ਲਾਹੌਰ, 23 ਜੁਲਾਈ
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਪੁੱਤਰ ਹਮਜ਼ਾ ਸ਼ਰੀਫ਼ (47) ਨੇ ਅੱਜ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ। ਸਿਰਫ਼ ਤਿੰਨ ਵੋਟਾਂ ਨਾਲ ਹਮਜ਼ਾ ਦੇ ਮੁੜ ਤੋਂ ਅਹੁਦੇ ਲਈ ਚੁਣੇ ਜਾਣ ਮਗਰੋਂ ਦੇਸ਼ ’ਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਅਤੇ ਵਿਰੋਧੀ ਉਮੀਦਵਾਰ ਚੌਧਰੀ ਪਰਵੇਜ਼ ਇਲਾਹੀ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸੁਪਰੀਮ ਕੋਰਟ ਨੇ ਪਟੀਸ਼ਨ ਸਵੀਕਾਰ ਕਰਦਿਆਂ ਡਿਪਟੀ ਸਪੀਕਰ ਅਤੇ ਹਮਜ਼ਾ ਨੂੰ ਨੋਟਿਸ ਜਾਰੀ ਕੀਤੇ ਹਨ। ਪੰਜਾਬ ਦੇ ਰਾਜਪਾਲ ਬਲਿਗ਼ਰ ਰਹਿਮਾਨ ਨੇ ਹਮਜ਼ਾ ਨੂੰ ਸਹੁੰ ਚੁਕਾਈ।
ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਨਿਦਰੇਸ਼ਾਂ ’ਤੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ’ਚ ਮੁੱਖ ਮੰਤਰੀ ਅਹੁਦੇ ਦੀ ਚੋਣ ਹੋਈ ਸੀ। ਹਮਜ਼ਾ ਨੂੰ ਚੋਣ ’ਚ ਜੇਤੂ ਐਲਾਨਿਆ ਗਿਆ ਜਦਕਿ ਉਸ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਕੋਲ ਵਿਧਾਨ ਸਭਾ ’ਚ ਬਹੁਮੱਤ ਨਹੀਂ ਸੀ। ਡਿਪਟੀ ਸਪੀਕਰ ਦੋਸਤ ਮੁਹੰਮਦ ਮਜ਼ਾਰੀ ਵੱਲੋਂ ਵਿਰੋਧੀ ਉਮੀਦਵਾਰ ਚੌਧਰੀ ਪਰਵੇਜ਼ ਇਲਾਹੀ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਕਿਊ ਦੇ 10 ਵੋਟ ਸੰਵਿਧਾਨ ਦੀ ਧਾਰਾ 63-ਏ ਦਾ ਹਵਾਲਾ ਦਿੰਦਿਆਂ ਰੱਦ ਕਰ ਦਿੱਤੇ ਸਨ।
ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਅਤੇ ਉਨ੍ਹਾਂ ਦੀ ਭਾਈਵਾਲ ਪੀਐੱਮਐੱਲਕਿਊ ਦੇ ਮੈਂਬਰਾਂ ਨੇ ਡਿਪਟੀ ਸਪੀਕਰ ਦੇ ਫ਼ੈਸਲੇ ਦਾ ਵਿਰੋਧ ਕੀਤਾ। ਇਹ ਦੂਜੀ ਵਾਰ ਹੈ ਕਿ ਹਮਜ਼ਾ ਨੇ ਇਲਾਹੀ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਮੁਕਾਬਲੇ ’ਚ ਹਰਾਇਆ ਹੈ। ਉਹ 16 ਅਪਰੈਲ ਨੂੰ ਜੇਤੂ ਐਲਾਨੇ ਗਏ ਸਨ ਪਰ ਤਤਕਾਲੀ ਗਵਰਨਰ ਉਮਰ ਸਰਫ਼ਰਾਜ਼ ਚੀਮਾ ਨੇ ਉਸ ਨੂੰ ਸਹੁੰ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ’ਚ ਲਾਹੌਰ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਰਾਜਾ ਪਰਵੇਜ਼ ਅਸ਼ਰਫ਼ ਨੇ ਹਮਜ਼ਾ ਨੂੰ ਸਹੁੰ ਚੁਕਾਈ ਸੀ। ਪੀਟੀਆਈ ਦੇ ਚੇਅਰਮੈਨ ਇਮਰਾਨ ਖ਼ਾਨ ਨੇ ਹਮਜ਼ਾ ਦੀ ਜਿੱਤ ’ਤੇ ਹੈਰਾਨੀ ਪ੍ਰਗਟ ਕਰਦਿਆਂ ਆਸ ਜਤਾਈ ਕਿ ਸੁਪਰੀਮ ਕੋਰਟ ਇਨਸਾਫ਼ ਕਰੇਗਾ ਅਤੇ ਪਾਰਟੀ ਦੇ ਫ਼ਤਵੇ ਨੂੰ ਚੁਰਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ‘‘ਜਿਵੇਂ ਬੱਕਰੀਆਂ ਅਤੇ ਭੇਡਾਂ ਵੇਚੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਸੰਸਦ ਮੈਂਬਰ ਮੇਰੇ ਖ਼ਿਲਾਫ਼ ਭਰੋਸੇ ਦੇ ਵੋਟ ਸਮੇਂ ਵਿਕੇ ਸਨ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਸਮੇਂ ਵੀ ਇੰਜ ਹੀ ਹੋਇਆ ਹੈ।’’ ਉਨ੍ਹਾਂ ਨੌਜਵਾਨਾਂ ਸਮੇਤ ਲੋਕਾਂ ਨੂੰ ਦੇਸ਼ ਭਰ ’ਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