤਾਂ ਨਾਲ ਗਹਿਰਾ ਰਿਸ਼ਤਾ ਹੁੰਦਾ ਹੈ। ਇਹ ਕਹਾਣੀਆਂ ਅੰਸ਼ਕ ਰੂਪ ਵਿੱਚ ਵਿਗਿਆਨ ਦੇ ਸਥਾਪਿਤ ਜਾਂ ਕਲਪਿਤ ਸਿਧਾਂਤਾਂ ’ਤੇ ਆਧਾਰਿਤ ਹੁੰਦੀਆਂ ਹਨ। ਅਜਿਹੀ ਕਹਾਣੀ ਦਾ ਘਟਨਾ ਬਿਰਤਾਂਤ ਅਕਸਰ ਭਵਿੱਖ ਵਿੱਚ, ਪੁਲਾੜ ਵਿੱਚ, ਕਿਸੇ ਵੱਖਰੀ ਦੁਨੀਆ ਜਾਂ ਕਿਸੇ ਹੋਰ ਬ੍ਰਹਿਮੰਡ ਵਿੱਚ ਵਾਪਰਦਾ ਦਰਸਾਇਆ ਜਾਂਦਾ ਹੈ। ਅਜਿਹੀ ਕਹਾਣੀ ਦਾ ਬਿਰਤਾਂਤ ਪੂਰੀ ਤਰ੍ਹਾਂ ਅਵਿਸ਼ਵਾਸਯੋਗ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਫਿਰ ਅਜਿਹੀ ਕਹਾਣੀ ਕਲਪਨਾ ਸ਼ੈਲੀ (Fantasy) ਦਾ ਰੂਪ ਧਾਰ ਲੈਂਦੀ ਹੈ।

(3) ਕਲਪਿਤ ਕਹਾਣੀ (Fantasy)- ਅਜਿਹੀ ਕਹਾਣੀ ਪੂਰਨ ਤੌਰ ਉੱਤੇ ਵਿਗਿਆਨਕ ਸਿਧਾਤਾਂ ਤੋਂ ਮੁਕਤ ਕਲਪਨਾ ਦੀ ਉਡਾਣ ਦਾ ਪ੍ਰਗਟਾ ਹੁੰਦੀ ਹੈ ਜੋ ਅਕਸਰ ਗੈਰਯਕੀਨੀ ਤੱਥਾਂ (ਖਾਸ ਕਰ ਜਾਦੂਈ ਵਰਤਾਰਿਆ ਜਾਂ ਕਰਾਮਾਤਾਂ) ਨਾਲ ਭਰਪੂਰ ਹੁੰਦੀ ਹੈ। ਅਜਿਹੇ ਗੈਰਯਕੀਨੀ ਤੱਥਾਂ ਨੂੰ ਵਾਸਤਵਿਕਤਾ ਦਾ ਮੁਲੰਮਾ ਚੜ੍ਹਾਉਣ ਲਈ ਰਚਨਕਾਰ ਅਕਸਰ ਵਿਗਿਆਨਕ ਸ਼ਬਦਾਵਲੀ ਦੀ ਵਰਤੋਂ ਵੀ ਕਰ ਲੈਂਦੇ ਹਨ।

(4) ਵਿਗਿਆਨਕ ਚਿੰਨ੍ਹਵਾਦ ਵਾਲੀ ਕਹਾਣੀ: ਚਿੰਨ੍ਹਵਾਦ ਇੱਕ ਸਾਹਿਤਕ ਤਕਨੀਕ ਹੈ ਜੋ ਕਿਸੇ ਹੋਰ ਚੀਜ਼ ਨੂੰ ਦਰਸਾਉਣ ਲਈ ਕਿਸੇ ਘਟਨਾ ਜਾਂ ਵਸਤੂ ਨੂੰ ਚਿੰਨ੍ਹ ਵਜੋਂ ਵਰਤ ਕੇ ਸਬੰਧਿਤ ਕਹਾਣੀ ਦਾ ਅਰਥ ਪ੍ਰਗਟ ਕਰਦੀ ਹੈ। ਵਿਗਿਆਨਕ ਚਿੰਨ੍ਹਵਾਦ ਵਾਲੀ ਕਹਾਣੀ ਕਿਸੇ ਘਟਨਾ ਜਾਂ ਵਸਤੂ ਨੂੰ ਪ੍ਰਗਟ ਕਰਨ ਲਈ ਵਿਗਿਆਨ ਨਾਲ ਸਬੰਧਤ ਚਿੰਨ੍ਹਾਂ/ਵਸਤੂਆਂ ਦੀ ਵਰਤੋਂ ਕਰਦੀ ਹੈ।

