ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਦਸੰਬਰ
ਪੰਜਾਬ ਦੇ ਊਰਜਾ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਉਦਯੋਗਾਂ ਵਿੱਚ ਬਿਜਲੀ ਸਪਲਾਈ ਲਈ ਸੋਲਰ ਸਿਸਟਮ ਲਗਾਉਣ। ਇਸ ਲਈ ਸਰਕਾਰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਅੱਜ ਉਨ੍ਹਾਂ ਇੱਥੇ ਚੱਲ ਰਹੇ 18ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਦਾ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਨੂੰ ਸਬਸਿਡੀ ਆਧਾਰਤ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਦਯੋਗਾਂ ਨੂੰ ਬਿਜਲੀ ਡਿਊਟੀ ਵਿੱਚ ਵੀ ਛੋਟ ਦਿੱਤੀ ਜਾ ਰਹੀ ਹੈ। ਹੁਣ ਸਰਕਾਰ ਨੇ ਉਦਯੋਗਾਂ ਲਈ ਓਪਨ ਅਕਸੈੱਸ ਨੀਤੀ ਲਿਆਂਦੀ ਹੈ ਜਿਸ ਤਹਿਤ ਉਦਯੋਗਪਤੀ ਆਪਣੇ ਉਦਯੋਗਾਂ ਜਾਂ ਆਸ-ਪਾਸ ਦੇ ਖੇਤਰਾਂ ਵਿੱਚ ਸੋਲਰ ਪੈਨਲ ਲਗਾ ਸਕਦੇ ਹਨ। ਜਿਨ੍ਹਾਂ ਕੋਲ ਵਾਧੂ ਬਿਜਲੀ ਹੋਵੇਗੀ, ਉਹ ਬਿਜਲੀ ਸਰਕਾਰ ਨੂੰ ਵੀ ਮੁਹੱਈਆ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਪੀਐੱਸਪੀਸੀਐਲ ਅਤੇ ਪੇਡਾ ਵੱਲੋਂ ਸਾਂਝੇ ਤੌਰ ’ਤੇ ਅੱਗੇ ਵਧਾਇਆ ਜਾ ਰਿਹਾ ਹੈ। ਜਿਸ ਤਹਿਤ ਕਿਸਾਨਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਜ਼ਮੀਨ ਲੰਮੇ ਸਮੇਂ ਲਈ ਠੇਕੇ ‘ਤੇ ਲੈਕੇ ਉਸ ਜ਼ਮੀਨ ‘ਤੇ ਸੋਲਰ ਪੈਨਲ ਲਗਾਏ ਜਾਣਗੇ| ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਇਸ ਸਕੀਮ ਨਾਲ ਜੁੜ ਕੇ ਉਦਯੋਗਪਤੀਆਂ ਦੀ ਮਦਦ ਕੀਤੀ ਹੈ। ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਸਰਪਲੱਸ ਸੂਬਾ ਬਣਾਇਆ ਜਾਵੇ। ਪਾਈਟੈਕਸ ਦੇ ਆਯੋਜਨ ‘ਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਸਮਾਗਮ ਨੇ ਨਾ ਸਿਰਫ਼ ਅੰਮ੍ਰਿਤਸਰ ਬਲਕਿ ਪੂਰੇ ਪੰਜਾਬ ਦੇ ਕਾਰੋਬਾਰ ਨੂੰ ਹੁਲਾਰਾ ਦਿੱਤਾ ਹੈ।
