37.2 C
Patiāla
Friday, April 26, 2024

ਹਾਕੀ ਦਾ ਸਟਾਰ ਖਿਡਾਰੀ ਰਾਜਪਾਲ ਸਿੰਘ ਹੁੰਦਲ ਤੇ ਓਲੰਪੀਅਨ ਸ਼ੂਟਰ ਅਵਨੀਤ ਕੌਰ

Must read


ਰਾਜਪਾਲ ਸਿੰਘ ਹੁੰਦਲ ਨੂੰ ਮੈਦਾਨ ’ਚ ਹਾਕੀ ਖੇਡਦਿਆਂ ਵੇਖ ਤਾਂ ਲੱਗਦਾ ਸੀ ਕਿ ਉਸ ਨੇ ਹਾਕੀ ਦੇ ਹਿਜਰ ’ਚ ਰਾਤਾਂ ਗੁਜ਼ਾਰੀਆਂ ਹਨ ਅਤੇ ਖੇਡਦੇ ਸਮੇੇਂ ਮੈਦਾਨ ’ਚ ਉਹ ਪਸੀਨਾ ਨਹੀਂ ਖੂਨ ਵਹਾਉਂਦਾ ਰਿਹਾ। ਮੈਦਾਨ ’ਚ ਹਾਕੀ ਖੇਡਦੇ ਸਮੇਂ ਕਿਸੇ ਮਾਈ ਦੇ ਲਾਲ ਦੀ ਪ੍ਰਵਾਹ ਨਾ ਕਰਨ ਵਾਲਾ ਰਾਜਪਾਲ ਸਿੰਘ ਆਪਣੀ ਖੇਡ ’ਤੇ ਬਾਣੀਏ ਦੇ ਬੈਲੈਂਸ ਦੀ ਤਰ੍ਹਾਂ ਕਾਬੂ ਵੀ ਰੱਖਦਾ ਸੀ। ਰਾਜਪਾਲ ਹਾਕੀ ਖੇਡ ’ਚ ਓਤ-ਪੋਤ ਖਿਡਾਰੀ ਰਿਹਾ, ਜਿਸ ਵਲੋਂ ਵਿਰੋਧੀ ਟੀਮਾਂ ਸਿਰ ਦਾਗੇ ਗੋਲ ਲਟ-ਲਟ ਕਰਕੇ ਬਲ ਰਹੇ ਹਨ। ਉਹ ਊਣਾ ਹੋਇਆ ਵੀ ਦੂਣ ਸਿਵਾਇਆ ਲੱਗਦਾ ਸੀ। ਇਸ ਤੋਂ ਇਲਾਵਾ ਰਾਜਪਾਲ ਸਿੰਘ ਇਕ ਧਨੀ ਹਾਕੀ ਖਿਡਾਰੀ ਸੀ, ਜਿਸ ਨੇ ਜਦੋਂ ਕੌਮਾਂਤਰੀ ਹਾਕੀ ਦੇ ਮੈਦਾਨ ’ਤੇ ਕਦਮ ਧਰਿਆ ਫੇਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

 

