ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਰਾਇਕੋਟ ਬੱਸ ਸਟੈਂਡ ‘ਤੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਨਿੱਜੀ ਬੱਸ ਦੇ ਚਾਲਕ ਨੇ ਇਕ ਬੈਂਕ ਕਰਮੀ ਨੂੰ ਕੁਚਲ ਦਿੱਤਾ। ਦੋਸ਼ੀ ਚਾਲਕ ਬੱਸ ਨੂੰ ਮੁਲਾਜ਼ਮ ਦੀ ਛਾਤੀ ਉੱਪਰੋਂ ਲੰਘਾਉਂਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਬੈਂਕ ਕਰਮੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਇੰਝ ਵਾਪਰਿਆ ਦਰਦਨਾਕ ਹਾਦਸਾ
ਹਾਦਸਾ ਉਸ ਸਮੇਂ ਵਾਪਰਿਆ ਜਦੋਂ 37 ਸਾਲਾ ਬੈਂਕ ਕਰਮੀ ਪੰਕਜ ਪਰੁਥੀ ਬੱਸ ਤੋਂ ਉਤਰ ਕੇ ਸੜਕ ਪਾਰ ਕਰ ਰਹੇ ਸਨ। ਚਸ਼ਮਦੀਦਾਂ ਮੁਤਾਬਕ ਬੱਸ ਚਾਲਕ ਵਾਹਨ ਨੂੰ ਬੇਹੱਦ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਟੱਕਰ ਮਾਰਨ ਤੋਂ ਬਾਅਦ ਵੀ ਚਾਲਕ ਨੇ ਬੱਸ ਨਹੀਂ ਰੋਕੀ ਅਤੇ ਅੱਗੇ ਵਾਲਾ ਟਾਇਰ ਪੰਕਜ ਦੇ ਪੇਟ ਅਤੇ ਛਾਤੀ ਉੱਪਰੋਂ ਚੜ੍ਹਾ ਦਿੱਤਾ। ਲੋਕਾਂ ਵੱਲੋਂ ਸ਼ੋਰ ਮਚਾਉਣ ਦੇ ਬਾਵਜੂਦ ਦੋਸ਼ੀ ਚਾਲਕ ਬੱਸ ਲੈ ਕੇ ਫਰਾਰ ਹੋ ਗਿਆ।
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪੰਕਜ ਨੂੰ ਤੁਰੰਤ ਰਾਇਕੋਟ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਸ਼ਨੀਵਾਰ ਦੇਰ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਦੋਸ਼ੀ ਨੂੰ ਫੜ੍ਹਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ
ਥਾਣਾ ਸਿਟੀ ਰਾਇਕੋਟ ਦੇ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੰਕਜ ਰੋਜ਼ਾਨਾ ਲੁਧਿਆਣਾ ਤੋਂ ਰਾਇਕੋਟ ਨਿੱਜੀ ਬੱਸ ਰਾਹੀਂ ਆਉਣ-ਜਾਣ ਕਰਦੇ ਸਨ। ਦੋਸ਼ੀ ਬੱਸ ਚਾਲਕ ਦੀ ਪਛਾਣ ਜਸਵੀਰ ਸਿੰਘ ਉਰਫ਼ ਕਾਲਾ, ਨਿਵਾਸੀ ਪਿੰਡ ਬਿੰਜਲ ਵਜੋਂ ਹੋਈ ਹੈ। ਪੁਲਿਸ ਮੁਤਾਬਕ ਦੋਸ਼ੀ ਨੂੰ ਕਾਬੂ ਕਰਨ ਲਈ ਉਸ ਦੇ ਸੰਭਾਵਿਤ ਠਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