ਮੁੰਬਈ, 26 ਸਤੰਬਰ
ਭਾਜਪਾ ਆਗੂ ਕਿਰੀਟ ਸੋਮੈਆ ਦੀ ਪਤਨੀ ਮੇਧਾ ਸੋਮੈਆ ਵੱਲੋਂ ਦਾਇਰ ਮਾਨਹਾਨੀ ਮਾਮਲੇ ਵਿਚ ਮੁੰਬਈ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸ਼ਿਵਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ 15 ਦਿਨਾਂ ਦੀ ਸਾਧਾਰਾਨ ਜੇਲ ਦੀ ਸਜ਼ਾ ਸੁਣਾਈ ਹੈ। ਮੈਟਰੋਪੋਲੀਟਨ ਮੈਜੀਸਟ੍ਰੇਟ ਨੇ ਰਾਜ ਸਭਾ ਮੈਂਬਰ ਰਾਉਤ ਨੂੰ ਭਾਰਤੀ ਦੰਡਵਲੀ ਦੀ ਧਾਰਾ 500 (ਮਾਨਹਾਨੀ ਦੀ ਸਜ਼ਾ) ਦੇ ਤਹਿਤ ਦੋਸ਼ੀ ਠਹਿਰਾਇਆ ਅਤੇ ਉਸ ’ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਮੇਧਾ ਸੋਮੈਆ ਨੇ ਵਕੀਲ ਵਿਵੇਕਾਨੰਦ ਗੁਪਤਾ ਰਾਹੀਂ ਦਾਇਰ ਆਪਣੀ ਸ਼ਿਕਾਇਤ ਵਿਚ ਦੋਸ਼ ਲਾਏ ਸਨ ਕਿ ਰਾਉਤ ਨੇ ਉਸਦੇ (ਮੇਧਾ) ਅਤੇ ਉਸਦੇ ਪਤੀ ਖ਼ਿਲਾਫ਼ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਨਾਲ ਅਪਮਾਨਜਨਕ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਰਾਉਤ ਨੇ ਉਨ੍ਹਾਂ ’ਤੇ ਮੀਰਾ ਭਾਈਦਰ ਨਗਰ ਨਿਗਮ ਦੇ ਅਧਿਕਾਰ ਖੇਤਰ ਦੇ ਅਧੀਨ ਕੁਝ ਜਨਤਕ ਪਖਾਨਿਆਂ ਦੇ ਨਿਰਮਾਣ ਅਤੇ ਰੱਖ-ਰਖਾਅ ਲਈ 100 ਕਰੋੜ ਰੁਪਏ ਦੇ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। -ਪੀਟੀਆਈ