ਆਓ ਜਾਣੀਏ ਕਿ ਅਜਮੇਰ ਸਿੱਧੂ ਦੀਆਂ ਵਿਗਿਆਨ ਕਹਾਣੀਆਂ ਉਪਰੋਕਤ ਵਰਗ-ਵੰਡ ਦੀ ਕਿਹੜੀ ਵੰਨਗੀ ਨਾਲ ਸਬੰਧ ਰੱਖਦੀਆਂ ਹਨ। ਅਜਮੇਰ ਸਿੱਧੂ ਦੀ ਕਹਾਣੀ ‘ਕਿਊਟਾ-ਕਿਊਟਾ, ਤਾਰੇ-ਤਾਰੇ’ ਵਿਗਿਆਨ ਦੇ ਜੜ੍ਹਤਾ (Inertia) ਦੇ ਨਿਯਮ ਦਾ ਵਰਨਣ ਕਰਦੀ ਹੈ। ਦੁਨੀਆ ਦੇ ਅਨੇਕ ਪ੍ਰਾਚੀਨ ਗ੍ਰੰਥਾਂ ਵਿੱਚ ਜੜ੍ਹਤਾ ਦੀ ਧਾਰਨਾ ਦਾ ਵਰਣਨ ਮਿਲਦਾ ਹੈ। ਵਰਨਣਯੋਗ ਹੈ ਕਿ ਪ੍ਰਸਿੱਧ ਪ੍ਰਾਚੀਨ ਵਿਦਵਾਨ ਅਰਸਤੂ ਨੇ ਵੀ ਗਤੀਸ਼ੀਲ ਵਸਤੂ ਦੇ ਚੱਲਦੇ ਰਹਿਣ ਦੀ ਪ੍ਰਵਿਰਤੀ ਬਾਰੇ ਲਿਖਿਆ ਸੀ। ਜੋਹਾਂਨਸ ਕੈਪਲਰ ਨੇ 1600 ਦੇ ਮੁੱਢਲੇ ਸਾਲਾਂ ਵਿੱਚ ‘ਜੜ੍ਹਤਾ’ ਸ਼ਬਦ ਦਾ ਪ੍ਰਚਲਨ ਕੀਤਾ ਸੀ। ਜਿਸ ਅਨੁਸਾਰ ਪਦਾਰਥ ਦੀ ਕੁਦਰਤੀ ਅਵਸਥਾ ਵਿਰਾਮ ਦੀ ਹੁੰਦੀ ਸੀ, ਪਰ ਬਾਅਦ ਵਿੱਚ ਇਸ ਦੀ ਪਰਿਭਾਸ਼ਾ ਵਿੱਚ ਨਿਰਧਾਰਤ ਗਤੀ ਨਾਲ ਚੱਲਦੀਆਂ ਵਸਤੂਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। 1687 ਵਿੱਚ ਆਈਜ਼ੈਕ ਨਿਊਟਨ ਨੇ ਆਪਣੀ ਪ੍ਰਸਿੱਧ ਕਿਤਾਬ “ਫਿਲਾਸਫੀ ਨੈਚੁਰਲਿਸ ਪ੍ਰਿੰਸੀਪਿਆ ਮੈਥੇਮੈਟਿਕਾ” ਵਿੱਚ ਜੜ੍ਹਤਾ ਦੇ ਸਿਧਾਂਤ ਨੂੰ ਗਤੀ ਦੇ ਪਹਿਲੇ ਨਿਯਮ ਵਜੋਂ ਪੇਸ਼ ਕੀਤਾ। ‘ਕਿਊਟਾ-ਕਿਊਟਾ, ਤਾਰੇ-ਤਾਰੇ’ ਕਹਾਣੀ ਵਿੱਚ ਅਜਮੇਰ ਨੇ ਵਿਗਿਆਨੀ ਡਾ. ਸਟਾਕਰ ਦੁਆਰਾ ਬਿੱਲੀ ਤੇ ਕੁੱਤੇ ਦੇ ਦੁੱਧ ਪੀਣ ਦੇ ਢੰਗਾਂ ਦੇ ਵਿਗਿਆਨਕ ਅਧਿਐਨ ਰਾਹੀਂ ਜੜ੍ਹਤਾ ਦੇ ਨਿਯਮ ਦਾ ਵਿਖਿਆਨ ਬਹੁਤ ਹੀ ਰੋਚਕਮਈ ਢੰਗ ਨਾਲ ਕੀਤਾ ਹੈ। ਅਜਮੇਰ ਦੀ ਇਹ ਕਹਾਣੀ ਵਿਗਿਆਨ ਸੂਚਨਾਤਮਕ ਕਹਾਣੀ ਹੈ ਜੋ ਭੌਤਿਕ ਵਿਗਿਆਨ ਦੇ ਸਥਾਪਿਤ ਸਤਹੀ ਤਣਾਊ ਅਤੇ ਜੜ੍ਹਤਾ ਦੇ ਨਿਯਮਾਂ ਬਾਰੇ ਜਾਣਕਾਰੀ ਉਪਲੱਬਧ ਕਰਾਉਂਦੀ ਹੈ।

