ਪਲੱਕੜ (ਕੇਰਲ), 19 ਜਨਵਰੀ
ਕੇਰਲ ਦੀ ਅਦਾਲਤ ਨੇ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਮਾਮਲੇ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇੱਥੇ ਜੁਡੀਸ਼ਲ ਫਸਟ ਕਲਾਸ ਮੈਜਿਸਟ੍ਰੇਟ-2 ਨੇ ਰਾਮਦੇਵ, ਬਾਲਕ੍ਰਿਸ਼ਨ ਅਤੇ ਦਿਵਿਆ ਫਾਰਮੇਸੀ ਖ਼ਿਲਾਫ਼ ਵਾਰੰਟ ਜਾਰੀ ਕੀਤਾ। ਪਲੱਕੜ ਦੇ ਡਰੱਗ ਇੰਸਪੈਕਟਰ ਨੇ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਉਸਦੀ ਸ਼ਿਕਾਇਤ ਦੇ ਆਧਾਰ ’ਤੇ ਦਵਾਈ ਤੇ ਚਮਤਕਾਰੀ ਇਲਾਜ (ਇਤਰਾਜ਼ਯੋਗ ਇਸ਼ਤਿਹਾਰ) ਕਾਨੂੰਨ 1954 ਦੀ ਧਾਰਾ 3 (ਡੀ) ਉਪ ਧਾਰਾ 7 (ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੈਜਿਸਟ੍ਰੇਟ ਅਦਾਲਤ ਨੇ 16 ਜਨਵਰੀ ਦੇ ਆਪਣੇ ਹੁਕਮ ਵਿੱਚ ਕਿਹਾ, ‘‘ਸ਼ਿਕਾਇਤਕਰਤਾ ਗੈਰਹਾਜ਼ਰ ਹੈ। ਸਾਰੇ ਮੁਲਜ਼ਮ ਗੈਰਹਾਜ਼ਰ ਹਨ। ਸਾਰੇ ਮੁਲਜ਼ਮਾਂ ਲਈ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।’’ ਪਲੱਕੜ ਜ਼ਿਲ੍ਹਾ ਅਦਾਲਤ ਦੀ ਵੈੱਬਸਾਈਟ ’ਤੇ ਕੇਸ ਦੀ ਸਥਿਤੀ ਅਨੁਸਾਰ ਸੁਣਵਾਈ ਦੀ ਅਗਲੀ ਤਰੀਕ ਪਹਿਲੀ ਫਰਵਰੀ ਤੈਅ ਕੀਤੀ ਗਈ ਹੈ। -ਪੀਟੀਆਈ