ਇਹ ਗੱਲ ਰਾਜਪਾਲ ਹੁੰਦਲ ਦੇ ਆਲੋਚਕ ਵੀ ਬੇਝਿੱਜਕ ਤਸਲੀਮ ਕਰਦੇ ਹਨ ਕਿ ਮੈਦਾਨ ’ਚ ਰੂਹ ਨਾਲ ਖੇਡਦਾ ਰਾਜਪਾਲ ਟੀਮ ਲਈ ਹਮੇਸ਼ਾ ਪਲੀਤੇ ਦਾ ਕੰਮ ਕਰਦਾ ਸੀ। ਦੁਨੀਆਂ ਦੀ ਹਾਕੀ ਦੇ ਸਫੇ ਮਿਸਾਲਾਂ ਅਤੇ ਉਦਾਹਰਣਾਂ ਨਾਲ ਭਰੇ ਪਏ ਹਨ ਅਤੇ ਇਸ ਵਿਸ਼ਵ ਹਾਕੀ ਦੀ ਡਾਇਰੀ ’ਚ ਰਾਜਪਾਲ ਸਿੰਘ ਹੁੰਦਲ ਦਾ ਨਾਮ ਵੀ ਦਰਜ ਹੈ। ਉਹ ਆਪਣੀ ਖੇਡ ਦੇ ਦਮ-ਖਮ ’ਤੇ ਲੰਮਾ ਸਮਾਂ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਕਰਦਾ ਰਿਹਾ। ਹਰ ਮੈਚ ’ਚ ਅੱਵਲਤਰੀਨ ਖੇਡ ਦਾ ਮੁਜ਼ਾਹਰਾ ਕਰਨਾ ਤਾਂ ਜਿਵੇਂ ਰਾਜਪਾਲ ਦੇ ਭਾਗਾਂ ’ਚ ਹੀ ਲਿਖਿਆ ਹੋਇਆ ਸੀ। ਇਸੇ ਕਰਕੇ ਮੈਚ ਦਰ ਮੈਚ ਰਾਜਪਾਲ ਸਿੰਘ ਟੀਮ ਲਈ ਨਿੱਜੀ ਤੌਰ ’ਤੇ ਗੋਲ ਸਕੋਰ ਕਰਨ ਦੇ ਰੂਪ ’ਚ ਵੱਡੀਆਂ ਔਸੀਆਂ ਪਾਉਂਦਾ ਰਹਿੰਦਾ ਰਿਹਾ।    

 

ਰਾਜਪਾਲ ਸਿੰਘ ਹੁੰਦਲ ਦੁਨੀਆਂ ਦੀ ਹਾਕੀ ਦੇ ਖੇਡ ਦਰਸ਼ਕਾਂ ਦਾ ਚਹੇਤਾ ਹਾਕੀ ਖਿਡਾਰੀ ਸੀ। ਹਾਕੀ ਪ੍ਰੇਮੀਆਂ ਦੇ ਸਦਾ ਨੇੜੇ ਰਹਿਣ ਕਰਕੇ ਉਸ ਨੇ ਕਦੇ ਵੀ ਪੈਰ ਨਹੀਂ ਛੱਡੇ ਅਤੇ ਹਾਕੀ ਦੇ ਪ੍ਰਸ਼ੰਸਕਾਂ ਨੂੰ ਉਹ ਆਪਣਾ ਅਸਲੀ ਸਰਮਾਇਆ ਮੰਨਦਾ ਰਿਹਾ। 

 

ਇੰਡੀਅਨ ਕੌਮੀ ਹਾਕੀ ਟੀਮ ਦੀ ਸਾਲ-2009 ਤੋਂ 2011 ਤੱਕ ਕਪਤਾਨੀ ਕਰਨ ਵਾਲੇ ਰਾਜਪਾਲ ਸਿੰਘ ਦਾ ਜਨਮ 8 ਅਗਸਤ, 1983 ’ਚ ਹਾਕੀ ਪ੍ਰੇਮੀ ਤੇ ਚੰਡੀਗੜ੍ਹ ਪੁਲੀਸ ’ਚ ਸੇਵਾਮੁਕਤ ਸਬ-ਇੰਸਪੈਕਟਰ ਹਰਪਾਲ ਸਿੰਘ ਹੁੰਦਲ ਦੇ ਗ੍ਰਹਿ ਵਿਖੇ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਹੋਇਆ। ਰਾਜਪਾਲ ਸਿੰਘ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਹੁੰਦਲ ਵੀ ਨੈਸ਼ਨਲ ਹਾਕੀ ਖਿਡਾਰੀ ਸਨ। ਵੱਡੇ ਭਰਾ ਗੁਰਪ੍ਰੀਤ ਸਿੰਘ ਨੂੰ ਹਾਕੀ ਖੇਡਦਿਆਂ ਵੇਖ ਰਾਜਪਾਲ ਸਿੰਘ ਨੇ 6ਵੀਂ ਕਲਾਸ ਤੋਂ ਹਾਕੀ ਖੇਡਣ ਦਾ ਆਗਾਜ਼ ਕੀਤਾ। ਚੰਡੀਗੜ੍ਹ ਤੋਂ ਸਕੂਲੀ ਦੌਰਾਨ ਹਾਕੀ ਖੇਡਣ ਦੀ ਸ਼ੁਰੂਆਤ ਕਰਨ ਵਾਲਾ ਰਾਜਪਾਲ ਸਿੰਘ ਰੋਜ਼ਾਨਾ ਘਰ ਤੋਂ 6 ਕਿਲੋਮੀਟਰ ਦੂਰ ਹਾਕੀ ਮੈਦਾਨ ’ਚ ਖੇਡਣ ਜਾਇਆ ਕਰਦਾ ਸੀ।

