ਡਾ. ਗੁਰਬਖ਼ਸ਼ ਸਿੰਘ ਭੰਡਾਲ
ਬੋਲੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਜ਼ਰੀਆ ਹੈ। ਸੰਵੇਦਨਾਵਾਂ ਨੂੰ ਬੋਲ ਦੇਣ ਦੀ ਪ੍ਰੀਕਿਰਿਆ ਅਤੇ ਮਨੋਭਾਵਾਂ ਨੂੰ ਸਾਂਝੇ ਕਰਨ ਦੀ ਤਰਕੀਬ ਹੈ।
ਬੋਲੀ ਆਪਣੀਆਂ ਸੋਚਾਂ ਨੂੰ ਬੋਲ, ਸੁਪਨਿਆਂ ਨੂੰ ਖੁਣਨ ਦਾ ਵੱਲ, ਪਰਾਂ ’ਤੇ ਅੰਬਰ ਦੇ ਸਿਰਨਾਵਿਆਂ ਦੀ ਰੂਹ ਅਤੇ ਕੀਰਤੀਮਾਨਾਂ ਦਾ ਵਿਸਥਾਰਤ ਰੂਪ ਹੈ।
ਬੋਲੀ, ਸਮਾਜਿਕ ਵਰਤਾਰੇ ਦੀ ਅਹਿਮ ਕੜੀ, ਆਪੇ ਨਾਲ ਜੁੜੇ ਹੋਣ ਦਾ ਮਾਣ, ਆਪਣੇ ਵਿਰਸੇ ਦੀ ਭਾਵ-ਭਿੰਨੀ ਖੁਸ਼ਬੂ, ਆਪਣੀ ਵਿਰਾਸਤ ਦਾ ਸੁੱਚਾ ਨਗ, ਪੁਰਖਿਆਂ ਦੀ ਬੇਸ਼ਕੀਮਤੀ ਦਾਤ ਅਤੇ ਤਵਾਰੀਖ਼ ਨਾਲ ਜੁੜੇ ਹੋਣ ਦਾ ਵੱਡਮੁਲਾ ਸਬੱਬ ਹੈ।
ਬੋਲੀ, ਮਾਂ-ਬੋਲੀ ਦਾ ਰੁਤਬਾ ਹਾਸਲ ਕਰਦੀ ਹੈ ਜਦੋਂ ਇਹ ਮਾਂ ਦੀ ਗੋਦ ’ਚੋਂ ਨਸੀਬ ਹੁੰਦੀ ਹੈ। ਬੋਲੀ ਜਿਸ ਵਿੱਚ ਲੋਰੀਆਂ ਅਤੇ ਝਿੜਕਾਂ ਮਿਲਦੀਆਂ ਹਨ, ਉਸ ਨਾਲ ਸਾਨੂੰ ਜਿਉਣ ਦਾ ਅਦਬ ਅਤੇ ਵਿਚਰਨ ਦਾ ਵੱਲ ਆਉਂਦਾ ਹੈ। ਸਾਨੂੰ ਅੱਗੇ ਕਦਮ ਧਰਨ ਦੀ ਗੁੜਤੀ ਮਿਲਦੀ ਹੈ, ਆਪਣੀ ਚੁੱਪ ਨੂੰ ਬੋਲਾਂ ਦੇ ਨਾਵੇਂ ਕਰਨ ਦਾ ਵਰਦਾਨ ਮਿਲਦਾ ਹੈ ਅਤੇ ਆਪਣੇ ਸੋਚ-ਸਰਵਰ ’ਤੇ ਠੱਲਣ ਦੀ ਹੌਸਲਾ ਅਫ਼ਜ਼ਾਈ ਮਿਲਦੀ ਹੈ।

ਮਾਂ ਬੋਲੀ, ਮਾਂ ਦੀਆਂ ਸੁਣਾਈਆਂ ਹੋਈਆਂ ਕਹਾਣੀਆਂ, ਦਾਦੀ ਮਾਂ ਦੀਆਂ ਬਾਤਾਂ ਅਤੇ ਬਾਪ ਦੇ ਪਰਛਾਵੇਂ ’ਚ ਤੁਰਦਿਆਂ ਉਸ ਵੱਲੋਂ ਜੀਵਨ ’ਚ ਮਿਹਨਤ ਅਤੇ ਮੁਸ਼ੱਕਤ ਦੇ ਮੁੜਕੇ ਨੂੰ ਮਾਣਨ ਦਾ ਹੁਨਰ ਹੈ। ਮਾਂ-ਬੋਲੀ ਵਾਗੀਆਂ ਦੇ ਹਉਕੇ, ਹਾਲੀਆਂ ਦੀਆਂ ਹੇਕਾਂ ਅਤੇ ਵਗਦੇ ਖੂਹ ਦੇ ਸੰਗੀਤ ਵਿੱਚ ਮਿਰਜ਼ੇ ਦੀਆਂ ਸੱਦਾਂ ਦਾ ਮਿੱਠੜਾ ਰਾਗ ਹਨ। ਮਾਂ-ਬੋਲੀ ਫਿਰਨੀ ’ਚ ਪੈਂਦੇ ਲਲਕਾਰੇ, ਚੌਰਾਹੇ ’ਚ ਕੱਢੀਆਂ ਜਾਂਦੀਆਂ ਗਾਲ੍ਹਾਂ ਅਤੇ ਪਿੰਡ ਦੇ ਬਨੇਰਿਆਂ ’ਤੇ ਵੱਜਦੇ ਸਪੀਕਰ ਦੇ ਸੰਗੀਤਕ ਬੋਲ ਹਨ।
