ਮਾਸਕੋ, 25 ਦਸੰਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਇਕ ਇੰਟਰਵਿਊ ਵਿੱਚ ਕਿਹਾ ਹੈ ਕਿ ਯੂਕਰੇਨ ਵਿੱਚ ਜੰਗ ’ਚ ਸ਼ਾਮਲ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨ ਲਈ ਰੂਸ ਤਿਆਰ ਹੈ ਪਰ ਕੀਵ ਤੇ ਉਸ ਨੂੰ ਸ਼ਹਿ ਦੇਣ ਵਾਲੇ ਪੱਛਮੀ ਦੇਸ਼ਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਇਸੇ ਸਾਲ 24 ਫਰਵਰੀ ਨੂੰ ਰੂਸ ਨੇ ਯੂਕਰੇਨ ’ਤੇ ਹਮਲਾ ਕਰ ਦਿੱਤਾ ਸੀ ਜੋ ਕਿ ਵਿਸ਼ਵ ਯੁੱਧ-2 ਤੋਂ ਬਾਅਦ ਯੂਰੋਪ ’ਚ ਸਭ ਤੋਂ ਘਾਤਕ ਜੰਗ ਅਤੇ 1962 ਦੇ ਕਿਊਬਾ ਮਿਜ਼ਾਈਲ ਸੰਕਟ ਤੋਂ ਬਾਅਦ ਮਾਸਕੋ ਤੇ ਪੱਛਮੀ ਦੇਸ਼ਾਂ ਵਿਚਾਲੇ ਸਭ ਤੋਂ ਵੱਡੇ ਟਕਰਾਅ ਵਿੱਚ ਤਬਦੀਲ ਹੋ ਗਿਆ।
ਰੂਸ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਦਾ ਟੀਚਾ ਪੂਰਾ ਨਹੀਂ ਹੋ ਜਾਂਦਾ ਉਹ ਜੰਗ ਜਾਰੀ ਰੱਖੇਗਾ ਜਦਕਿ ਦੂਜੇ ਪਾਸੇ ਯੂਕਰੇਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਰੂਸ ਦੇ ਇਕ-ਇਕ ਸੈਨਿਕ ਨੂੰ ਕ੍ਰੀਮੀਆ ਸਣੇ ਆਪਣੇ ਖੇਤਰ ’ਚੋਂ ਬਾਹਰ ਨਹੀਂ ਦਿੰਦਾ ਉਦੋਂ ਤੱਕ ਉਹ ਆਰਾਮ ਨਾਲ ਨਹੀਂ ਬੈਠੇਗਾ। ਰੂਸ ਨੇ ਕ੍ਰੀਮੀਆ ਨੂੰ ਸਾਲ 2014 ਵਿੱਚ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਿਆ ਸੀ।
ਪੂਤਿਨ ਨੇ ਸਰਕਾਰੀ ਟੈਲੀਵਿਜ਼ਨ ਰੋਸ਼ੀਆ-1 ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘‘ਅਸੀਂ ਸਾਰਿਆਂ ਨੂੰ ਮਨਜ਼ੂਰ ਹੱਲ ਵਾਸਤੇ ਇਸ ਜੰਗ ’ਚ ਸ਼ਾਮਲ ਹਰ ਇਕ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਇਹ ਉਨ੍ਹਾਂ ਉੱਪਰ ਨਿਰਭਰ ਕਰਦਾ ਹੈ- ਅਸੀਂ ਗੱਲਬਾਤ ਤੋਂ ਇਨਕਾਰ ਨਹੀਂ ਕਰ ਰਹੇ ਹਾਂ, ਬਲਕਿ ਉਹ ਗੱਲਬਾਤ ਲਈ ਤਿਆਰ ਨਹੀਂ ਹਨ।’’
ਉਧਰ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਦੇ ਇਕ ਸਲਾਹਕਾਰ ਨੇ ਕਿਹਾ ਕਿ ਪੂਤਿਨ ਨੂੰ ਸੱਚਾਈ ’ਤੇ ਪਰਤਣਾ ਅਤੇ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਗੱਲਬਾਤ ਲਈ ਰੂਸ ਹੀ ਤਿਆਰ ਨਹੀਂ ਹੈ। ਮਿਖਾਈਲੋ ਪੋਡੋਲਿਆਕ ਨੇ ਟਵਿੱਟਰ ’ਤੇ ਕਿਹਾ, ‘‘ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਅਤੇ ਉਸ ਦੇ ਨਾਗਰਿਕਾਂ ਨੂੰ ਕਤਲ ਕਰ ਰਿਹਾ ਹੈ। ਰੂਸ ਗੱਲਬਾਤ ਨਹੀਂ ਚਾਹੁੰਦਾ ਹੈ ਪਰ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ।’’ -ਰਾਇਟਰਜ਼