 

ਯੂਥ ਏਸ਼ੀਆ ਹਾਕੀ ਕੱਪ, ਇਪੋਹ-2001 (ਮਲੇਸ਼ੀਆ) ’ਚ ਜੂਨੀਅਰ ਹਾਕੀ ਟੀਮ ਨੂੰ ਚੈਂਪੀਅਨ ਬਣਾਉਣ ਵਾਲੇ ਰਾਜਪਾਲ ਸਿੰਘ ਨੇ ਆਪਣੀ ਸਟਿੱਕ ’ਚੋਂ 7 ਗੋਲ ਕੱਢਣ ’ਚ ਕਾਮਯਾਬੀ ਹਾਸਲ ਕੀਤੀ। ਹਾਕੀ ਪ੍ਰਬੰਧਕਾਂ ਵਲੋਂ ਰਾਜਪਾਲ ਸਿੰਘ ਨੂੰ ਕਰੀਅਰ ਦੇ ਪਹਿਲੇ ਹੀ ਮੁਕਾਬਲੇ ’ਚ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਖਿਤਾਬ ਦਿੱਤਾ ਗਿਆ। ਜੂਨੀਅਰ ਕੌਮੀ ਹਾਕੀ ਟੀਮ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਰਾਜਪਾਲ ਸਿੰਘ, ਹੌਬਰਟ-2001 ’ਚ ਜੂਨੀਅਰ ਸੰਸਾਰ ਹਾਕੀ ਕੱਪ ਖੇਡਣ ਲਈ ਮੈਦਾਨ ’ਚ ਨਿੱਤਰਿਆ। ਗਗਨਅਜੀਤ ਸਿੰਘ ਦੀ ਕਪਤਾਨੀ ’ਚ ਜੂਨੀਅਰ ਹਾਕੀ ਟੀਮ ਨੇ ਅਰਜਨਟੀਨੀ ਹਾਕੀ ਖਿਡਾਰੀਆਂ ਨੂੰ ਉਪ-ਜੇਤੂ ਬਣਨ ਲਈ ਮਜਬੂਰ ਕਰਦਿਆਂ ਪਲੇਠਾ ਜੂਨੀਅਰ ਵਿਸ਼ਵ ਹਾਕੀ ਕੱਪ ਜਿੱਤਣ ’ਚ ਸਫਲਤਾ ਹਾਸਲ ਕੀਤੀ। ਕਾਬਲੇਗੌਰ ਹੈ ਕਿ ਵਿਸ਼ਵ ਚੈਂਪੀਅਨ ਨਾਮਜ਼ਦ ਹੋਈ ਜੂਨੀਅਰ ਹਾਕੀ ਟੀਮ ਦੀ ਕੋਚਿੰਗ ਕਮਾਨ ਰਾਜਿੰਦਰ ਸਿੰਘ ਸੀਨੀਅਰ ਦੇ ਹੱਥਾਂ ’ਚ ਸੀ।

 