ਅਜਮੇਰ ਸਿੱਧੂ ਰਚਿਤ ‘ਅੰਨ੍ਹੇ ਸੁਜਾਖੇ’ ਕਹਾਣੀ ਵੀ ਵਿਗਿਆਨ ਸੂਚਨਾਤਮਕ ਕਹਾਣੀ ਹੀ ਹੈ ਜੋ ਇੰਗਲੈਂਡ ਵਿਖੇ ਪੜ੍ਹਾਈ ਪਿੱਛੋਂ ਸਕਾਟਲੈਂਡ ਵਿਖੇ ਲੰਮੇ ਅਰਸੇ ਤੱਕ ਵਿਗਿਆਨੀ ਵਜੋਂ ਖੋਜ ਕਾਰਜ ਕਰਨ ਪਿੱਛੋਂ ਪੰਜਾਬ ਵਿੱਚ ਆਪਣੇ ਪਿੰਡ ਵਿਖੇ ਆਮ ਲੋਕਾਂ ਵਿੱਚ ਵਿਗਿਆਨ ਦੀ ਪਿਉਂਦ ਲਾਣ ਦਾ ਸੁਪਨਾ ਲੈ ਕੇ ਆਏ ਡਾ. ਏ. ਐੱਸ. ਬਾਠ ਦੀਆਂ ਕੋਸ਼ਿਸ਼ਾਂ ਦਾ ਰੋਚਕਮਈ ਜ਼ਿਕਰ ਕਰਦੀ ਹੈ। ਪਰ ਡਾ. ਬਾਠ ਪਿੰਡ ਵਾਸੀਆਂ ਦੀ ਰੂੜ੍ਹੀਵਾਦੀ ਸੋਚ ਦਾ ਸ਼ਿਕਾਰ ਬਣ ਕੇ ਵਾਪਸ ਸਕਾਟਲੈਂਡ ਜਾਣ ਲਈ ਮਜਬੂਰ ਹੋ ਜਾਂਦਾ ਹੈ। ਅਜਮੇਰ ਨੇ ਇਸ ਕਹਾਣੀ ਵਿੱਚ ਵਿਗਿਆਨ ਦੇ ਵਿਭਿੰਨ ਖੇਤਰਾਂ ਜਿਵੇਂ ਕਿ ਜੈਨੇਟਿਕ ਇੰਜਨੀਅਰਿੰਗ, ਐਡਵਾਂਸਡ ਸੈੱਲ ਟੈਕਨਾਲੋਜੀ ਅਤੇ ਕਲੋਨਿੰਗ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਸ ਦੀ ਇਹ ਕਹਾਣੀ ਸਾਧਾਰਨ ਲੋਕਾਂ ਦੀ ਪਰੰਪਰਾਵਾਦੀ ਸੋਚ, ਜੋ ਹਰ ਨਵੀਂ ਖੋਜ ਨੂੰ ਸ਼ੰਕਾਂ ਦੇ ਨਜ਼ਰੀਏ ਤੋਂ ਦੇਖਣ ਦੀ ਆਦੀ ਹੈ, ਉੱਤੇ ਗਹਿਰਾ ਵਿਅੰਗ ਹੈ ਜੋ ਕਹਾਣੀ ਦੇ ਸਿਰਲੇਖ ਨੂੰ ਬਹੁਤ ਹੀ ਢੁੱਕਵਾਂ ਸਿੱਧ ਕਰਦਾ ਹੈ।

‘ਮੈਂ ਮਾਂ…।’ ਕਹਾਣੀ ਸਰੋਗੇਟ ਮਦਰਹੁੱਡ (ਕਿਰਾਏ ਦੀ ਕੁੱਖ) ਦੀ ਲੋੜ, ਮੱਧਵਰਗੀ ਪਰਿਵਾਰ ਦੀਆਂ ਅਜੋਕੀਆਂ ਆਰਥਿਕ ਲੋੜਾਂ ਅਤੇ ਸਰੋਗੇਟ ਮਦਰਹੁੱਡ ਵਰਤਾਰੇ ਤੋਂ ਪੈਦਾ ਹੋਣ ਵਾਲੀਆਂ ਸਮਕਾਲੀ ਮਾਨਸਿਕ, ਸਮਾਜਿਕ ਤੇ ਕਾਨੂੰਨੀ ਉਲਝਣਾਂ ਦਾ ਰੋਚਕਮਈ ਵਰਣਨ ਕਰਦੀ ਹੈ, ਪਰ ਇਹ ਕਹਾਣੀ ਵਿਗਿਆਨਕ ਵਿਸ਼ਿਆਂ ਨਾਲ ਸਬੰਧਿਤ ਕਹਾਣੀਆਂ ਦੇ ਦੂਜੇ ਵਰਗ ਦੀ ਪਰਿਭਾਸ਼ਾਂ ਉੱਤੇ ਪੂਰੀ ਨਹੀਂ ਉਤਰਦੀ ਅਤੇ ਇੰਜ ਇਹ ਵਿਗਿਆਨਕ ਕਹਾਣੀਆਂ ਦੇ ਪਹਿਲੇ ਵਰਗ ਦਾ ਮੈਂਬਰ ਹੀ ਨਜ਼ਰ ਆਉਂਦੀ ਹੈ।

