ਵੀਐੱਚਪੀ ਆਗੂ ਕਤਲ ਕੇਸ: ਕੌਮੀ ਜਾਂਚ ਏਜੰਸੀ ਵੱਲੋਂ ਹਥਿਆਰਾਂ ਦਾ ਸਪਲਾਇਰ ਲੁਧਿਆਣਾ ਤੋਂ ਗ੍ਰਿਫਤਾਰ

0
371


ਨਵੀਂ ਦਿੱਲੀ, 19 ਅਗਸਤ

ਪੰਜਾਬ ਵਿੱਚ ਰੂਪਨਗਰ ਜ਼ਿਲ੍ਹੇ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਥਾਨਕ ਇਕਾਈ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਉਰਫ ਵਿਕਾਸ ਬੱਗਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੇ ਸਹਿਯੋਗ ਨਾਲ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਕਤਲ ਵਿੱਚ ਇਸਤੇਮਾਲ ਹੋਇਆ ਗੈਰ-ਕਾਨੂੰਨੀ ਅਸਲਾ ਇਸੇ ਮੁਲਜ਼ਮ ਨੇ ਸਪਲਾਈ ਕੀਤਾ ਸੀ।

ਇਕ ਸਰਕਾਰੀ ਬਿਆਨ ਮੁਤਾਬਕ, ਮੁਲਜ਼ਮ ਧਰਮਿੰਦਰ ਕੁਮਾਰ ਉਰਫ ਕੁਨਾਲ (22) ਇਸ ਮਾਮਲੇ ਵਿੱਚ ਲੋੜੀਂਦਾ ਸੀ। ਉਸ ਨੂੰ ਐੱਨਆਈਏ ਦੀਆਂ ਟੀਮਾਂ ਨੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੇ ਸਹਿਯੋਗ ਨਾਲ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ। ਉਸ ਨੂੰ ਆਈਪੀਸੀ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅਤਿਵਾਦੀ ਵਿਰੋਧੀ ਏਜੰਸੀ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ਐੱਨਆਈਏ ਦੀ ਜਾਂਚ ਵਿੱਚ ਪਤਾ ਲੱਗਾ ਕਿ ਉਹ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਅਸਲਾ ਖਰੀਦ ਕੇ ਲਿਆਇਆ ਸੀ ਜੋ ਕਿ ਉਸ ਨੇ ਵਿਦੇਸ਼ ਵਿੱਚ ਰਹਿੰਦੇ ਖਾਲਿਸਤਾਨੀ ਅਤਿਵਾਦੀ ਹਰਵਿੰਦਰ ਕੁਮਾਰ ਉਰਫ ਸੋਨੂ ਦੇ ਕਹਿਣ ’ਤੇ ਸ਼ੂਟਰਾਂ ਨੂੰ ਸਪਲਾਈ ਕੀਤਾ ਸੀ।  -ਪੀਟੀਆਈ



News Source link