ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 21 ਅਪਰੈਲ
ਵਿਅੰਗਕਾਰ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਯਾਦ ਵਿੱਚ ਇੱਥੇ ਬਾਵਾ ਨਿਹਾਲ ਸਿੰਘ ਕਾਲਜ ਵਿੱਚ ਕਰਵਾਏ ਸਮਾਗਮ ‘ਸਲਾਮ ਜ਼ਿੰਦਗੀ’ ਦੌਰਾਨ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਢੀਂਗਰਾ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੇ ਪੰਜਾਬੀ ਸਾਹਿਤ ਵਿੱਚ ਵਿਅੰਗ ਦੇ ਯੋਗਦਾਨ ਅਤੇ ਇਸ ’ਚ ਆਜ਼ਾਦ ਹੋਰਾਂ ਵੱਲੋਂ ਕੀਤੇ ਵਾਧੇ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਆਜ਼ਾਦ ਦੇ ਵਿਅੰਗ ਵਿਚਲੀ ਚੋਭ ਪਾਠਕ ਦਾ ਮਸਤਕ ਰੌਸ਼ਨ ਕਰਦੀ ਹੈ। ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਥਾ ਦੇ ਵਿਦਿਆਰਥੀਆਂ ਵੱਲੋਂ ਤਜਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੀਆਂ ਕੋਰੀਓਗ੍ਰਾਫੀਆਂ ‘ਕਲਮਕਾਰਾਂ ਨੂੰ ਸਲਾਮ’ ਤੇ ‘ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ’ ਪੇਸ਼ ਕੀਤੀਆਂ ਗਈਆਂ ਜਦੋਂਕਿ ਲੋਕ ਪੱਖੀ ਗਾਇਕ ਜਗਸੀਰ ਜੀਦਾ ਤੇ ਗੀਤਕਾਰ ਹਰਦਰਸ਼ਨ ਨੈਬੀ ਨੇ ਗੀਤਾਂ ਰਾਹੀਂ ਹਾਜ਼ਰੀ ਲਵਾਈ। ਆਖ਼ਰੀ ਸੈਸ਼ਨ ਵਿੱਚ ਕਰਵਾਏ ਕਵੀ ਦਰਬਾਰ ਵਿੱਚ ਚਰਨਜੀਤ ਸਮਾਲਸਰ, ਕੁਲਦੀਪ ਬੰਗੀ, ਰਣਬੀਰ ਰਾਣਾ, ਗੁਰਸੇਵਕ ਬੀੜ, ਜਸਵੀਰ ਸ਼ਰਮਾ ਤੇ ਸੁੱਖ ਸੰਧੂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸਮਾਗਮ ਦੇ ਦੋਵੇਂ ਸੈਸ਼ਨਾਂ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਾਮ ਸਵਰਨ ਲੱਖੇਵਾਲੀ ਤੇ ਬੂਟਾ ਸਿੰਘ ਵਾਕਫ਼ ਨੇ ਨਿਭਾਈ। ਇਸ ਮੌਕੇ ਅਮੋਲਕ ਸਿੰਘ ਆਜ਼ਾਦ, ਤਜਿੰਦਰ ਸਿੰਘ, ਪਰਮਿੰਦਰ ਖੋਖਰ, ਕੁਲਜੀਤ ਡੰਗਰ ਖੇੜਾ, ਗੁਰਮੀਤ ਭਲਵਾਨ ਖੋਖਰ ਤੇ ਪ੍ਰਵੀਨ ਜੰਡਵਾਲਾ ਨੇ ਭਰਵਾਂ ਯੋਗਦਾਨ ਪਾਇਆ।
The post ਵਿਅੰਗਕਾਰ ਪ੍ਰਿੰ. ਬਲਦੇਵ ਸਿੰਘ ਆਜ਼ਾਦ ਦੀ ਯਾਦ ’ਚ ਸਮਾਗਮ appeared first on Punjabi Tribune.