ਕੈਬਨਿਟ ਮੰਤਰੀ ਨੇ ਪਾਈਟੈਕਸ ਵਿੱਚ ਸਥਾਪਤ ਮਾਰਕਫੈੱਡ, ਪੇਡਾ, ਪੰਜਾਬ ਟੂਰਿਜ਼ਮ ਵਿਭਾਗ ਸਮੇਤ ਕਈ ਵਿਭਾਗਾਂ ਦੇ ਸਟਾਲਾਂ ਦਾ ਦੌਰਾ ਕੀਤਾ ਅਤੇ ਕਾਰੋਬਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਪੀਐਚਡੀਸੀਸੀਆਈ ਦੇ ਡਿਪਟੀ ਸਕੱਤਰ ਨਵੀਨ ਸੇਠ ਅਤੇ ਖੇਤਰੀ ਡਾਇਰੈਕਟਰ ਭਾਰਤੀ ਸੂਦ ਨੇ ਕੈਬਨਿਟ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇੱਕ ਲੱਖ 28 ਹਜ਼ਾਰ ਲੋਕਾਂ ਨੇ ਦੇਖਿਆ ਮੇਲਾ
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ 18ਵੇਂ ਪਾਇਟੈਕਸ ਦੌਰਾਨ ਜਿੱਥੇ ਐਤਵਾਰ ਨੂੰ ਸ਼ਹਿਰ ਵਾਸੀਆਂ ਨੇ ਖੂਬ ਮਸਤੀ ਕੀਤੀ, ਉਥੇ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਜਲੰਧਰ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਇੱਥੇ ਪੁੱਜੇ। ਪਾਈਟੈਕਸ ਵਿੱਚ ਐਤਵਾਰ ਨੂੰ ਬਹੁਤ ਸਾਰੇ ਪਰਿਵਾਰ ਅਜਿਹੇ ਵੀ ਵੇਖੇ ਗਏ, ਜਿਹੜੇ ਸਾਰਾ ਦਿਨ ਇੱਥੇ ਰਹੇ। ਚੈਂਬਰ ਵੱਲੋਂ ਇੱਥੇ 5 ਦਸੰਬਰ ਤੋਂ ਪਾਈਟੈਕਸ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਐਤਵਾਰ ਛੁੱਟੀ ਵਾਲੇ ਦਿਨ ਭਾਰੀ ਭੀੜ ਰਹੀ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਮਹੱਤਵ ਵਾਲਾ ਸੈਰ-ਸਪਾਟਾ ਸਥਾਨ ਹੈ, ਜਿਸ ਸਦਕਾ ਦੂਰੋਂ-ਦੂਰੋਂ ਦਰਬਾਰ ਸਾਹਿਬ ਮੱਥਾ ਟੇਕਣ ਆਈ ਸੰਗਤ ਵੀ ਅੱਜ ਪਾਈਟੈਕਸ ਪਹੁੰਚੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਇੱਥੇ ਆਏ ਲੋਕਾਂ ਨੇ ਫੂਡ ਕੋਰਟ ਵਿੱਚ ਲਾਏ ਗਏ ਵੱਖ-ਵੱਖ ਸਟਾਲਾਂ ਦਾ ਖੂਬ ਆਨੰਦ ਮਾਣਿਆ। ਜ਼ਿਆਦਾਤਰ ਲੋਕ ਸਰਦੀਆਂ ਦੇ ਮੌਸਮ ਵਿੱਚ ਤੇਜ਼ ਧੁੱਪ ਦੇ ਵਿਚਕਾਰ ਆਪਣੇ ਪਰਿਵਾਰਾਂ ਸਮੇਤ ਇੱਥੇ ਪਹੁੰਚੇ ਹੋਏ ਸਨ। ਇਸ ਦੌਰਾਨ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਕਿਹਾ ਕਿ ਐਤਵਾਰ ਨੂੰ ਇੱਥੇ ਲੱਗਭਗ 1 ਲੱਖ 28 ਹਜ਼ਾਰ ਸੈਲਾਨੀ ਆਏ ਹਨ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਸੋਮਵਾਰ ਨੂੰ ਮੇਲੇ ਦਾ ਆਖਰੀ ਦਿਨ ਹੈ। ਅਜਿਹੇ ’ਚ ਆਖਰੀ ਦਿਨ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਸਕਦੀ ਹੈ।