ਜਸਬੀਰ ਸਿੰਘ ਚਾਨਾ
ਫਗਵਾੜਾ, 24 ਜਨਵਰੀ
ਸਿਟੀ ਪੁਲੀਸ ਨੇ ਕਾਂਗਰਸ ਦੇ ਦੋ ਕੌਂਸਲਰਾਂ ਖਿਲਾਫ਼ ਬਿਨਾਂ ਲਾਇਸੈਂਸ ਟਰੈਵਲ ਏਜੰਸੀ ਚਲਾਉਣ ਦੇ ਦੋਸ਼ ’ਚ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਅੱਜ ਨਗਰ ਨਿਗਮ ਦੀ ਮੇਅਰ ਦੀ ਹੋਣ ਵਾਲੀ ਚੋਣ ਤੋਂ ਪਹਿਲਾਂ ਅਮਲ ’ਚ ਲਿਆਂਦੀ ਹੈ ਜਿਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ’ਚ ਕਾਂਗਰਸ ਦੇ ਸੀਨੀਅਰ ਆਗੂ ਗੁਰਜੀਤਪਾਲ ਵਾਲੀਆ ਤੇ ਮੁਕੇਸ਼ ਭਾਟੀਆ ਦੇ ਨਾਮ ਸ਼ਾਮਿਲ ਹਨ। ਵਾਲੀਆ ਖਿਲਾਫ਼ ਬਰਾਇਟ ਫਿਊਚਰ ਆਈਲੈਂਟਸ ਸੈਂਟਰ ਚਲਾਉਣ ਤੇ ਮੁਕੇਸ਼ ਭਾਟੀਆ ਖਿਲਾਫ਼ ਓਕਸਫ਼ੋਰਡ ਸੈਂਟਰ ਚਲਾਉਣ ਸਬੰਧੀ ਕਾਰਵਾਈ ਕੀਤੀ ਗਈ ਹੈ। ਗੁਰਜੀਤਪਾਲ ਵਾਲੀਆ ਦੀ ਪਤਨੀ ਪਰਮਜੀਤ ਕੌਰ ਵਾਲੀਆ ਜੋ ਕਿ ਵਾਰਡ ਨੰਬਰ 15 ਤੋਂ ਕੌਂਸਲਰ ਬਣੀ ਹੈ ਜਦਕਿ ਮੁਕੇਸ਼ ਭਾਟੀਆ ਦੀ ਪਤਨੀ ਪਿੰਕੀ ਭਾਟੀਆ ਜੋ ਕਿ ਵਾਰਡ ਨੰਬਰ 7 ਤੋਂ ਕੌਂਸਲਰ ਬਣੀਆਂ ਹਨ ਤੇ ਇਨ੍ਹਾਂ ’ਤੇ ‘ਆਪ’ ’ਚ ਸ਼ਾਮਿਲ ਹੋਣ ਦਾ ਦਬਾਅ ਸੀ ਪਰ ਦੋਨਾਂ ਵਲੋਂ ‘ਆਪ’ ’ਚ ਨਾ ਜਾਣ ਕਾਰਨ ਅਜਿਹਾ ਹੋਣ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੋਸ਼ ਲਗਾਏ ਹਨ।
ਸੰਪਰਕ ਕਰਨ ’ਤੇ ਗੁਰਜੀਤ ਵਾਲੀਆ ਨੇ ਕਿਹਾ ਕਿ ‘ਆਪ’ ਦੇ ਆਗੂ ਉਨ੍ਹਾਂ ’ਤੇ ਝੂਠੇ ਪਰਚੇ ਦਰਜ ਕਰਕੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜਿਹਾ ਕਿਸੇ ਕੀਮਤ ’ਤੇ ਨਹੀਂ ਹੋਵੇਗਾ ਤੇ ਇਸ ਧੱਕੇਸ਼ਾਹੀ ਦਾ ਖੁੱਲ੍ਹ ਕੇ ਜੁਆਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਵਲੋਂ ਉਨ੍ਹਾਂ ’ਤੇ ਕੇਸ ਦਰਜ ਕਰਵਾਇਆ ਗਿਆ ਹੈ ਉਸ ਨੂੰ ਉਹ ਜਾਣਦੇ ਤੱਕ ਵੀ ਨਹੀਂ ਹਨ ਤੇ ਇਹ ਸਭ ਕੁੱਝ ਸਿਆਸਤ ਤੋਂ ਪ੍ਰੇਰਿਤ ਹੈ।