* ਹਰਿਆਣਾ ਵਿਧਾਨ ਸਭਾ ਦੇ ਮੈਂਬਰਾਂ ਲਈ ਕਰਵਾਏ ਜਾ ਰਹੇ ਓਰੀਐਂਟੇਸ਼ਨ ਪ੍ਰੋਗਰਾਮ ’ਚ ਹੋਏ ਸ਼ਾਮਲ
ਚੰਡੀਗੜ੍ਹ, 14 ਫਰਵਰੀ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਸਹਿਮਤੀ ਤੇ ਅਸਹਿਮਤੀ ਲੋਕਤੰਤਰ ਦੀ ਤਾਕਤ ਹਨ ਪਰ ਯੋਜਨਾਬੱਧ ਢੰਗ ਨਾਲ ਅੜਿੱਕੇ ਡਾਹੁਣਾ ਭਾਵੇਂ ਉਹ ਵਿਧਾਨ ਸਭਾਵਾਂ ਵਿੱਚ ਹੋਵੇ ਜਾਂ ਸੰਸਦ ਵਿੱਚ, ਠੀਕ ਨਹੀਂ ਹੈ। ਉਹ ਹਰਿਆਣਾ ਵਿਧਾਨ ਸਭਾ ਦੇ ਮੈਂਬਰਾਂ ਲਈ ਅੱਜ ਤੋਂ ਇੱਥੇ ਸ਼ੁਰੂ ਹੋਏ ਦੋ ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਤੋਂ ਇਕ ਪਾਸੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਬਿਰਲਾ ਨੇ ਕਿਹਾ, ‘‘ਵਿਚਾਰ-ਚਰਚਾ ਤੇ ਗੱਲਬਾਤ ਲੋਕਤੰਤਰ ਦੀ ਆਤਮਾ ਹਨ। ਸਹਿਮਤੀ ਤੇ ਅਸਹਿਮਤੀ ਲੋਕਤੰਤਰ ਦੀ ਤਾਕਤ ਹਨ ਪਰ ਮੇਰਾ ਮੰਨਣਾ ਹੈ ਕਿ ਭਾਵੇਂ ਵਿਧਾਨ ਸਭਾਵਾਂ ਹੋਣ ਜਾਂ ਸੰਸਦ, ਯੋਜਨਾਬੱਧ ਢੰਗ ਨਾਲ ਅੜਿੱਕ ਡਾਹੁਣਾ ਲੋਕਤੰਤਰ ਲਈ ਢੁਕਵਾਂ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਯੋਜਨਾਬੱਧ ਢੰਗ ਨਾਲ ਅੜਿੱਕੇ ਡਾਹੁਣਾ ਨਾ ਤਾਂ ਦੇਸ਼ ਲਈ ਤੇ ਨਾ ਕਿਸੇ ਸੂਬੇ ਲਈ ਠੀਕ ਹੈ ਕਿਉਂਕਿ ਇਸ ਨਾਲ ਸਦਨ ਦੀ ਕਾਰਵਾਈ ਪ੍ਰਭਾਵਿਤ ਹੁੰਦੀ ਹੈ ਅਤੇ ਵਿਧਾਨਕ ਕੰਮਾਂ ਵਿੱਚ ਵੀ ਵਿਘਨ ਪੈਂਦਾ ਹੈ ਜਿਸ ਨਾਲ ਕੀਮਤੀ ਸਮਾਂ ਬਰਬਾਦ ਹੁੰਦਾ ਹੈ।’’
ਬਿਰਲਾ ਨੇ ਕਿਹਾ ਕਿ ਇਹ ਕਾਫੀ ਮਾਣ ਵਾਲੀ ਗੱਲ ਹੈ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਡਾ ਲੋਕਤੰਤਰ ਹੈ। ਆਜ਼ਾਦੀ ਤੋਂ ਬਾਅਦ, ਸੰਵਿਧਾਨ ਦੀ ਅਗਵਾਈ ਹੇਠ, ਭਾਵੇਂ ਉਹ ਸੂਬਾਈ ਅਸੈਂਬਲੀਆਂ ਹੋਣ ਜਾਂ ਸੰਸਦ, ਨਵੇਂ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਕਿਹਾ, ‘‘ਸੰਸਦ ਵਿੱਚ, ਅਸੀਂ ਗੈਰ ਲੋੜੀਂਦੇ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਨੂੰ ਖ਼ਤਮ ਕੀਤਾ। ਅਸੀਂ ਆਜ਼ਾਦੀ ਤੋਂ ਬਾਅਦ ਸਮੇਂ ਦੀ ਲੋੜ ਮੁਤਾਬਕ ਨਵੇਂ ਕਾਨੂੰਨ ਬਣਾਏ।’’ ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਬਣਾਉਣਾ ਸੂਬਾਈ ਵਿਧਾਨ ਸਭਾਵਾਂ ਤੇ ਲੋਕ ਸਭਾ ਦਾ ਕੰਮ ਹੈ। ਉਨ੍ਹਾਂ ਵਧੀਆ ਕਾਨੂੰਨ ਬਣਾਉਣ ਲਈ ਵਿਚਾਰ-ਚਰਚਾ ਅਤੇ ਵਾਦ-ਵਿਵਾਦ ਦੀ ਲੋੜ ’ਤੇ ਜ਼ੋਰ ਦਿੱਤਾ। ਕਾਨੂੰਨਸਾਜ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਕਾਫੀ ਆਸਾਂ ਤੇ ਇੱਛਾਵਾਂ ਨਾਲ ਚੁਣਦੇ ਹਨ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਲੋਕਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰਿਆਣਾ ਦੀ 15ਵੀਂ ਵਿਧਾਨ ਸਭਾ ਦੇ ਮੈਂਬਰਾਂ ਲਈ ਇਹ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 40 ਪਹਿਲੀ ਵਾਰ ਬਣੇ ਵਿਧਾਇਕ ਸ਼ਾਮਲ ਹਨ। ਇਹ ਪ੍ਰੋਗਰਾਮ ਲੋਕਤੰਤਰਾਂ ਲਈ ਸੰਸਦੀ ਖੋਜ ਤੇ ਸਿਖਲਾਈ ਸੰਸਥਾ (ਪਰਾਈਡ) ਤੇ ਲੋਕ ਸਭਾ ਸਕੱਤਰੇਤ ਵੱਲੋਂ ਹਰਿਆਣਾ ਵਿਧਾਨ ਸਭਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।