Georgina Rodriguez : ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚ ਸ਼ਾਮਲ Cristiano Ronaldo ਦੀ ਮੰਗੇਤਰ Georgina Rodríguez ਇਨ੍ਹਾਂ ਦਿਨਾਂ ਆਪਣੀਆਂ ਬਿਕਨੀ ਵਾਲੀਆਂ ਕੁਝ ਤਸਵੀਰਾਂ ਕਾਰਨ ਚਰਚਾ ਵਿੱਚ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਯਾਟ ‘ਤੇ ਬੈਠੀਆਂ ਬਿਕਨੀ ਵਿੱਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ।
ਇਨ੍ਹਾਂ ਤਸਵੀਰਾਂ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਨੇ ਜੌਰਜੀਨਾ ਨੂੰ “ਮੋਟੀ” ਕਿਹਾ, ਤਾਂ ਕਿਸੇ ਨੇ ਉਨ੍ਹਾਂ ਦੇ ਲੁੱਕ ਅਤੇ ਗਲੈਮਰ ਨੂੰ ਨਿਸ਼ਾਨਾ ਬਣਾਇਆ। ਇਹ ਟਿੱਪਣੀਆਂ ਦੇਖ ਕੇ ਉਹ ਕਾਫ਼ੀ ਪਰੇਸ਼ਾਨ ਹੋ ਗਈਆਂ ਅਤੇ ਉਨ੍ਹਾਂ ਨੇ ਆਪਣੀ ਇਹ ਚਿੰਤਾ ਕ੍ਰਿਸਟਿਆਨੋ ਰੋਨਾਲਡੋ ਨਾਲ ਸਾਂਝੀ ਕੀਤੀ।
ਇਸ ਤੋਂ ਬਾਅਦ ਜੌਰਜੀਨਾ ਨੇ ਇੰਸਟਾਗ੍ਰਾਮ ‘ਤੇ ਬਿਕਨੀ ਵਾਲੀਆਂ ਕੁਝ ਹੋਰ ਤਸਵੀਰਾਂ ਸਾਂਝੀਆਂ ਕਰਦਿਆਂ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ: “ਮੇਰਾ ਸਰੀਰ ਵੀ ਬਦਲੇਗਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਹਰ ਔਰਤ ਦਾ ਸਰੀਰ ਸਮੇਂ ਦੇ ਨਾਲ ਬਦਲਦਾ ਹੈ। ਮੈਂ ਚਾਹੁੰਦੀ ਹਾਂ ਕਿ ਇਹ ਬਦਲਾਅ ਕਈ ਸਾਲਾਂ ਤੱਕ ਜਾਰੀ ਰਹੇ, ਕਿਉਂਕਿ ਇਸਦਾ ਮਤਲਬ ਹੋਵੇਗਾ ਕਿ ਮੈਂ ਅਜੇ ਵੀ ਜ਼ਿੰਦਾ ਹਾਂ।”
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਹੁਣ ਲੋਕ ਉਨ੍ਹਾਂ ਨੂੰ “ਮੋਟੀ” ਕਹਿ ਰਹੇ ਹਨ, ਜਦਕਿ ਉਨ੍ਹਾਂ ਦੀ ਕਮਾਈ ਵੀ ਉਨ੍ਹਾਂ ਦੀ ਜਨਤਕ ਛਵੀ ਨਾਲ ਜੁੜੀ ਹੋਈ ਹੈ। ਇਸ ‘ਤੇ ਕ੍ਰਿਸਟਿਆਨੋ ਰੋਨਾਲਡੋ ਨੇ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ “ਤੁਸੀਂ ਆਪਣੀ ਇਮੇਜ ਦੇ ਸਹਾਰੇ ਨਹੀਂ ਜੀਉਂਦੀ, ਤੁਸੀਂ ਆਪਣੇ ਅਸਲ ਰੂਪ ਵਿੱਚ ਜੀਂਦੇ ਹੋ। ਤੁਸੀਂ ਇੱਕ ਸ਼ਾਨਦਾਰ ਔਰਤ ਹੋ, ਖੂਬਸੂਰਤ ਹੋ, ਵਧੀਆ ਸਰੀਰ ਵਾਲੀ ਹੋ, ਇੱਕ ਮਾਂ ਹੋ, ਚੰਗੀ ਇਨਸਾਨ ਹੋ, ਕਾਮਯਾਬ ਹੋ ਅਤੇ ਪਿਆਰ ਨਾਲ ਜ਼ਿੰਦਗੀ ਜੀਂਦੇ ਹੋ। ਫਿਰ ਹੋਰ ਕੀ ਚਾਹੀਦਾ? ਲੋਕਾਂ ਦਾ ਤੁਹਾਡੇ ਨਾਲ ਈਰਖਾ ਕਰਨਾ ਆਮ ਗੱਲ ਹੈ।”
ਜੌਰਜੀਨਾ ਨੇ ਅੱਗੇ ਲਿਖਿਆ “ਕਈ ਵਾਰ ਸਾਨੂੰ ਸਾਰਿਆਂ ਨੂੰ ਕਿਸੇ ਅਜਿਹੇ ਇਨਸਾਨ ਦੀ ਲੋੜ ਹੁੰਦੀ ਹੈ ਜੋ ਸਾਨੂੰ ਯਾਦ ਕਰਵਾਏ ਕਿ ਅਸਲ ਵਿੱਚ ਜ਼ਿੰਦਗੀ ਵਿੱਚ ਕੀ ਮਹੱਤਵ ਰੱਖਦਾ ਹੈ। ਦਿਲਚਸਪ ਗੱਲ ਇਹ ਹੈ ਕਿ ਹਰ ਗਰਮੀ ਦੇ ਮੌਸਮ ਵਿੱਚ ਇਹੀ ਹੁੰਦਾ ਹੈ। ਹਰ ਸਾਲ ਮੇਰਾ ਸਰੀਰ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।”
ਉਨ੍ਹਾਂ ਨੇ ਸਵਾਲ ਕੀਤਾ “ਫਿਰ ਇਹ ਪੈਮਾਨਾ ਕੌਣ ਤੈਅ ਕਰਦਾ ਹੈ? ਕੌਣ ਫ਼ੈਸਲਾ ਕਰਦਾ ਹੈ ਕਿ ‘ਸਹੀ’ ਸਰੀਰ ਕਿਹੋ ਜਿਹਾ ਹੋਣਾ ਚਾਹੀਦਾ ਹੈ? ਕੀ ਅਸੀਂ ਅੱਜ ਵੀ ਇਹ ਮੰਨਦੇ ਹਾਂ ਕਿ ਖੁਸ਼ੀ ਦਾ ਵੀ ਕੋਈ ਸਾਈਜ਼ ਹੁੰਦਾ ਹੈ? ਮੈਂ ਵਰਕਆਉਟ ਇਸ ਲਈ ਕਰਦੀ ਹਾਂ ਕਿਉਂਕਿ ਇਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਮੈਨੂੰ ਇਸ ਵਿੱਚ ਮਜ਼ਾ ਆਉਂਦਾ ਹੈ। ਜਿਮ ਵਿੱਚ ਬਿਤਾਇਆ ਇੱਕ ਘੰਟਾ ਮੇਰੇ ਦਿਨ ਦਾ ਸਭ ਤੋਂ ਵਧੀਆ ਹਿੱਸਾ ਹੁੰਦਾ ਹੈ। ਇਸ ਨਾਲ ਮੈਨੂੰ ਚੰਗੀ ਸਿਹਤ, ਮਨ ਦੀ ਸ਼ਾਂਤੀ, ਅਨੁਸ਼ਾਸਨ, ਊਰਜਾ ਅਤੇ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਨ ਦਾ ਅਹਿਸਾਸ ਹੁੰਦਾ ਹੈ।”
Published at : 06 Aug 2026 03:47 PM (IST)