Netflix ਦੀ ਆਉਣ ਵਾਲੀ ਵੈੱਬ ਸੀਰੀਜ਼ “Glory” ਦਾ ਟ੍ਰੇਲਰ ਚੰਡੀਗੜ੍ਹ ਵਿੱਚ ਧੂਮਧਾਮ ਨਾਲ ਲਾਂਚ ਕੀਤਾ ਗਿਆ। ਇਸ ਮੌਕੇ ‘ਤੇ ਸੀਰੀਜ਼ ਦੇ ਮੁੱਖ ਅਦਾਕਾਰ Suvinder Vicky, Divyenndu ਅਤੇ Pulkit Samrat ਸਮੇਤ ਕਰੀਏਟਰ ਅਤੇ ਡਾਇਰੈਕਟਰ ਕਰਨ ਅੰਸ਼ੁਮਨ ਵੀ ਮੌਜੂਦ ਰਹੇ। ਸਮਾਗਮ ਦੌਰਾਨ ਟ੍ਰੇਲਰ ਦੀ ਸਕ੍ਰੀਨਿੰਗ ਕੀਤੀ ਗਈ, ਜਿਸ ਨੇ ਦਰਸ਼ਕਾਂ ਵਿੱਚ ਜੋਸ਼ ਅਤੇ ਉਤਸ਼ਾਹ ਪੈਦਾ ਕਰ ਦਿੱਤਾ।
ਸੀਰੀਜ਼ “Glory” ਹਰਿਆਣਾ ਦੀ ਬਾਕਸਿੰਗ ਬੈਲਟ ‘ਤੇ ਆਧਾਰਿਤ ਇੱਕ ਤਗੜੀ ਕਹਾਣੀ ਹੈ, ਜਿਸ ਵਿੱਚ ਬਦਲੇ, ਪਰਿਵਾਰਕ ਰਾਜ ਅਤੇ ਮਹੱਤਵਾਕਾਂਕਸ਼ਾ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਕਹਾਣੀ ਦੋ ਭਰਾਵਾਂ ਦੇ ਆਸ-ਪਾਸ ਘੁੰਮਦੀ ਹੈ, ਜੋ ਆਪਣੇ ਘਰ ਵਾਪਸ ਆਉਣ ਲਈ ਮਜਬੂਰ ਹੁੰਦੇ ਹਨ ਅਤੇ ਇਕ ਐਸੇ ਸੰਘਰਸ਼ ਵਿੱਚ ਫਸ ਜਾਂਦੇ ਹਨ, ਜਿੱਥੇ ਸੱਚ, ਰਿਸ਼ਤੇ ਅਤੇ ਭਰੋਸੇ ਦੀ ਕਸੌਟੀ ਲੱਗਦੀ ਹੈ। ਬਾਕਸਿੰਗ ਰਿੰਗ ਇਸ ਕਹਾਣੀ ਦਾ ਕੇਂਦਰੀ ਹਿੱਸਾ ਹੈ, ਜਿੱਥੇ ਸਿਰਫ਼ ਮੁਕਾਬਲਾ ਨਹੀਂ, ਸਗੋਂ ਜਜ਼ਬਾਤੀ ਅਤੇ ਨਿੱਜੀ ਲੜਾਈਆਂ ਵੀ ਲੜੀਆਂ ਜਾਂਦੀਆਂ ਹਨ।
ਸੀਰੀਜ਼ ਵਿੱਚ ਸੁਵਿੰਦਰ ਵਿਕੀ ਇੱਕ ਸਖ਼ਤ ਬਾਕਸਿੰਗ ਕੋਚ ਰਘੁਬੀਰ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ, ਜੋ ਆਪਣੀ ਵਿਰਾਸਤ ਨੂੰ ਬਚਾਉਣ ਅਤੇ ਆਪਣੇ ਪਰਿਵਾਰ ਨੂੰ ਇਕੱਠਾ ਰੱਖਣ ਲਈ ਸੰਘਰਸ਼ ਕਰਦਾ ਹੈ। ਉਨ੍ਹਾਂ ਦੇ ਪੁੱਤਰਾਂ ਦੇ ਕਿਰਦਾਰ ਵਿੱਚ ਦਿਵਯੇਂਦੁ ਅਤੇ ਪੁਲਕਿਤ ਸਮਰਾਟ ਨਜ਼ਰ ਆਉਣਗੇ, ਜੋ ਆਪਣੀ ਭੈਣ ‘ਤੇ ਹੋਏ ਹਮਲੇ ਅਤੇ ਇੱਕ ਕਤਲ ਦੇ ਰਾਜ ਨੂੰ ਸੁਲਝਾਉਣ ਲਈ ਵਾਪਸ ਆਉਂਦੇ ਹਨ। ਕਹਾਣੀ ਵਿੱਚ ਜਜ਼ਬਾਤ, ਗੁੱਸਾ ਅਤੇ ਰਿਸ਼ਤਿਆਂ ਦੀ ਗੁੰਝਲਦਾਰਤਾ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।
ਅਦਾਕਾਰਾਂ ਨੇ ਕਿਹਾ ਕਿ ਇਹ ਸੀਰੀਜ਼ ਸਿਰਫ਼ ਖੇਡ ਨਹੀਂ, ਸਗੋਂ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਵੀ ਦਰਸਾਉਂਦੀ ਹੈ, ਜਿੱਥੇ ਹਰ ਜਿੱਤ ਅਤੇ ਹਰ ਹਾਰ ਦੀ ਕੀਮਤ ਹੁੰਦੀ ਹੈ। “Glory” ਦੀ ਕਹਾਣੀ ਬਦਲੇ ਅਤੇ ਮਹੱਤਵਾਕਾਂਕਸ਼ਾ ਦੇ ਗੇੜ ‘ਚ ਘੁੰਮਦੀ ਹੈ, ਜੋ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਜੋੜ ਕੇ ਰੱਖੇਗੀ।
ਇਹ ਸੀਰੀਜ਼ 1 ਮਈ ਨੂੰ Netflix ‘ਤੇ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਤੋਂ ਕਾਫੀ ਉਮੀਦਾਂ ਜਤਾਈਆਂ ਜਾ ਰਹੀਆਂ ਹਨ।