Weather Update: ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 2 ਅਗਸਤ ਲਈ ਕਈ ਸੂਬਿਆਂ ਵਿੱਚ ਬਹੁਤ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਦੱਖਣ-ਪੂਰਬੀ ਰਾਜਸਥਾਨ ਅਤੇ ਆਸ-ਪਾਸ ਬਣਿਆ ਘੱਟ ਦਬਾਅ ਦਾ ਖੇਤਰ ਹੈ, ਜੋ ਭਾਵੇਂ ਅਗਲੇ 24 ਘੰਟਿਆਂ ਵਿੱਚ ਕਮਜ਼ੋਰ ਪੈ ਸਕਦਾ ਹੈ, ਪਰ ਇਸ ਦਾ ਅਸਰ ਉੱਤਰੀ ਭਾਰਤ ਤੋਂ ਲੈ ਕੇ ਪੱਛਮੀ ਤੱਟ, ਮੱਧ ਭਾਰਤ, ਉੱਤਰ-ਪੂਰਬ ਅਤੇ ਦੱਖਣੀ ਭਾਰਤ ਤੱਕ ਦੇਖਣ ਨੂੰ ਮਿਲੇਗਾ।
ਇਨ੍ਹਾਂ ਰਾਜਾਂ ਵਿੱਚ ਭਾਰੀ ਬਾਰਿਸ਼ ਦਾ ਅਲਰਟ
ਮੌਸਮ ਵਿਭਾਗ ਅਨੁਸਾਰ, ਐਤਵਾਰ ਨੂੰ ਕਈ ਰਾਜਾਂ ਵਿੱਚ ਤੇਜ਼ ਬਾਰਿਸ਼ ਦੇ ਨਾਲ ਤੂਫ਼ਾਨ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿੱਚ ਪਾਣੀ ਭਰਨ, ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਵਰਗੀ ਸਥਿਤੀ ਵੀ ਬਣ ਸਕਦੀ ਹੈ। ਆਈਐਮਡੀ ਅਨੁਸਾਰ, ਰਾਜਸਥਾਨ, ਕੇਰਲ, ਤੱਟਵਰਤੀ ਕਰਨਾਟਕ, ਦੱਖਣੀ ਅੰਦਰੂਨੀ ਕਰਨਾਟਕ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ-ਸਿੱਕਮ ਵਿੱਚ ਕਈ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ।
ਇਸ ਤੋਂ ਇਲਾਵਾ ਦਿੱਲੀ, ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਓਡੀਸ਼ਾ, ਗੁਜਰਾਤ, ਕੋਂਕਣ-ਗੋਆ, ਮੱਧ ਮਹਾਰਾਸ਼ਟਰ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਅੰਡੇਮਾਨ-ਨਿਕੋਬਾਰ ਵਿੱਚ ਵੀ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਬਾਰਿਸ਼ ਦੀ ਵੀ ਸੰਭਾਵਨਾ ਹੈ।
ਜਾਣੋ ਦਿੱਲੀ ਵਿੱਚ ਮੌਸਮ ਕਿਹੋ ਜਿਹਾ ਰਹੇਗਾ?
