ਵਾਸ਼ਿੰਗਟਨ, 17 ਦਸੰਬਰ
ਦਿੱਲੀ ਪੁਲੀਸ ਅਤੇ ਕੇਂਦਰੀ ਜਾਂਚ ਬਿਊਰੋ ਨੇ ਤਕਨੀਕੀ ਸੇਵਾਵਾਂ ਮੁਹੱਈਆ ਕਰਵਾਉਣ ਦਾ ਝਾਂਸਾ ਦੇ ਕੇ ਪਿਛਲੇ 10 ਸਾਲਾਂ ਵਿੱਚ ਹਜ਼ਾਰਾਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ ਇੱਕ ਕੌਮਾਂਤਰੀ ਗਰੋਹ ਦਾ ਪਰਦਾਫਾਸ਼ ਕਰਕੇ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਮਦਦ ਕੀਤੀ ਹੈ। ਸੀਬੀਆਈ ਅਤੇ ਦਿੱਲੀ ਪੁਲੀਸ ਨੇ ਇਸ ਹਫ਼ਤੇ ਨਵੀਂ ਦਿੱਲੀ ਦੇ ਹਰਸ਼ਦ ਮਦਾਨ (34) ਅਤੇ ਫਰੀਦਾਬਾਦ ਦੇ ਵਿਕਾਸ ਗੁਪਤਾ (33) ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਤੀਜਾ ਮੁਲਜ਼ਮ ਗਗਨ ਲਾਂਬਾ (41) ਅਜੇ ਫ਼ਰਾਰ ਹੈ। ਗਗਨ ਦਾ ਭਰਾ ਜਤਿਨ ਲਾਂਬਾ ਵੀ ਪੁਲੀਸ ਹਿਰਾਸਤ ਵਿੱਚ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ’ਤੇ ਇੰਟਰਨੈੱਟ ਤੇ ਕੰਪਿਊਟਰ ਦੀ ਮਦਦ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ। ਅਮਰੀਕਾ ਦੇ ਅਟਾਰਨੀ ਫਿਲਿਪ ਆਰ ਸੇਲਿੰਗਰ ਨੇ ਇੱਕ ਬਿਆਨ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦਿੱਤੇ ਸਹਿਯੋਗ ਬਦਲੇ ਸੀਬੀਆਈ ਅਤੇ ਦਿੱਲੀ ਪੁਲੀਸ ਦਾ ਧੰਨਵਾਦ ਕੀਤਾ। ਭਾਰਤੀ-ਅਮਰੀਕੀ ਮੇਘਨਾ ਕੁਮਾਰ (50) ਨੇ ਪਿਛਲੇ ਹਫ਼ਤੇ ਹੀ ਆਪਣਾ ਜੁਰਮ ਕਬੂਲਿਆ ਸੀ। ਇਸੇ ਮਾਮਲੇ ਸਬੰਧੀ ਓਂਟਾਰੀਓ ਵਾਸੀ ਜੈਅੰਤ ਭਾਟੀਆ (33) ਨੂੰ ਕੈਨੇਡਾ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਯਾਰਕ ਵਿੱਚ ਰਿਚਮੰਡ ਹਿਲ ਦੇ ਵਾਸੀ ਕੁਲਵਿੰਦਰ ਸਿੰਘ (34) ਸਣੇ ਸਾਰੇ ਭਾਰਤੀ ਮੂਲ ਦੇ ਮੁਲਜ਼ਮਾਂ ’ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਸੇਲਿੰਗਰ ਨੇ ਦੱਸਿਆ ਕਿ ਮੁਲਜ਼ਮ ਬਜ਼ੁਰਗ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹ ਪੀੜਤਾਂ ਨੂੰ ਭਰੋਸਾ ਦਿਵਾਉਂਦੇ ਸਨ ਕਿ ਉਨ੍ਹਾਂ ਦੇ ਨਿੱਜੀ ਕੰਪਿਊਟਰ ਵਿੱਚ ਕਿਸੇ ਵਾਇਰਸ ਨੇ ਹਮਲਾ ਕੀਤਾ ਹੈ ਤੇ ਫ਼ਰਜ਼ੀ ਸੇਵਾਵਾਂ ਮੁਹੱਈਆ ਕਰਵਾਉਣ ਬਦਲੇ ਪੀੜਤਾਂ ਤੋਂ ਸੈਕੜੇ ਜਾਂ ਹਜ਼ਾਰਾਂ ਡਾਲਰ ਵਸੂਲਦੇ ਸਨ। ਮੁਲਜ਼ਮਾਂ ਨੇ ਹੁਣ ਤੱਕ ਘੱਟੋ-ਘੱਟ 20,000 ਪੀੜਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਇੱਕ ਕਰੋੜ ਡਾਲਰ ਤੋਂ ਵੱਧ ਦੀ ਰਕਮ ਵਸੂਲੀ ਹੈ। -ਪੀਟੀਆਈ