ਮਾਂ-ਬੋਲੀ ਮਾਵਾਂ ਵੱਲੋਂ ਲਾਡਲਿਆਂ ਦੇ ਵਿਆਹਾਂ ’ਚ ਗਾਏ ਜਾਂਦੇ ਗੀਤ, ਭੈਣਾਂ ਦੇ ਸੁਹਾਗ, ਵੀਰੇ ਦੀਆਂ ਘੋੜੀਆਂ, ਜੀਜੇ ਨੂੰ ਦਿੱਤੀਆਂ ਜਾ ਰਹੀਆਂ ਸਿੱਠਣੀਆਂ, ਨਾਨਕੇ-ਦਾਦਕਿਆਂ ਦੇ ਆਪਸੀ ਚੋਹਲ-ਮੋਹਲ, ਭੈਣਾਂ ਅਤੇ ਭਰਜਾਈਆਂ ਦੇ ਨਖਰੀਲੇ ਬੋਲ, ਮਰਾਸੀਆਂ ਦੇ ਟੋਟਕੇ ਅਤੇ ਖੁਸਰਿਆਂ ਦੀਆਂ ਦਿਲਲਗੀਆਂ। ਮਾਂ-ਬੋਲੀ ਖੂਹਾਂ, ਭੱਠੀਆਂ, ਸੱਥਾਂ, ਬੰਬੀਆਂ, ਪੱਤਣਾਂ ਅਤੇ ਡੇਰਿਆਂ ’ਤੇ ਆਪਣੀ ਮਹਿਕ ਬਿਖੇਰਨਾ ਦਾ ਕਰਮ ਹੈ, ਪਰ ਪਤਾ ਹੀ ਨਹੀਂ ਲੱਗਾ ਕਦੋਂ ਮਾਂ ਬੋਲੀ ਦੇ ਇਹ ਪਸੰਦੀਦਾ ਥਾਂ ਵਿਰਾਨ ਹੋ ਗਏ।
ਮਾਂ-ਬੋਲੀ ਇਤਿਹਾਸ-ਮਿਥਿਹਾਸ ਦਾ ਸੱਚਾ ਰੈਣ-ਬਸੇਰਾ, ਸੰਭਾਲੇ ਹੋਏ ਨਕਸ਼ ਹਨ। ਇਸ ’ਚ ਰਚੀ ਹੋਈ ਗੁਰੂਆਂ, ਭਗਤਾਂ, ਪੀਰਾਂ, ਫਕੀਰਾਂ ਦੀ ਬਾਣੀ ਵਿਸਮਾਦੀ ਸਰੂਰ ਦਾ ਇਲਾਹੀ ਸਰੂਪ, ਜੀਵਨ-ਜਾਚ ਦਾ ਮੁਜੱਸਮਾ, ਸਮਕਾਲ ਦੀ ਸੱਚੀ ਤਸ਼ਬੀਹ ਅਤੇ ਤਾਸੀਰ ਹੈ। ਮਾਂ-ਬੋਲੀ ਸਿਰਫ਼ ਸੰਚਾਰ ਦਾ ਸਾਧਨ ਨਹੀਂ ਹੈ। ਇਹ ਤਾਂ ਸਮਾਂ, ਸਮਾਜ ਅਤੇ ਸਮਕਾਲ ਦੀ ਸੱਚੀ ਤਸਵੀਰ ਹੈ। ਪਿੰਡਾਂ, ਸ਼ਹਿਰਾਂ, ਗਰਾਂ ਅਤੇ ਖੂਹਾਂ ਦੇ ਆਪਣੀ ਬੋਲੀ ਵਿੱਚ ਨਾਮ ਬੜਾ ਕੁਝ ਬਿਆਨਦੇ ਹਨ। ਮਾਂ-ਬੋਲੀ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਦੀ ਆਸਥਾ ਅਤੇ ਆਪਣੇ ਆਪ ਨੂੰ ਆਪਣੀ ਤਵਾਰੀਖ਼ ਵਿੱਚੋਂ ਹੀ ਵਿਸਥਾਰਨ ਦਾ ਸ਼ੁਭ ਕਰਮਨ ਹੈ। ਮਾਂ-ਬੋਲੀ ਕੁੱਖ ਵਿੱਚ ਪਲਦੇ ਬੱਚੇ ਲਈ ਯੋਧਿਆਂ ਦੀ ਕਹਾਣੀ, ਪਲ ਰਹੇ ਬੱਚੇ ਨਾਲ ਮਾਂ ਦੇ ਮੋਹ ਭਿੱਜੇ ਜਜ਼ਬਾਤ, ਨਿੱਕੀਆਂ ਗੱਲਾਂ, ਛੋਟੇ ਛੋਟੇ ਹੁੰਗਾਰੇ ਅਤੇ ਕੁੱਖੋਂ ਜਾਇਆਂ ਲਈ ਨਵੇਂ ਦਿਸਹੱਦਿਆਂ ਦੇ ਸਿਰਲੇਖ ਹਨ।