‘ਦਿ ਲੈਨਿਨਜ਼ ਫਰੌਮ ਕਲੋਨ ਵੈਲੀ’ ਕਲੋਨਿੰਗ ਵਿਧੀ ਦੀ ਵਰਤੋਂ ਨਾਲ ਜੀਵ ਪੈਦਾ ਕਰਨ ਦੇ ਇਤਿਹਾਸ ਅਤੇ ਇਸੇ ਵਿਧੀ ਦੀ ਵਰਤੋਂ ਨਾਲ ਮਨੁੱਖੀ ਕਲੋਨ ਪੈਦਾ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਬਕ ਚਰਚਾ ਕਰਦੀ ਹੈ। ਮਾਸਕੋ ਦੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਅਤੇ ਸਿੱਖਿਅਕਾਂ ਵੱਲੋਂ ਸਥਾਪਿਤ ਕੀਤੇ ‘ਪ੍ਰੋਲੋਤਾਰੀ ਟ੍ਰਿਬਿਊਨਲ’ ਨੇ ਭ੍ਰਿਸ਼ਟ ਕਮਿਊਨਿਸਟ ਨਿਜ਼ਾਮ ਤੋਂ ਲੋਕਾਂ ਦਾ ਛੁਟਕਾਰਾ ਕਰਾਉਣ ਲਈ ਕੀਤੇ ਯਤਨਾਂ ਦੀ ਅਸਫਲਤਾ ਤੋਂ ਬਾਅਦ, ਰੂਸੀ ਇਨਕਲਾਬ ਦੇ ਪ੍ਰਸਿੱਧ ਨਾਇਕ ਲੈਨਿਨ ਵਰਗੇ ਕ੍ਰਿਸ਼ਮਈ ਲੀਡਰ ਦੀ ਘਾਟ ਮਹਿਸੂਸ ਕੀਤੀ। ਤਾਂ ਰੂਸ ਤੋਂ ਸਿੱਖਿਆ ਪ੍ਰਾਪਤ ਭਾਰਤੀ ਜੋੜੇ ਡਾ. ਸਮਰੱਥ ਤੇ ਡਾ. ਦਾਅਰੀਨ, ਜੋ ਭਾਰਤ ਵਿਖੇ ਇੰਡੀਅਨ ਰੈਵੋਲਿਊਸ਼ਨਰੀ ਪਾਰਟੀ ਦੇ ਸਰਗਰਮ ਕਾਰਕੁਨ ਸਨ, ਦੀ ਦੇਖ ਰੇਖ ਵਿੱਚ ਮਨੁੱਖੀ ਕਲੋਨਿੰਗ ਵਿਧੀ ਦੀ ਵਰਤੋਂ ਨਾਲ ਲੈਨਿਨ ਵਰਗਾ ਪ੍ਰਭਾਵਸ਼ਾਲੀ ਲੀਡਰ ਪੈਦਾ ਕਰਨ ਲਈ ਯਤਨ ਆਰੰਭ ਲਏ। ਬੇਸ਼ੱਕ ਇਸ ਯਤਨ ਵਿੱਚ ਉਹ ਲੈਨਿਨ ਦੇ ਤਿੰਨ ਕਲੋਨ ਬਣਾਉਣ ਵਿੱਚ ਸਫਲ ਰਹੇ, ਪਰ ਪਹਿਲਾ ਕਲੋਨ ‘ਆਜ਼ਾਦ’ ਤਾਂ ਮਜ਼ਦੂਰ ਯੂਨੀਅਨ ਦੀ ਹੜਤਾਲ ਵਿੱਚ ਚੜ੍ਹਦੀ ਉਮਰੇ ਹੀ ਮਾਰਿਆ ਜਾਂਦਾ ਹੈ। ਜਦੋਂ ਕਿ ਲੈਨਿਨ ਦਾ ਦੂਸਰਾ ਕਲੋਨ ‘ਕ੍ਰਾਂਤੀ’ ਕ੍ਰਿਕਟ ਦੇ ਖੇਤਰ ਵਿੱਚ ਅਤੇ ਤੀਸਰਾ ਕਲੋਨ ‘ਫ਼ਤਿਹ’ ਮਲਟੀ ਨੈਸ਼ਨਲ ਕੰਪਨੀ ਦਾ ਕਰਿੰਦਾ ਬਣ ਕੇ ਬੇਸ਼ਕ ਵਿਲੱਖਣ ਪ੍ਰਾਪਤੀਆਂ ਕਰਦੇ ਹਨ, ਪਰ ਪਾਰਟੀ ਦਾ ਸੁਪਨਾ ਸਾਕਾਰ ਕਰਨ ਤੋਂ ਅਸਮਰੱਥ ਡਾ. ਸਮਰੱਥ ਤੇ ਡਾ. ਦਾਅਰੀਨ ਦੇ ਹਿੱਸੇ ਸ਼ਰਮਿੰਦਗੀ ਤੋਂ ਇਲਾਵਾ ਕੁਝ ਵੀ ਹੱਥ ਨਹੀਂ ਆਉਂਦਾ। ਇਸ ਤਰ੍ਹਾਂ ਇਹ ਕਹਾਣੀ ਇਹ ਦੱਸ ਪਾਉਂਦੀ ਹੈ ਕਿ ਜ਼ਰੂਰੀ ਨਹੀਂ ਕਿ ਵਿਗਿਆਨਕ ਖੋਜਾਂ ਦੇ ਨਤੀਜੇ ਮਿੱਥੇ ਮੰਤਵਾਂ ਦੇ ਅਨੁਕੂਲ ਹੀ ਨਿਕਲਣ। ਬੇਸ਼ੱਕ ਇਹ ਕਹਾਣੀ ਵਿਗਿਆਨਕ ਜਾਣਕਾਰੀ ਦੀ ਬਹੁਤਾਤ ਸਮੋਈ ਬੈਠੀ ਹੈ, ਪਰ ਇਸ ਨੂੰ ਵਿਗਿਆਨਕ ਕਹਾਣੀਆਂ ਦੇ ਦੂਜੇ ਵਰਗ ਵਿੱਚ ਰੱਖਿਆ ਜਾ ਸਕਦਾ ਹੈ ਕਿਉਂਕਿ ਇਹ ਮਨੁੱਖੀ ਕਲੋਨਿੰਗ ਵਿਧੀ ਦੇ ਭਵਿੱਖਮਈ ਅੰਜ਼ਾਮ ਦਾ ਜ਼ਿਕਰ ਕਰਦੀ ਹੈ।

