ਮੁਕੇਸ਼ ਕੁਮਾਰ
ਚੰਡੀਗੜ੍ਹ, 28 ਫ਼ਰਵਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਅੱਜ ਹੋਈਆਂ ਚੋਣਾਂ ਵਿੱਚ ਐਡਵੋਕੇਟ ਸਰਤੇਜ ਸਿੰਘ ਨਰੂਲਾ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਨਰੂਲਾ ਨੂੰ ਕੁੱਲ 1781 ਵੋਟਾਂ ਮਿਲੀਆਂ ਜਦੋਂਕਿ ਉਨ੍ਹਾਂ ਦੇ ਵਿਰੋਧੀ ਰਵਿੰਦਰ ਸਿੰਘ ਰੰਧਾਵਾ ਨੂੰ 1404 ਵੋਟਾਂ ਮਿਲੀਆਂ। ਜਿਵੇਂ ਹੀ ਦੇਰ ਰਾਤ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸਰਤੇਜ ਸਿੰਘ ਨਰੂਲਾ ਦੀ ਜਿੱਤੀ ਦਾ ਐਲਾਨ ਹੋਇਆ ਤਾਂ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ਲਈ ਸੱਤ ਉਮੀਦਵਾਰਾਂ ਮੈਦਾਨ ਵਿੱਚ ਸਨ। ਖਬਰ ਲਿਖੇ ਜਾਣ ਤੱਕ ਬਾਕੀ ਦੇ ਚੋਣ ਨਤੀਜਿਆਂ ਨੂੰ ਲੈਕੇ ਵੋਟਾਂ ਦੀ ਗਿਣਤੀ ਜਾਰੀ ਸੀ। ਇਸ ਤੋਂ ਪਹਿਲਾਂ ਅੱਜ ਚੋਣ ਵਾਲੇ ਦਿਨ ਵਰਦੇ ਮੀਂਹ ਵਿਚਕਾਰ ਵੱਡੀ ਗਿਣਤੀ ਵਿੱਚ ਵਕੀਲ ਵੋਟ ਪਾਉਣ ਲਈ ਪਹੁੰਚੇ ਅਤੇ ਵੋਟਾਂ ਨੂੰ ਲੈਕੇ ਵਕੀਲਾਂ ਦਾ ਉਤਸ਼ਾਹ ਦੇਖਣਯੋਗ ਸੀ।
ਉਧਰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸ਼ੁਕਰਵਾਰ ਨੂੰ ਹੋਈ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ ਅਸ਼ੋਕ ਚੌਹਾਨ ਅਤੇ ਸੁਨੀਲ ਟੋਨੀ ਵਿਚਕਾਰ ਸਖ਼ਤ ਮੁਕਾਬਲਾ ਹੈ। ਹਾਲਾਂਕਿ, ਮਹਿਲਾ ਐਡਵੋਕੇਟ ਪੂਜਾ ਦੀਵਾਨ ਪਹਿਲਾਂ ਹੀ ਜੁਆਇੰਟ ਸਕੱਤਰ ਅਤੇ ਜੀਐਸ ਕੌਸ਼ਲ ਤੇ ਹਿਮਾਂਸ਼ੂ ਵਰਮਾ ਕਾਰਜਕਾਰੀ ਮੈਂਬਰ ਦੇ ਅਹੁਦੇ ਬਿਨਾਂ ਵਿਰੋਧ ਚੁਣੇ ਗਏ। ਬਾਰ ਐਸੋਸੀਏਸਨ ਦੇ ਪ੍ਰਧਾਨ ਦੇ ਅਹੁਦੇ ਲਈ ਅਸ਼ੋਕ ਚੌਹਾਨ ਅਤੇ ਸੁਨੀਲ ਟੋਨੀ ਵਿਚਕਾਰ ਸਖ਼ਤ ਮੁਕਾਬਲਾ ਹੈ। ਖ਼ਬਰ ਲਿਖੇ ਜਾਣ ਤਕ ਵੋਟਾਂ ਗਿਣਤੀ ਜਾਰੀ ਸੀ ਅਤੇ ਅਸ਼ੋਕ ਚੌਹਾਨ ਆਪਣੇ ਵਿਰੋਧੀ ਉਮੀਦਵਾਰ ਸੁਨੀਲ ਟੋਨੀ ਤੋਂ 107 ਵੋਟਾਂ ਨਾਲ ਅੱਗੇ ਜਾ ਰਹੇ ਸਨ। ਬਾਰ ਐਸੋਸੀਏਸ਼ਨ ਦੇ ਸਾਬਕਾ ਮੀਤ ਪ੍ਰਧਾਨ ਐਡਵੋਕੇਟ ਵਿਨੋਦ ਵਰਮਾ ਨੇ ਦੱਸਿਆ ਕਿ ਇਸ ਬਾਰ ਸ਼ੁਰੂ ਤੋਂ ਹੀ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਅਸ਼ੋਕ ਚੌਹਾਨ ਦੇ ਹੱਕ ਵਿੱਚ ਮਾਹੌਲ ਬਣਿਆ ਹੋਇਆ ਸੀ ਅਤੇ ਪੂਰੀ ਉਮੀਦ ਹੈ ਕਿ ਅਸ਼ੋਕ ਚੌਹਾਨ ਇਸ ਵਾਰ ਵੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ’ਤੇ ਉਹ ਜੇਤੂ ਰਹਿਣਗੇ। ਉਧਰ ਦੂਜੀ ਪਾਸੇ ਮੀਤ ਪ੍ਰਧਾਨ ਦੇ ਅਹੁਦੇ ਲਈ ਗਗਨਦੀਪ ਗੋਇਲ, ਗੁਰਦੇਵ ਸਿੰਘ ਅਤੇ ਸੰਦੀਪ ਗੁੱਜਰ ਵਿਚਕਾਰ ਮੁਕਾਬਲਾ ਹੈ। ਸਕੱਤਰ ਦੇ ਅਹੁਦੇ ਲਈ ਅਮੀਸ਼ ਸ਼ਰਮਾ ਅਤੇ ਵਿਵੇਕ ਮੋਹਨ ਸ਼ਰਮਾ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਖਜ਼ਾਨਚੀ ਦੇ ਅਹੁਦੇ ਲਈ ਬਲਵੰਤ ਸਿੰਘ, ਉੱਜਵਲ, ਮਨਦੀਪ ਸਿੰਘ ਕਲੇਰ ਅਤੇ ਸੁਨੀਲ ਕੁਮਾਰ ਪਾਂਡੇ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਸਕੱਤਰ ਦੇ ਅਹੁਦੇ ਲਈ ਅਰੁਣ ਜਾਂਗੜਾ ਅਤੇ ਦਿਨੇਸ਼ ਕੁਮਾਰ ਵਿਚਕਾਰ ਮੁਕਾਬਲਾ ਹੈ।
ਫ਼ਤਹਿਗੜ੍ਹ ਸਾਹਿਬ ਬਾਰ ਐਸੋਸੀਏਸ਼ਨ ’ਤੇ ਧਾਰਨੀ ਧੜਾ ਕਾਬਜ਼
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸੂ ਸੂਦ): ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਵਿਚ ਗਗਨਦੀਪ ਸਿੰਘ ਵਿਰਕ ਆਪਣੇ ਵਿਰੋਧੀ ਉਮੀਦਵਾਰ ਵਰਿੰਦਰ ਸਿੰਘ ਢਿੱਲੋਂ ਦੇ 215 ਵੋਟਾਂ ਦੇ ਮੁਕਾਬਲੇ 382 ਵੋਟਾਂ ਹਾਸਲ ਕਰਕੇ ਜੇਤੂ ਰਹੇ। ਮੀਤ ਪ੍ਰਧਾਨ ਦੀ ਚੋਣ ਵਿਚ ਅਜੀਤਪਾਲ ਸਿੰਘ, ਸਕੱਤਰ ਲਈ ਹਰਜੀਤ ਸਿੰਘ ਭੱਲਮਾਜਰਾ, ਜੁਆਇੰਟ ਸਕੱਤਰ ਲਈ ਅਮਨਦੀਪ ਸਿੰਘ ਚੀਮਾ, ਖਜ਼ਾਨਚੀ ਲਈ ਗੁਰਸੇਵਕ ਸਿੰਘ ਅਤੇ ਲਾਇਬਰੇਰੀਅਨ ਲਈ ਲਵਪ੍ਰੀਤ ਸਿੰਘ ਨੇ ਜਿੱਤ ਹਾਸਲ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਧਾਰਨੀ, ਅਮਰਜੀਤ ਸਿੰਘ ਚੀਮਾ, ਰਾਜਵੀਰ ਸਿੰਘ ਗਰੇਵਾਲ, ਐਡਵੋਕੇਟ ਗੁਰਮੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕੈੜੇ ਅਤੇ ਦਲਵੀਰ ਸਿੰਘ ਮਡੌਰ ਆਦਿ ਹਾਜ਼ਰ ਸਨ।

ਵਿਕਰਮਜੀਤ ਸਿੰਘ ਦੱਪਰ ਬਾਰ ਐਸੋਸੀਏਸ਼ਨ ਡੇਰਾਬੱਸੀ ਦੇ ਪ੍ਰਧਾਨ ਬਣੇ

ਡੇਰਾਬੱਸੀ (ਹਰਜੀਤ ਸਿੰਘ): ਬਾਰ ਐਸੋਸੀਏਸ਼ਨ ਡੇਰਾਬੱਸੀ ਦੀ ਹੋਈ ਚੋਣ ਵਿੱਚ ਵਿਕਰਮਜੀਤ ਸਿੰਘ ਦੱਪਰ ਜੇਤੂ ਰਹੇ। ਵਿਕਰਮਜੀਤ ਦੱਪਰ ਨੂੰ 133 ਜਦਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਖੜ੍ਹੇ ਕੁਲਜਿੰਦਰ ਸਿੰਘ ਸੰਧੂ ਨੂੰ 121 ਵੋਟਾਂ ਪਈਆਂ। ਚੋਣ ਦਾ ਨਤੀਜਾ ਆਉਣ ਮਗਰੋਂ ਜੇਤੂ ਧੜੇ ਵੱਲੋਂ ਭੰਗੜੇ ਪਾ ਕੇ ਖ਼ੁਸ਼ੀ ਮਨਾਈ ਗਈ ਅਤੇ ਲੱਡੂ ਵੰਡੇ ਗਏ। ਚੋਣਾਂ ਵਿੱਚ ਰਾਮ ਧੀਮਾਨ 170 ਵੋਟਾਂ ਲੈ ਕੇ ਮੀਤ ਪ੍ਰਧਾਨ ਚੁਣੇ ਗਏ ਜਦਕਿ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਜੇਬਾਂ ਪ੍ਰਵੀਨ ਨੂੰ 49 ਵੋਟਾਂ ਪਈਆਂ। ਕੈਸ਼ੀਅਰ ਦੇ ਅਹੁਦੇ ਲਈ ਹਰਪ੍ਰੀਤ ਸਿੰਘ 113 ਵੋਟਾਂ ਨਾਲ ਜੇਤੂ ਰਹੇ। ਸੀਮਾ ਧੀਮਾਨ 152 ਵੋਟਾਂ ਲੈ ਕੇ ਸੰਯੁਕਤ ਸੱਕਤਰ ਚੁਣੀ ਗਈ। ਸਕੱਤਰ ਦੀ ਚੋਣ ਇੰਦਰਪਾਲ ਸਿੰਘ ਖਾਰੀ ਨੇ ਜਿੱਤੀ। ਪ੍ਰਧਾਨ ਬਣੇ ਵਿਕਰਮ ਸਿੰਘ ਦੱਪਰ ਸੀਨੀਅਰ ਐਡਵੋਕੇਟ ਜਸਪਾਲ ਸਿੰਘ ਦੱਪਰ ਦੇ ਪੁੱਤਰ ਹਨ।
The post ਸਰਤੇਜ ਸਿੰਘ ਨਰੂਲਾ ਬਣੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ appeared first on Punjabi Tribune.