ਕੌਮੀ ਤੇ ਕੌਮਾਂਤਰੀ ਹਾਕੀ ਨੂੰ ਦਿੱਤੀਆਂ ਬਿਹਤਰੀਨ ਸੇਵਾਵਾਂ ਸਦਕਾ ਪੰਜਾਬ ਸਰਕਾਰ ਵਲੋਂ ਰਾਜਪਾਨ ਸਿੰਘ ਹੁੰਦਲ ਨੂੰ ਪੰਜਾਬ ਪੁਲੀਸ ’ਚ ਡੀਐਸਪੀ ਦਾ ਅਹੁਦਾ ਦਿੱਤਾ ਗਿਆ। ਚੇਨਈ-2007 ਏਸ਼ੀਆ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ ਇੰਡੀਅਨ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਰਾਜਪਾਲ ਸਿੰਘ ਹੁੰਦਲ ਨੂੰ 2009 ’ਚ ਕੌਮੀ ਹਾਕੀ ਟੀਮ ਦਾ ਕਪਤਾਨ ਨਾਮਜ਼ਦ ਕੀਤਾ ਗਿਆ। ਨਵੀਂ ਦਿੱਲੀ-2010 ’ਚ ਖੇਡੇ ਗਏ 12ਵੇਂ ਵਰਲਡ ਹਾਕੀ ਕੱਪ ’ਚ ਰਾਜਪਾਲ ਸਿੰਘ ਦੀ ਕਪਤਾਨੀ ’ਚ ਮੇਜ਼ਬਾਨ ਭਾਰਤੀ ਟੀਮ ਨੂੰ 8ਵਾਂ ਰੈਂਕ ਹਾਸਲ ਹੋਇਆ। ਆਸਟਰੇਲੀਆ ਦੇ ਖਿਡਾਰੀਆਂ ਨੇ ਜਰਮਨੀ ਦੀ ਟੀਮ ਦੀ ਹੈਟਰਿਕ ਬਣਨ ’ਚ ਅੜਿਕਾ ਡਾਹ ਕੇ ਵਿਸ਼ਵ ਚੈਂਪੀਅਨ ਬਣਨ ਦਾ ਜੱਸ ਖੱਟਿਆ। ਹਾਲੈਂਡ ਦੇ ਡੱਚ ਖਿਡਾਰੀਆਂ ਨੇ ਇੰਗਲੈਂਡ ਦੀ ਟੀਮ ਨੂੰ ਪੁਜ਼ੀਸ਼ਨਲ ਮੈਚ ’ਚ ਮਾਤ ਦੇਂਦਿਆਂ ਤਾਂਬੇ ਦਾ ਤਗਮਾ ਹਾਸਲ ਕੀਤਾ।

 