‘ਕਬਰ ’ਚ ਦਫ਼ਨ ਹਜ਼ਾਰ ਵਰ੍ਹੇ’ ਕਹਾਣੀ ਮਨੁੱਖ ਲਈ ਲੰਮੇ ਜੀਵਨ ਕਾਲ ਦੀ ਪ੍ਰਾਪਤੀ ਸਬੰਧੀ ਖੋਜ ਕਾਰਜਾਂ ਦਾ ਰੋਚਕਮਈ ਵਰਣਨ ਤਾਂ ਕਰਦੀ ਹੀ ਹੈ, ਪਰ ਇਸ ਦੇ ਨਾਲ ਹੀ ਇਹ ਕਹਾਣੀ ਉੱਨਤ ਵਿਗਿਆਨਕ ਤਕਨੀਕਾਂ ਤੇ ਸੁਵਿਧਾਵਾਂ ਦਾ ਖੁਲਾਸਾ ਵੀ ਕਰਦੀ ਹੈ। ਅਜਮੇਰ ਦੀ ਇਹ ਕਹਾਣੀ ਜੋ ਆਧੁਨਿਕ ਵਿਗਿਆਨਕ ਤਕਨੀਕਾਂ ਰਾਹੀਂ ਅਪਰਾਧੀਆਂ ਦਾ ਪਤਾ ਲਗਾਉਣ ਦੀ ਦੱਸ ਪਾਉਂਦੀ ਹੋਈ ਵਧੇਰੇ ਸੁਰੱਖਿਅਤ ਭਵਿੱਖਮਈ ਸਮਾਜ ਦਾ ਸੁਪਨਾ ਸਿਰਜਦੀ ਹੈ, ਸਪੱਸ਼ਟ ਰੂਪ ਵਿੱਚ ਵਿਗਿਆਨ ਗਲਪ ਰਚਨਾ ਹੈ।

