ਰਾਜਪਾਲ ਵੱਲੋਂ ਪਦ ਯਾਤਰਾ 3 ਤੋਂ – Punjabi Tribune

Must read


ਚਰਨਜੀਤ ਭੁੱਲਰ

ਚੰਡੀਗੜ੍ਹ, 27 ਮਾਰਚ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ‘ਰੰਗਲਾ ਪੰਜਾਬ’ ਬਣਾਉਣ ਅਤੇ ਨਸ਼ਿਆਂ ਖ਼ਿਲਾਫ਼ ਛੇ ਦਿਨਾਂ ਪਦ ਯਾਤਰਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕਰਨਗੇ। ਰਾਜਪਾਲ ਇਹ ਯਾਤਰਾ 3 ਅਪਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਤੋਂ ਸ਼ੁਰੂ ਕਰਨਗੇ ਅਤੇ ਇਹ 8 ਅਪਰੈਲ ਨੂੰ ਜੱਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ। ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪਦ ਯਾਤਰਾ ਵਿੱਚ ਸ਼ਾਮਲ ਹੋਣ ਵਾਸਤੇ ਸੱਦਾ ਪੱਤਰ ਭੇਜਿਆ ਹੈ। ਜਦੋਂ ਹੁਣ ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਛੇੜੀ ਹੋਈ ਹੈ ਤਾਂ ਠੀਕ ਉਸ ਸਮੇਂ ਰਾਜਪਾਲ ਨੇ ਵੱਖਰੀ ‘ਪਦ ਯਾਤਰਾ’ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜਪਾਲ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀ ਇਸ ਅਲਾਮਤ ਨਾਲ ਨਜਿੱਠਣ ਦੀ ਤਰਜੀਹ ਹੈ। ਉਨ੍ਹਾਂ ਖ਼ੁਦ ਵੀ ਇਸ ਬਾਰੇ ਵੱਖ ਵੱਖ ਵਰਗਾਂ ਦੀਆਂ ਸੀਨੀਅਰ ਹਸਤੀਆਂ ਨਾਲ ਗੱਲਬਾਤ ਕੀਤੀ ਹੈ।

ਰਾਜਪਾਲ ਨੇ ਲਿਖਿਆ ਹੈ ਕਿ ਇਸ ਮੁਹਿੰਮ ਵਾਸਤੇ ਸਭ ਨੂੰ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾ ਸਕੀਏ। ਪਦ ਯਾਤਰਾ 3 ਅਪਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਤੋਂ ਗੁਰਦੁਆਰਾ ਟਾਹਲੀ ਸਾਹਿਬ ਤੱਕ ਜਾਵੇਗੀ ਅਤੇ 4 ਅਪਰੈਲ ਨੂੰ ਡਿਵਾਈਨ ਪਬਲਿਕ ਸਕੂਲ ਮੱਲੇਵਾਲ ਤੋਂ ਐੱਸਡੀ ਕਾਲਜ ਆਫ਼ ਗਰਲਜ਼ ਫ਼ਤਿਹਗੜ੍ਹ ਚੂੜੀਆਂ ਤੱਕ ਜਾਵੇਗੀ। ਪਦ ਯਾਤਰਾ 5 ਅਪਰੈਲ ਨੂੰ ਅੰਮ੍ਰਿਤਸਰ ਦੇ ਨਵਾਂ ਪਿੰਡ ਤੋਂ ਸ਼ੁਰੂ ਹੋ ਕੇ ਸੰਗਤਪੁਰਾ ਤੱਕ ਜਾਵੇਗੀ। ਇਸੇ ਤਰ੍ਹਾਂ ਪਦ ਯਾਤਰਾ 6 ਅਪਰੈਲ ਨੂੰ ਚੇਤੰਨ ਪੁਰਾ ਪਾਰਕ ਤੋਂ ਬਾਲ ਖ਼ੁਰਦ ਤੱਕ, 7 ਅਪਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰਾਮ ਬਾਗ਼ ਗਾਰਡਨ ਅੰਮ੍ਰਿਤਸਰ ਤੱਕ ਅਤੇ ਆਖ਼ਰੀ ਦਿਨ 8 ਅਪਰੈਲ ਨੂੰ ਕਿਲ੍ਹਾ ਗੋਬਿੰਦਗੜ੍ਹ ਤੋਂ ਜੱਲ੍ਹਿਆਂਵਾਲਾ ਬਾਗ਼ ਤੱਕ ਜਾਵੇਗੀ।



News Source link

- Advertisement -

More articles

- Advertisement -

Latest article