ਨਵੀਂ ਦਿੱਲੀ-2010 ਦੀਆਂ ਕਾਮਨਵੈਲਥ ਖੇਡਾਂ ’ਚ ਕਪਤਾਨ ਰਾਜਪਾਲ ਸਿੰਘ ਹੁੰਦਲ ਦੀ ਹਾਕੀ ਟੀਮ ਨੇ ਚਾਂਦੀ ਤਗਮਾ ਹਾਸਲ ਕੀਤਾ। ਖੇਡ ਕਰੀਅਰ ’ਚ 147 ਕੌਮਾਂਤਰੀ ਹਾਕੀ ਮੈਚਾਂ ’ਚ 52 ਗੋਲ ਦਾਗਣ ਵਾਲੇ 2011 ’ਚ ਆਪਣੀ ਹਾਕੀ ਕਿੱਲੀ ’ਤੇ ਟੰਗ ਦਿੱਤੀ। 2013 ’ਚ ਓਲੰਪੀਅਨ ਸ਼ੂਟਰ ਅਵਨੀਤ ਕੌਰ ਨੂੰ ਜੀਵਨ ਸਾਥਣ ਬਣਾਉਣ ਵਾਲੇ ਅਟੈਕਿੰਗ ਮਿੱਡਫੀਲਡਰ ਰਾਜਪਾਲ ਸਿੰਘ ਹੁੰਦਲ ਨੂੰ 2011 ’ਚ ਕੇਂਦਰੀ ਖੇਡ ਮੰਤਰਾਲੇ ਵਲੋਂ ‘ਅਰਜੁਨਾ ਐਵਾਰਡ’ ਨਾਲ ਸਨਮਾਨਿਆ ਗਿਆ। ਗੂਆਂਗਜ਼ੂ-2010 ਦੀਆਂ ਏਸ਼ੀਅਨ ਖੇਡਾਂ ’ਚ ਰਾਜਪਾਲ ਸਿੰਘ ਦੀ ਕਪਤਾਨੀ ’ਚ ਕੌਮੀ ਟੀਮ ਨੇ ਦੱਖਣੀ ਕੋਰੀਆ ਨੂੰ ਪੁਜ਼ੀਸ਼ਨਲ ਮੈਚ ’ਚ ਹਰਾਉਣ ਸਦਕਾ ਤਾਂਬੇ ਦਾ ਤਗਮਾ ਜਿੱਤਿਆ। ਇਸ ਏਸ਼ੀਅਨ ਹਾਕੀ  ਮੁਕਾਬਲੇ ’ਚ ਪਾਕਿਸਤਾਨੀ ਖਿਡਾਰੀਆਂ ਨੇ ਮਲੇਸ਼ੀਆ ਨੂੰ ਖਿਤਾਬੀ ਮੈਚ ’ਚ ਹਾਰ ਦੇਂਦਿਆਂ ਸੋਨੇ ਦੇ ਤਗਮੇ ’ਤੇ ਕਬਜ਼ਾ ਕੀਤਾ। ਚੀਨ-2011 ’ਚ ਖੇਡੀ ਗਈ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਕੌਮੀ ਹਾਕੀ ਟੀਮ ਨੇ ਰਾਜਪਾਲ ਸਿੰਘ ਦੀ ਕਪਤਾਨੀ ’ਚ ਪਾਕਿਸਤਾਨੀ ਖਿਡਾਰੀਆਂ ਦੀ ਕੰਡ ਲਾਹੁੰਦਿਆਂ ਸੋਨੇ ਦਾ ਤਗਮਾ ਹਾਸਲ ਕੀਤਾ। ਪ੍ਰੀਮੀਅਰ ਹਾਕੀ ਲੀਗ ’ਚ ਘਰੇਲੂ ਚੰਡੀਗੜ੍ਹ ਡਾਇਨਾਮੋਜ਼ ਦੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਰਾਜਪਾਲ ਸਿੰਘ ਨੇ ਆਪਣੀ ਕਪਤਾਨੀ ’ਚ 19ਵੇਂ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਮਲੇਸ਼ੀਆ ’ਚ ਆਸਟਰੇਲੀਆ ਨੂੰ 4-3 ਗੋਲ ਅੰਤਰ ਨਾਲ ਹਰਾਉਣ ਸਦਕਾ ਕੌਮੀ ਟੀਮ ਨੂੰ ਜੇਤੂ ਮੰਚ ਨਸੀਬ ਕਰਵਾਇਆ।

 

ਰਾਸ਼ਟਰੀ ਹਾਕੀ ’ਚ ਪੰਜਾਬ ਪੁਲੀਸ ਤੇ ਪੰਜਾਬ ਦੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਰਾਜਪਾਲ ਸਿੰਘ ਨੂੰ ਚੈਂਪੀਅਨਜ਼ ਚੈਲੇਂਜ ਹਾਕੀ ਟੂਰਨਾਮੈਂਟ ਬੈਲਜੀਅਮ-2007 ਅਤੇ ਸਾਲਟਾ-2009 ’ਚ ਕੌਮੀ ਟੀਮ ਨਾਲ ਮੈਦਾਨ ’ਚ ਨਿੱਤਰਨ ਦਾ ਹੱਕ ਹਾਸਲ ਹੋਇਆ। ਪਰ ਦੋਵੇਂ ਵਾਰ ਭਾਰਤੀ ਹਾਕੀ ਟੀਮ ਨੂੰ ਤਾਂਬੇ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ।

 