‘ਦਿੱਲੀ ਦੇ ਕਿੰਗਰੇ’ ਕਹਾਣੀ ਵਿੱਚ ਅਜਮੇਰ ਨੇ ਮਨੁੱਖੀ ਦਿਮਾਗ਼ ਦੇ ਆਰ ਐੱਨ ਏ ਤਬਦੀਲੀ ਰਾਹੀਂ ਇੱਕ ਵਿਅਕਤੀ ਦੇ ਯਾਦ ਭੰਡਾਰ ਨੂੰ ਕਿਸੇ ਹੋਰ ਵਿਅਕਤੀ ਦੇ ਦਿਮਾਗ਼ ਵਿੱਚ ਸਥਾਪਨ ਦੀ ਵਿਧੀ ਦਾ ਜ਼ਿਕਰ ਕੀਤਾ ਹੈ। ਇੰਜ ਇਹ ਕਹਾਣੀ ਵਿਗਿਆਨ ਦੇ ਨਵੇਂ ਸੰਭਾਵੀ ਖੇਤਰ ਦੀ ਦੱਸ ਪਾਉਂਦੀ ਹੈ। ਅਜਮੇਰ ਦੁਆਰਾ ਸੁਝਾਈ ਸੰਭਾਵਨਾ ਵਿਗਿਆਨ ਤੇ ਤਕਨਾਲੋਜੀ ਦੇ ਮੌਜੂਦਾ ਪੱਧਰ ਨੂੰ ਨਵਾਂ ਆਯਾਮ ਪ੍ਰਦਾਨ ਕਰਦੀ ਨਜ਼ਰ ਆਉੁਂਦੀ ਹੈ। ਇਸ ਤਰ੍ਹਾਂ ਇਹ ਕਹਾਣੀ ਵੀ ਵਿਗਿਆਨਕ ਕਹਾਣੀਆਂ ਦੇ ਦੂਜੇ ਵਰਗ ਦਾ ਹਿੱਸਾ ਬਣਨ ਦੀ ਹੱਕਦਾਰ ਬਣ ਜਾਂਦੀ ਹੈ, ਪਰ ਕਿਉਂਕਿ ਯਾਦ ਵਿਸਥਾਪਨ ਵਿਧੀ ਦੀ ਸਾਕਾਰਤਾ, ਅਜਮੇਰ ਦੁਆਰਾ ਰਚਿਤ ਕਹਾਣੀ ਦੇ ਕਾਲ ਸਤੰਬਰ – ਅਕਤੂਬਰ 1970, ਦੌਰਾਨ ਸੰਭਵ ਨਹੀਂ ਸੀ ਅਤੇ ਇਹ ਕਹਾਣੀ ਉਸ ਨੇ 2003 ਵਿੱਚ ਲਿਖੀ, ਜਿਸ ਕਾਰਨ ਉਸ ਦੀ ਇਹ ਕਹਾਣੀ ਵਿਗਿਆਨ ਗਲਪ ਰਚਨਾ ਨਾ ਹੋ ਕੇ ਵਿਗਿਆਨ ਕਹਾਣੀਆਂ ਦੇ ਤੀਜੇ ਵਰਗ ‘ਕਲਪਿਤ ਕਹਾਣੀ’ ਦਾ ਅੰਗ ਜਾਪਦੀ ਹੈ।

ਅਜਮੇਰ ਦੀ ਸੱਤਵੀਂ ਵਿਗਿਆਨ ਕਹਾਣੀ ‘ਡਾਇਨਾਸੋਰ’ ਅਜੋਕੇ ਸਮਾਜ ਤੇ ਸਿਆਸੀ ਖੇਤਰ ਵਿੱਚ ਫੈਲੇ ਨੈਤਿਕ ਦੂਜੈਲੇਪਣ ਅਤੇ ਪਾਖੰਡਾਂ ਉੱਤੇ ਵਿਅੰਗਾਤਮਕ ਟਿੱਪਣੀ ਹੈ। ਇਹ ਕਹਾਣੀ ਸਮਕਾਲੀ ਸਮਾਜਿਕ ਹਾਲਤਾਂ ’ਤੇ ਉਕਤੀ ਕਰਨ ਲਈ ਵਿਗਿਆਨਕ ਚਿੰਨ੍ਹਾਂ (ਖਾਸ ਕਰ ਡਾਇਨਾਸੋਰ ਬਿੰਬ) ਦੀ ਨਿਵੇਕਲੀ ਵਰਤੋਂ ਕਰਦੀ ਹੈ। ਇਸ ਕਾਰਨ ਅਜਮੇਰ ਦੀ ਇਹ ਕਹਾਣੀ ਵਿਗਿਆਨ ਕਹਾਣੀਆਂ ਦੇ ਚੌਥੇ ਵਰਗ – ਵਿਗਿਆਨਕ ਚਿੰਨ੍ਹਵਾਦ ਵਾਲੀ ਕਹਾਣੀ ਵਜੋਂ ਮਕਬੂਲੀਅਤ ਹਾਸਲ ਕਰਦੀ ਹੈ।

