ਸ਼ਹੀਦ ਅਜੈ ਦਾ ਪਿੰਡ ਅਗਨੀਵੀਰ ਸਕੀਮ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦਾ ਕੇਂਦਰ ਬਿੰਦੂ ਬਣਿਆ

Must read


ਮਹੇਸ਼ ਸ਼ਰਮਾ

ਮੰਡੀ ਅਹਿਮਦਗੜ੍ਹ, 4 ਜੁਲਾਈ

ਬੀਤੇ ਸੋਮਵਾਰ ਲੋਕ ਸਭਾ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਹੁਲ ਗਾਂਧੀ ਦਰਮਿਆਨ ਅਗਨੀਵੀਰ ਯੋਜਨਾ ਦੇ ਸਬੰਧ ਵਿੱਚ ਹੋਈ ਬਹਿਸ ਤੋਂ ਬਾਅਦ ਲੁਧਿਆਣਾ ਜਿਲ੍ਹੇ ਦਾ ਪਿੰਡ ਰਾਮਗੜ੍ਹ ਸਰਦਾਰਾਂ ਕਾਂਗਰਸ ਪਾਰਟੀ ਵੱਲੋਂ ਅਗਨੀਵੀਰ ਸਕੀਮ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦਾ ਕੇਂਦਰ ਬਿੰਦੂ ਬਣ ਗਿਆ ਹੈ।

ਜਨਵਰੀ ਮਹੀਨੇ ਦੌਰਾਨ ਨੌਸ਼ਹਿਰਾ ਸੀਮਾ ‘ਤੇ ਵੀਰਗਤੀ ਨੂੰ ਪ੍ਰਾਪਤ ਹੋਏ ਅਜੈ ਕੁਮਾਰ ਦੇ ਪਰਿਵਾਰ ਵੱਲੋਂ ਪਹਿਲਾਂ ਦਿੱਤੇ ਬਿਆਨ ਦੇ ਅਧਾਰ ‘ਤੇ ਰਾਹੁਲ ਗਾਂਧੀ ਵੱਲੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਮੋਦੀ ਸਰਕਾਰ ਨੇ ਹੁਣ ਤੱਕ ਨਾ ਤਾਂ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਹੈ। ਅਗਨੀਵੀਰ ਦੇ ਪਿਤਾ ਨੇ ਵੀਡੀਓ ਸੰਦੇਸ਼ ਵਿੱਚ ਵੀ ਇਹ ਦੋਸ਼ ਲਗਾਏ ਸਨ।

ਉਧਰ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਨਕਾਰਦਿਆਂ ਭਾਰਤੀ ਸੇਨਾ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਹ ਦਾਅਵਾ ਕੀਤਾ ਸੀ ਕਿ ਪਰਿਵਾਰ ਨੂੰ ਕਰੀਬ 98 ਲੱਖ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ ਅਤੇ ਕਰੀਬ 67 ਲੱਖ ਰੁਪਏ ਦੀ ਹੋਰ ਰਕਮ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਦਿੱਤੀ ਜਾਵੇਗੀ।

ਇਸ ਸਬੰਧ ਵਿੱਚ ਜਦੋਂ ਸ਼ਹੀਦ ਦੇ ਪਿਤਾ ਚਰਨਜੀਤ ਸਿੰਘ ਤੇ ਮਾਤਾ ਮਨਜੀਤ ਕੌਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਹੁਣ ਤੱਕ ਸੂਬਾ ਸਰਕਾਰ ਵੱਲੋਂ ਮਿਲੀ ਇੱਕ ਕਰੋੜ ਰੁਪਏ ਦੀ ਰਾਸ਼ੀ ਤੋਂ ਇਲਾਵਾ ਬੈਂਕ ਤੋਂ ਅਜੈ ਕੁਮਾਰ ਦੇ ਬੀਮੇ ਦੇ ਪੰਜਾਹ ਲੱਖ ਰੁਪਏ ਮਿਲੇ ਸਨ। ਭਾਰਤੀ ਭਾਰਤੀ ਸੈਨਾ ਦਫ਼ਤਰ ਤੋਂ ਸਿਰਫ਼ 48 ਲੱਖ ਰੁਪਏ ਮਿਲੇ ਹਨ, ਜਿਸ ਬਾਰੇ ਇਹ ਨਹੀਂ ਪਤਾ ਕਿ ਇਹ ਪੈਸੇ ਕੇਂਦਰ ਸਰਕਾਰ ਤੋਂ ਭੇਜੇ ਗਏ ਹਨ ਕਿ ਕਿਸੇ ਹੋਰ ਵੱਲੋਂ।

ਚਰਨਜੀਤ ਸਿੰਘ ਨੇ ਪਰਿਵਾਰ ਦੀ ਮੰਗ ਦੁਹਰਾਈ ਕਿ ਅਗਨੀਵੀਰ ਯੋਜਨਾ ਨੂੰ ਬੰਦ ਕਰਕੇ ਭਰਤੀ ਹੋਏ ਜਵਾਨਾਂ ਨੂੰ ਭਾਰਤੀ ਫੌਜ ਵਾਲੀਆਂ ਸਾਰੀਆਂ ਸਹੂਲਤਾਂ, ਪੈਨਸ਼ਨ, ਕੰਟੀਨ ਦਾ ਕਾਰਡ ਅਤੇ ਸਿਹਤ ਸੁਵਿਧਾਵਾਂ ਆਦਿ ਮਿਲਣੀਆਂ ਚਾਹੀਦੀਆਂ ਹਨ।

ਇਸ ਦਰਮਿਆਨ ਹਲਕਾ ਅਮਰਗੜ੍ਹ ਦੇ ਇੰਚਾਰਜ ਸੁਮਿਤ ਸਿੰਘ ਮਾਨ ਨੇ ਦੋਸ਼ ਲਗਾਇਆ ਕਿ ਮੀਡੀਆ ਦੇ ਇੱਕ ਹਿੱਸੇ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਪਰਿਵਾਰ ਨੂੰ ਪੁੱਠੇ ਸਿੱਧੇ ਸਵਾਲ ਪੁੱਛ ਕੇ ਤੰਗ ਕੀਤਾ ਜਾ ਰਿਹਾ ਹੈ ਜਦੋਂ ਕਿ ਬੀਮੇ ਦੇ ਮੁਆਵਜੇ ਦਾ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਿਸੇ ਵੀ ਸਹੂਲਤ ਨਾਲ ਕੋਈ ਸਬੰਧ ਨਹੀਂ ਹੈ।

ਅਜੈ ਕੁਮਾਰ ਦੀ ਸ਼ਹਾਦਤ ਤੋਂ ਕੁੱਝ ਦਿਨ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸ਼ਹੀਦ ਦੀਆਂ ਛੇ ਭੈਣਾਂ ਦੀ ਹਾਜਰੀ ਵਿੱਚ ਚਰਨਜੀਤ ਸਿੰਘ ਤੇ ਮਨਜੀਤ ਕੌਰ ਨੂੰ ਪੰਜਾਹ ਪੰਜਾਹ ਲੱਖ ਦੇ ਦੋ ਚੈਕ ਦਿੱਤੇ ਸਨ ਅਤੇ ਛੋਟੀ ਲੜਕੀ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਪਰਿਵਾਰ ਵੱਲੋਂ ਮ੍ਰਿਤਕ ਦੀ ਯਾਦ ਵਿੱਚ ਕੁੱਝ ਵਿਕਾਸ ਕੰਮ ਕਰਵਾਏ ਜਾਣ ਦੀ ਮੰਗ ਨੂੰ ਲਾਗੂ ਕਰਨ ਲਈ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹੁਕਮ ਕੀਤੇ ਸਨ।

ਬੀਤੀਆਂ ਲੋਕ ਸਭਾ ਚੋਣਾਂ ਦੇ ਚੱਲਦਿਆਂ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ ਅਮਰ ਸਿੰਘ ਬੋਪਾਰਾਏ ਦੀ ਮੁਹਿੰਮ ਦੌਰਾਨ ਰਾਹੁਲ ਗਾਂਧੀ ਨੇ ਪਰਿਵਾਰ ਨੂੰ ਮਿਲ ਕੇ ਆਪਣੀ ਸਰਕਾਰ ਆਉਣ ਤੋਂ ਬਾਅਦ ਅਗਨੀਵੀਰਾਂ ਨੂੰ ਭਾਰਤੀ ਸੇਨਾ ਦੇ ਜਵਾਨਾਂ ਵਾਲੀਆਂ ਸਹੂਲਤਲਾਂ ਦੇਣ ਦਾ ਭਰੋਸਾ ਦਿੱਤਾ ਸੀ ਅਤੇ ਰਸਮੀ ਤੌਰ ‘ਤੇ ਅਗਨੀਵੀਰ ਯੋਜਨਾ ਨੂੰ ਬੰਦ ਕਰਵਾਉਣ ਨੂੰ ਦੀ ਮੁਹਿੰਮ ਦਾ ਐਲਾਨ ਕੀਤਾ ਸੀ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਸ਼ੀ ਤੋਂ ਉਹਨ੍ਹਾਂ ਕੁੱਝ ਨਹੀਂ ਲੈਣਾ ਇਸ ਨਾਲ ਉਨ੍ਹਾਂ ਦਾ ਪੁੱਤ ਨਹੀ ਮੁੜਕੇ ਆਵੇਗਾ।



News Source link

- Advertisement -

More articles

- Advertisement -

Latest article