ਓਲੰਪੀਅਨ ਸ਼ੂਟਰ ਅਵਨੀਤ ਕੌਰ ਹੰੁਦਲ: ਓਲੰਪੀਅਨ ਸ਼ੂਟਰ ਅਵਨੀਤ ਕੌਰ ਹੁੰਦਲ ਦਾ ਜਨਮ 30 ਅਕਤੂਬਰ, 1981 ’ਚ ਜ਼ਿਲ੍ਹਾ ਬਠਿੰਡਾ ’ਚ ਅੰਮਿ੍ਰਤਪਾਲ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਹੋਇਆ। ਅਵਨੀਤ ਕੌਰ ਨੇ ਸ਼ੂਟਿੰਗ ਰੇਂਜ ’ਚ ਨਿਸ਼ਾਨੇ ਲਾਉਣ ਦਾ ਆਗਾਜ਼ 2001 ’ਚ ਦਸਮੇਸ਼ ਗਰਲਜ਼ ਕਾਲਜ, ਬਾਦਲ ’ਚ ਪੜ੍ਹਦਿਆਂ ਕੀਤਾ। ਕੇਵਲ ਪੰਜ ਦੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਅਵਨੀਤ ਕੌਰ ਨੇ ਮੈਲਬਰਨ-2006 ਕਾਮਨਵੈਲਥ ਗੇਮਜ਼ ’ਚ ਚਾਂਦੀ ਤਗਮਾ ਡੁੱਗ ਕੇ ਦਰਸਾ ਦਿੱਤਾ ਕਿ ਬੁਲੰਦ ਹੌਸਲੇ ਨਾਲ ਕਿਵੇਂ ਛੇਤੀ ਹੀ ਜਿੱਤਾਂ ਨਾਲ ਬਗਲਗੀਰ ਹੋਇਆ ਜਾ ਸਕਦਾ ਹੈ।

 

ਕੰਪਿਊਟਰ ਐਪਲਕੇਸ਼ਨਜ਼ ’ਚ ਬੈਚੂਲਰ ਡਿਗਰੀ ਹੋਲਡਰ ਅਵਨੀਤ ਕੌਰ ਹੁੰਦਲ ਦੇ ਸਿਰੜ ਦਾ ਨਤੀਜਾ ਹੈ ਕਿ ਉਸ ਦੇ ਕੌਮੀ ਤੇ ਕੌਮਾਂਤਰੀ ਖੇਡ ਖਾਤੇ ’ਚ ਕਰੀਬ 60 ਤਗਮੇ ਜਮ੍ਹਾਂ ਹਨ। 28 ਕੌਮਾਂਤਰੀ ਸ਼ੂਟਿੰਗ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੀ ਅਵਨੀਤ ਕੌਰ ਹੁੰਦਲ ਨੇ 18ਵੀਆਂ ਮੈਲਬਰਨ-2006 ਰਾਸ਼ਟਰਮੰਡਲ ਖੇਡਾਂ ’ਚ ਇਕ ਗੋਲਡ ਤੇ ਇਕ ਚਾਂਦੀ ਦਾ ਤਗਮਾ ਗਲੇ ਦਾ ਸ਼ਿੰਗਾਰ ਬਣਾ ਕੇ ਸ਼ੂਟਿੰਗ ਰੇਂਜ ’ਚ ਆਪਣੇ ਨਿਸ਼ਾਨਿਆਂ ਦਾ ਲੋਹਾ ਮੰਨਵਾਇਆ। ਕਰੋਏਸ਼ੀਆ ਦੇ ਸ਼ਹਿਰ ਜ਼ਗਰੇਬ ’ਚ ਖੇਡੀ ਗਈ 49ਵੀਂ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਖੇਡਣ ਵਾਲ ਅਵਨੀਤ ਕੌਰ ਹੁੰਦਲ ਨੂੰ 2006 ’ਚ ਪੰਜਾਬ ਸਟੇਟ ਦੇ ਸਭ ਤੋਂ ਵੱਡੇ ‘ਮਹਾਰਾਜਾ ਰਣਜੀਤ ਸਿੰਘ ਖੇਡ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ।

 