ਅਜਮੇਰ ਦੀਆਂ ਵਿਗਿਆਨਕ ਕਹਾਣੀਆਂ ਮੁੱਖ ਤੌਰ ਉੱਤੇ ਜੀਵ-ਗਿਆਨ ਨਾਲ ਸਬੰਧਿਤ ਹਨ ਸਿਵਾਏ ‘ਕਿਊਟਾ-ਕਿਊਟਾ, ਤਾਰੇ-ਤਾਰੇ’ ਕਹਾਣੀ ਦੇ ਜਿਸ ਦਾ ਸਿੱਧਾ ਸਬੰਧ ਭੌਤਿਕ ਵਿਗਿਆਨ ਨਾਲ ਹੈ। ਉਸ ਦੀਆਂ ਚਾਰ ਕਹਾਣੀਆਂ ‘ਮੈਂ ਮਾਂ…।’, ‘ਕਬਰ ’ਚ ਦਫ਼ਨ ਹਜ਼ਾਰ ਵਰ੍ਹੇ’, ‘ਦਿੱਲੀ ਦੇ ਕਿੰਗਰੇ ਕਹਾਣੀ’ ਅਤੇ ‘ਡਾਇਨਾਸੋਰ’ ਉੱਤਮ-ਪੁਰਖੀ ਬਿਰਤਾਂਤ ਸ਼ੈਲੀ ਵਿੱਚ ਹਨ। ਇਸ ਜੁਗਤ ਦੀ ਵਰਤੋਂ ਨਾਲ ਉਹ ਇਨ੍ਹਾਂ ਕਹਾਣੀਆਂ ਦੇ ਕੇਂਦਰੀ ਪਾਤਰਾਂ ਦੇ ਅੰਦਰ ਦੀ ਇਕੱਲਤਾ, ਬੇਗਾਨਗੀ, ਨਿਰਾਸ਼ਾ ਤੇ ਖੰਡਿਤ ਵਿਅਕਤੀਤਵ ਨੂੰ ਗੰਭੀਰਤਾ ਨਾਲ ਚਿਤਰਨ ਵਿੱਚ ਸਫਲ ਰਿਹਾ ਹੈ। ਅਜਮੇਰ ਪਾਤਰਾਂ ਦੇ ਅੰਦਰੂਨੀ ਦਵੰਦੀ ਤਣਾਉ ਨੂੰ ਉਨ੍ਹਾਂ ਦੇ ਚੇਤਨ ਤੇ ਅਵਚੇਤਨ ਦੀ ਬਹੁਪਰਤੀ ਪੇਸ਼ਕਾਰੀ ਰਾਹੀਂ ਪ੍ਰਗਟ ਕਰਨ ਵਿੱਚ ਖਾਸ ਮੁਹਾਰਤ ਦਾ ਮਾਲਕ ਹੈ। ਉਸ ਦੀਆਂ ਕਹਾਣੀਆਂ ਦੇ ਮੌਲਿਕ ਤੇ ਨਿਵੇਕਲੇ ਵਿਸ਼ੇ ਪਾਠਕ ਦਾ ਮਨ ਮੋਹਣ ਦੀ ਸਮਰੱਥਾ ਰੱਖਦੇ ਹਨ। ਬੇਸ਼ੱਕ ਅਜਮੇਰ ਦੀਆਂ ਕਹਾਣੀਆਂ ਬਹੁ-ਪਰਤੀ ਵੀ ਹਨ ਤੇ ਕੁਝ ਕੁ ਲੰਮੀਆਂ ਵੀ, ਪਰ ਉਹ ਆਪਣੀ ਕਹਾਣੀ ਕਲਾ ਦੇ ਹੁਨਰ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿੱਚ ਸਫਲ ਰਿਹਾ ਹੈ। ਸਾਨੂੰ ਆਸ ਹੈ ਕਿ ਉਹ ਆਪਣੇ ਵਿਗਿਆਨਕ ਕਹਾਣੀਆਂ ਦੇ ਵਿਸ਼ਾ ਖੇਤਰ ਨੂੰ ਹੋਰ ਮੋਕਲਾ ਕਰਦੇ ਹੋਏ, ਭਵਿੱਖ ਵਿੱਚ ਵੀ ਪਾਠਕਾਂ ਨੂੰ ਆਪਣੀਆਂ ਵੰਨ-ਸੁਵੰਨੀਆਂ ਕਹਾਣੀਆਂ ਨਾਲ ਸਰਸ਼ਾਰ ਕਰਦਾ ਰਹੇਗਾ।



News Source link
#ਵਗਆਨਕ #ਕਹਣਆ #ਦ #ਰਚਤ #ਅਜਮਰ #ਸਧ

- Advertisement -

More articles

- Advertisement -

Latest article