ਪੱਤਰ ਪ੍ਰੇਰਕ
ਮਾਛੀਵਾੜਾ, 21 ਅਪਰੈਲ
ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਦੇ ਵਾਸੀ ਬਜ਼ੁਰਗ ਗੁਰਨਾਮ ਸਿੰਘ ਨੇ ਪਿੰਡ ਦੀ ਸਰਪੰਚ ਮਮਤਾ ਰਾਣੀ ਦੇ ਪਤੀ ਗੁਰਜੋਤ ਸਿੰਘ ’ਤੇ ਦੋਸ਼ ਲਗਾਇਆ ਕਿ ਜਦੋਂ ਉਹ ਆਪਣੇ ਦਸਤਾਵੇਜ਼ਾਂ ’ਤੇ ਮੋਹਰ ਲਗਵਾਉਣ ਲਈ ਗਿਆ ਤਾਂ ਗੁਰਜੋਤ ਸਿੰਘ ਨੇ ਕਿਹਾ ਕਿ ਦਸਤਾਵੇਜ਼ਾਂ ’ਤੇ ਲਗਾਉਣ ਵਾਲੀ ਮੋਹਰ ਸਰਕਾਰੀ ਅਧਿਕਾਰੀ ਕੋਲ ਰਹਿ ਗਈ ਹੈ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਜਿਸ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਅਸੀਂ ਉਸ ਦਾ ਕੋਈ ਕੰਮ ਨਹੀਂ ਕਰਨਾ। ਉਸ ਨੇ ਦੋਸ਼ ਲਾਇਆ ਕਿ ਗੁਰਜੋਤ ਸਿੰਘ ਦੇ ਇਨਕਾਰ ਕਰਨ ਕਰਕੇ ਉਸ ਦਾ ਕੰਮ ਹਾਲੇ ਤੱਕ ਨਹੀਂ ਹੋ ਸਕਿਆ ਹੈ। ਇਸ ਸਬੰਧੀ ਸਰਪੰਚ ਮਮਤਾ ਰਾਣੀ ਦੇ ਪਤੀ ਗੁਰਜੋਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਜਿਸ ਦਿਨ ਗੁਰਨਾਮ ਸਿੰਘ ਆਇਆ ਸੀ ਉਸ ਵੇਲੇ ਸਰਪੰਚ ਮਮਤਾ ਰਾਣੀ ਘਰ ਵਿੱਚ ਨਹੀਂ ਸੀ ਤੇ ਮੋਹਰ ਵੀ ਭੁਲੇਖੇ ਨਾਲ ਅਧਿਕਾਰੀ ਕੋਲ ਰਹਿ ਗਈ। ਇਸ ਲਈ ਗੁਰਨਾਮ ਸਿੰਘ ਨੂੰ ਮੁੜ ਆਉਣ ਲਈ ਕਿਹਾ ਸੀ। ਉਸ ਨੇ ਕਿਹਾ ਕਿ ਵੋਟਾਂ ਵਾਲੀ ਗੱਲ ਉਸ ਨੇ ਨਹੀਂ ਕਹੀ।