 
ਪੰਜਾਬ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਅਵਨੀਤ ਕੌਰ ਨੇ ਲਾਸ ਏਂਜਲਸ-2017 ’ਚ ਵਰਲਡ ਪੁਲੀਸ ਐਂਡ ਫਾਇਰ ਗੇਮਜ਼ ’ਚ ਚਾਰ ਤਗਮੇ ਜਿੱਤ ਕੇ ਦਰਸਾ ਦਿੱਤਾ ਹੈ ਕਿ ਪੁਲੀਸ ਵਰਦੀ ਪਹਿਨਣ ਤੋਂ ਇਲਾਵਾ ਉਹ ਅਜੇ ਸਪੋਰਟਸ ਵਸਤਰਾਂ ਤੇ ਕਿੱਟ ਦੀ ਵਰਤੋਂ ਵੀ ਕਰਦੀ ਹੈ। ਅਮਰੀਕਾ ’ਚ ਹੋਈਆਂ ਇਨ੍ਹਾਂ ਪੁਲੀਸ ਗੇਮਾਂ ’ਚ ਅਵਨੀਤ ਨੇ 50 ਮੀਟਰ ’ਚ ਗੋਲਡ ਮੈਡਲ, ਇਕ ਸਿਲਵਰ ਤੇ ਦੋ ਤਾਂਬੇ ਦੇ ਤਗਮੇ ਹਾਸਲ ਕਰਕੇ ਦਰਸਾ ਦਿੱਤਾ ਹੈ ਕਿ ਸਰਕਾਰੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਜਿੱਤਾਂ ਨਾਲ ਮਾਲਾ-ਮਾਲ ਹੋਇਆ ਜਾ ਸਕਦਾ ਹੈ। ਦੋਹਾ-2006 ਦੀਆਂ ਏਸ਼ੀਅਨ ਖੇਡਾਂ ’ਚ ਅਵਨੀਤ ਕੌਰ ਨੇ ਆਪਣੇ ਕੌਮਾਂਤਰੀ ਮੈਡਲਾਂ ਦੀ ਮਾਲਾ ’ਚ ਇਕ ਤਾਂਬੇ ਦਾ ਤਗਮਾ ਪਰੋਇਆ। ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ’ਚ ਦੇਸ਼ ਦੀ ਨੁਮਾਇੰਦਗੀ ਕਰਕੇ ਅਵਨੀਤ ਕੌਰ ਹੁੰਦਲ ਦੇ ਮੋਢਿਆਂ ’ਤੇ ਓਲੰਪੀਅਨ ਖਿਡਾਰੀ ਨਾਮਜ਼ਦ ਹੋਣ ਦਾ ਸਟਾਰ ਲੱਗਿਆ।

 

ਸ਼ੂਟਿੰਗ ’ਚ ਓਲੰਪਿਕ ਕੋਟਾ ਹਾਸਲ ਕਰਨ ਸਦਕਾ ਅਵਨੀਤ ਕੌਰ ਨੂੰ ਭਾਰਤ ਸਰਕਾਰ ਵਲੋਂ 2008 ’ਚ ‘ਅਰਜੁਨਾ ਅਵਾਰਡ’ ਨਾਲ ਨਿਵਾਜਿਆ ਗਿਆ। ਇੰਡੀਅਨ ਹਾਕੀ ਟੀਮ ਦਾ ਸਾਬਕਾ ਕਪਤਾਨ ਰਾਜਪਾਲ ਸਿੰਘ ਹੁੰਦਲ ਓਲੰਪੀਅਨ ਸ਼ੂਟਰ ਅਵਨੀਤ ਕੌਰ ਦਾ ਜੀਵਨ ਸਾਥੀ ਹੈ। ਕੌਮਾਂਤਰੀ ਖਿਡਾਰੀ ਜੋੜੇ ਦੇ ਘਰ ਇਕ ਪਿਆਰੀ ਬੱਚੀ ਦੀ ਐਂਟਰੀ ਹੋ ਚੁੱਕੀ ਹੈ। ਉਮੀਦ ਕਰਦੇ ਹਾਂ ਕਿ ਇਹ ਬੱਚੀ ਵੀ ਵੱਡੀ ਹੋ ਕੇ ਆਪਣੇ ਮਾਪਿਆਂ ਦੀ ਤਰ੍ਹਾਂ ਵਿਸ਼ਵ-ਵਿਆਪੀ ਖੇਡਾਂ ’ਚ ਚੰਗਾ ਨਾਮ ਕਮਾਉਣ ਦਾ ਉਪਰਾਲਾ ਕਰੇਗੀ।

   

 

==========

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ





News Source link

- Advertisement -

More articles

- Advertisement -

Latest article