ਮਾਂ-ਬੋਲੀ ਤੋਂ ਬਗੈਰ ਧਰਮ-ਗ੍ਰੰਥ ਖਾਮੋਸ਼ ਹੋ ਜਾਣਗੇ। ਚੁੱਪ ਦਾ ਲਿਬਾਸ ਪਹਿਨ ਲੈਣਗੀਆਂ ਉੱਘੀਆਂ ਸਾਹਿਤਕ ਕਿਰਤਾਂ, ਆਪਣੇ ਮਰਸੀਆ ਗਾਉਣਗੇ ਮਿੱਠੜੇ ਬੋਲ ਅਤੇ ਸੱਖਣੀ ਹੋ ਜਾਵੇਗੀ ਸੁਗਾਤਾਂ ਸੰਗ ਭਰੀ ਅਤੀਤ ਦੀ ਝੋਲ। ਮਾਂ-ਬੋਲੀ ਨੂੰ ਖਤਮ ਕਰਨਾ ਹਰ ਦੋਖੀ ਦੀ ਸਭ ਤੋਂ ਪਹਿਲੀ ਸੁਚੇਤ ਚਾਲ ਹੈ। ਉਹ ਜਾਣਦੇ ਹਨ ਕਿ ਆਪਣੀ ਬੋਲੀ ਅਤੇ ਧਰਮ ਤੋਂ ਟੁੱਟੇ ਮਨੁੱਖ ਦਾ ਕੋਈ ਵਜੂਦ ਨਹੀਂ ਹੁੰਦਾ। ਆਪਣਿਆਂ ਤੋਂ ਵਿਰਵਾ ਹੋ ਕੇ ਭਲਾ ਕੋਈ ਕਿੰਨਾ ਕੁ ਚਿਰ ਜੀਅ ਸਕਦੈ? ਮਾਂ ਬੋਲੀ ਤੋਂ ਬਗੈਰ ਮਾਂ ਦੀਆਂ ਅਸੀਸਾਂ ਅਤੇ ਦੁਆਵਾਂ ਨੂੰ ਕਿੰਝ ਸਮਝੋਗੇ, ਉਸ ਦੀਆਂ ਸਲਾਹੁਤੀਆਂ ਅਤੇ ਸਿਆਣਪਾਂ ਨੂੰ ਕਿੰਝ ਉਲਥਾਓਗੇ, ਬੁੱਢੇ ਬਾਪ ਨਾਲ ਕਿੰਝ ਬੋਲ ਸਾਂਝੇ ਕਰੋਗੇ ਅਤੇ ਉਸ ਦੀਆਂ ਭਾਵਨਾਵਾਂ ਨੂੰ ਕਿਹੜੇ ਅਰਥਾਂ ਦਾ ਵਿਸਥਾਰ ਦਿਓਗੇ।
ਬਹੁਤ ਚੰਗਾ ਹੈ ਮਨੁੱਖ ਦਾ ਵਿਸਤਾਰ ਹੋਣਾ, ਨਵੀਆਂ ਪ੍ਰਾਪਤੀਆਂ ਦਾ ਸਿਰਲੇਖ ਬਣਨਾ, ਪਰ ਜੋ ਅੰਬਰੀਂ ਉੱਡਦਿਆਂ ਵੀ ਆਪਣੇ ਆਪ ਨੂੰ ਜੰਮਣ ਭੌਂ ਨਾਲ ਜੋੜੀ ਰੱਖਦੇ ਨੇ, ਅਸਲ ਵਿੱਚ ਉਹ ਹੀ ਮਹਾਨ ਹੁੰਦੇ ਹਨ। ਬੇਗਾਨੇ ਪਰਾਂ ’ਤੇ ਮਖੌਟੀ ਮਹਾਨਤਾ ਦੇ ਕੋਈ ਅਰਥ ਨਹੀਂ ਹੁੰਦੇ। ਫਹੁੜੀਆਂ ਦੇ ਸਹਾਰੇ ਭਲਾ ਕੋਈ ਕਿੰਨਾ ਕੁ ਚਿਰ ਅੰਬਰਾਂ ਦੇ ਹਾਣ ਦਾ ਭਰਮ ਪਾਲ ਸਕਦਾ ਹੈ। ਜਦ ਨਾਂ, ਥਾਂ ਅਤੇ ਗਰਾਂ ’ਤੇ ਵਿਦੇਸ਼ੀ ਬੋਲੀ ਦੀ ਪਰਤ ਚੜ੍ਹ ਜਾਵੇ ਤਾਂ ਗੁੰਮ ਹੋ ਜਾਂਦੀ ਏ ਉਨ੍ਹਾਂ ਦੀ ਤਵਾਰੀਖ, ਬੇਪਛਾਣ ਹੋ ