ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਗਸਤ
ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਪੰਜਾਬ ਪੁਲੀਸ ਦੇ ਕਾਂਸਟੇਬਲ 34 ਸਾਲਾ ਪਰਮਿੰਦਰ ਸਿੰਘ ਨੇ ਭਾਖੜਾ ਨਹਿਰ ਵਿੱਚ ਛਾਲ਼ ਮਾਰ ਕੇ ਖੁਦਕੁਸ਼ੀ ਕਰ ਲਈ। ਇੱਥੋਂ ਦੇ ਰਤਨ ਨਗਰ ਦਾ ਵਸਨੀਕ ਇਹ ਮੁਲਾਜ਼ਮ ਇੱਥੇ ਪੁਲੀਸ ਲਾਈਨ ਵਿੱਚ ਤਾਇਨਾਤ ਸੀ। ਉਸ ਦੇ ਪਿਤਾ ਸੰਤੋਖ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੰਪਰਕ ਕਰਨ ’ਤੇ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕਮਲਪ੍ਰੀਤ ਕੌਰ, ਸੱਸ ਸ਼ਰਨਜੀਤ ਕੌਰ, ਸਹੁਰਾ ਰਾਜਿੰਦਰਪਾਲ ਸਿੰਘ ਤੇ ਸਾਲੇ ਅਮਨਦੀਪ ਸਿੰਘ ਵਾਸੀਆਨ ਪਿੰਡ ਆਲਮਗੀਰ ਜਿਲ੍ਹਾ ਲੁਧਿਆਣਾ ਦੇ ਖਿਲਾਫ਼ ਇਹ ਕੇਸ ਧਾਰਾ 306 ਅਤੇ 34 ਤਹਿਤ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੰਤੋਖ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਹਿਤ ਵਿਚ ਦੱਸਿਆ ਗਿਆ ਹੈ ਕਿ ਕੁਝ ਮਹੀਨੇ ਪਹਿਲਾਂ ਉਸ ਦੇ ਬੇਟੇ ਅਤੇ ਕਮਲਪ੍ਰੀਤ ਕੌਰ ਦਰਮਿਆਨ ਹੋਈ ਤਕਰਾਰ ਕਾਰਨ ਕਮਲਪ੍ਰੀਤ, ਬੱਚੀ ਸਰਗੁਨ ਕੌਰ ਨੂੰ ਆਪਣੇ ਨਾਲ ਪੇਕੇ ਚਲੇ ਗਈ ਸੀ ਤੇ ਘਰੋਂ ਉਨ੍ਹਾਂ ਦੇ ਅਤੇ ਆਪਣੇ ਗਹਿਣੇ ਲੈ ਗਈ ਸੀ। ਇਸ ਉਪਰੰਤ ਉਸ ਨੇ ਪਰਮਿੰਦਰ ਸਿੰਘ ’ਤੇ ਕੁੱਟਮਾਰ ਤੇ ਦਾਜ ਮੰਗਣ ਦੇ ਦੋਸ਼ ਤਹਿਤ ਡੇਹਲੋਂ ਥਾਣੇ ਅਤੇ ਵਿਮੈਨ ਸੈੱਲ ਵਿਚ ਦਰਖਾਸਤ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਸ ਦੇ ਬੇਟਾ ਪਤਨੀ ਨੂੰ ਘਰ ਲਿਆਉਣ ਲਈ ਤਿਆਰ ਸੀ ਪਰ ਸਹੁਰੇ ਪਰਿਵਾਰ ਨੇ ਉਸ ਨਾਲ ਗਾਲ਼ੀ ਗਲੋਚ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਭਾਖੜਾ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਮੁਲਜ਼ਮਾ ਦੀ ਗ੍ਰਿ੍ਫਤਾਰੀ ਲਈ ਕਾਰਵਾਈ ਜਾਰੀ ਹੈ।
ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਪਤੀ ਖ਼ਿਲਾਫ਼ ਕੇਸ ਦਰਜ
ਪਟਿਆਲਾ (ਖੇਤਰੀ ਪ੍ਰਤੀਨਿਧ): ਇਸ ਜ਼ਿਲ੍ਹੇ ਦੇ ਪਿੰਡ ਬਲਬੇੜਾ ਵਿੱਚ ਨਵ ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਹੰਦ ਦੀ ਵਸਨੀਕ ਮੋਨਿਕਾ ਸ਼ਰਮਾ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਹੋਇਆ ਸੀ। ਉਧਰ ਇਸ ਸਬੰਧੀ ਥਾਣਾ ਸਦਰ ਪਟਿਆਲਾ ਵਿੱਚ ਉਸ ਦੇ ਪਤੀ ਰਕੇਸ਼ ਸ਼ਰਮਾ ਪੁੱਤਰ ਗਿਰੀਸ਼ ਭਾਨ ਦੇ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ ਪਰ ਮ੍ਰਿਤਕਾ ਦੇ ਵਾਰਸਾਂ ਵੱਲੋਂ ਇਸ ਨੂੰ ਖੁਦਕੁਸ਼ੀ ਦੀ ਬਜਾਏ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਅੱਜ ਇੱਥੇ ਪੋਸਟ ਮਾਰਟਮ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਪੁੱਜੇ ਮੋਨਿਕਾ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਸ ਦਾ ਵਿਆਹ 17/10/2021 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਸੀ। ਹੁਣ ਉਸ ਦਾ ਫੋਨ ਆਇਆ ਕਿ ਉਹ ਬਿਮਾਰ ਹੈ ਅਤੇ ਉਸ ਦਾ ਪਤੀ ਉਸ ਨੂੰ ਦਵਾਈ ਦਵਾਉਣ ਲਈ ਨਹੀਂ ਲੈ ਕੇ ਜਾ ਰਿਹਾ ਪਰ ਕੁਝ ਸਮੇਂ ਬਾਅਦ ਹੀ ਉਸ ਦੇ ਪਤੀ ਨੇ ਫੋਨ ਕਰ ਕੇ ਉਨ੍ਹਾਂ ਨੂੰ ਕਿਹਾ ਕਿ ਮੋਨਿਕਾ ਨੇ ਫਾਹਾ ਲੈ ਲਿਆ ਹੈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਉਧਰ ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ ਅੰਕੁਰਦੀਪ ਸਿੰਘ ਦਾ ਕਹਿਣਾ ਸੀ ਕਿ ਇਸ ਸਬੰਧੀ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਤਹਿਤ ਹੀ ਕੇਸ ਦਰਜ ਕਰ ਕੇ ਪੋਸਟ ਮਾਰਟਮ ਕਰਵਾਇਆ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ’ਚ ਜੇਕਰ ਇਹ ਕਤਲ ਦਾ ਮਾਮਲਾ ਪਾਇਆ ਗਿਆ, ਤਾਂ ਧਾਰਾ ’ਚ ਅਵੱਸ਼ ਵਾਧਾ ਕੀਤਾ ਜਾਵੇਗਾ ਜਿਸ ਨਾਲ ਸਹਿਮਤ ਹੁੰਦਿਆਂ ਪਰਿਵਾਰ ਪੋਸਟ ਮਾਰਟਮ ਲਈ ਸਹਿਮਤ ਹੋ ਗਿਆ ਜਿਸ ਮਗਰੋਂ ਉਹ ਲਾਸ਼ ਲੈ ਗਏ।