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਬੱਦਲ ਪੂਰਾ ਦਿਨ ਛਾਏ ਰਹਿ ਸਕਦੇ ਹਨ। ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਕੁਝ ਥਾਵਾਂ ‘ਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਪਰ ਸਵੇਰੇ ਅਤੇ ਸ਼ਾਮ ਦੇ ਸਮੇਂ ਟ੍ਰੈਫਿਕ ਜਾਮ ਅਤੇ ਪਾਣੀ ਭਰਨ ਵਰਗੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਆਈਐਮਡੀ ਨੇ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ, ਪਰ ਬਾਰਿਸ਼ ਦੌਰਾਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਪੂਰਵਾਂਚਲ ਤੋਂ ਪੱਛਮੀ ਯੂਪੀ ਤੱਕ ਭਾਰੀ ਬਾਰਿਸ਼
ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਇੱਕ ਵਾਰ ਫਿਰ ਤੇਜ਼ੀ ਫੜ ਰਿਹਾ ਹੈ। 2 ਅਗਸਤ ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ, ਜਦੋਂ ਕਿ ਪੱਛਮੀ ਯੂਪੀ ਵਿੱਚ ਵੀ ਬਾਰਿਸ਼ ਦਾ ਦਾਇਰਾ ਵਧੇਗਾ।
ਪੂਰਵਾਂਚਲ ਵਿੱਚ ਗਰਜ-ਚਮਕ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਲਗਾਤਾਰ ਬਾਰਿਸ਼ ਨਾਲ ਨਦੀਆਂ ਦੇ ਜਲ ਪੱਧਰ ਵਿੱਚ ਵਾਧਾ ਹੋ ਸਕਦਾ ਹੈ। ਅਜਿਹੇ ਵਿੱਚ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਕਿਸਾਨਾਂ ਨੂੰ ਵਿਸ਼ੇਸ਼ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਉੱਤਰਾਖੰਡ ਵਿੱਚ ਅਗਲੇ 24 ਘੰਟੇ ਭਾਰੀ ਰਹਿਣਗੇ
ਉੱਤਰਾਖੰਡ ਵਿੱਚ ਅਗਲੇ 24 ਘੰਟੇ ਚੁਣੌਤੀਪੂਰਨ ਰਹਿ ਸਕਦੇ ਹਨ। ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜ਼ਮੀਨ ਖਿਸਕਣ, ਚੱਟਾਨਾਂ ਡਿੱਗਣ ਅਤੇ ਸੜਕਾਂ ਬੰਦ ਹੋਣ ਦਾ ਖਤਰਾ ਬਣਿਆ ਹੋਇਆ ਹੈ। ਚਾਰਧਾਮ ਯਾਤਰਾ ਮਾਰਗਾਂ ‘ਤੇ ਯਾਤਰਾ ਕਰ ਰਹੇ ਸ਼ਰਧਾਲੂਆਂ ਨੂੰ ਮੌਸਮ ਅਪਡੇਟ ‘ਤੇ ਲਗਾਤਾਰ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ। ਨਦੀ-ਨਾਲਿਆਂ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਵੀ ਵਾਧੂ ਸਾਵਧਾਨੀ ਵਰਤਣ ਦੀ ਲੋੜ ਹੈ।
ਬਿਹਾਰ-ਝਾਰਖੰਡ ਵਿੱਚ ਬਾਰਿਸ਼ ਦੇ ਨਾਲ ਬਿਜਲੀ ਡਿੱਗਣ ਦਾ ਖਤਰਾ
ਬਿਹਾਰ ਵਿੱਚ ਐਤਵਾਰ ਨੂੰ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਰਹੇਗਾ। ਰਾਜ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਗਰਜ-ਚਮਕ ਅਤੇ ਅਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਲਗਾਤਾਰ ਬਾਰਿਸ਼ ਕਾਰਨ ਕਈ ਜ਼ਿਲ੍ਹਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਖੁੱਲ੍ਹੇ ਮੈਦਾਨਾਂ ਅਤੇ ਦਰੱਖਤਾਂ ਹੇਠ ਖੜ੍ਹੇ ਨਾ ਹੋਣ ਦੀ ਅਪੀਲ ਕੀਤੀ ਹੈ।
ਝਾਰਖੰਡ ਵਿੱਚ 2 ਅਗਸਤ ਨੂੰ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਬਿਜਲੀ ਡਿੱਗਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਅਤੇ ਮੌਸਮ ਖਰਾਬ ਹੋਣ ‘ਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਕੁੱਲ ਮਿਲਾ ਕੇ 2 ਅਗਸਤ ਨੂੰ ਕਈ ਸੂਬਿਆਂ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਰਾਜਸਥਾਨ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਸਮੇਤ ਕਈ ਰਾਜਾਂ ਵਿੱਚ ਗਰਜ-ਚਮਕ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸੁਰੱਖਿਅਤ ਥਾਵਾਂ ‘ਤੇ ਰਹਿਣ, ਬਿਜਲੀ ਕੜਕਣ ਦੇ ਸਮੇਂ ਖੁੱਲ੍ਹੇ ਮੈਦਾਨਾਂ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਦੀ ਸਲਾਹ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।
CM ਮਾਨ ਦਾ ਤਿੱਖਾ ਵਾਰ! ‘ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ’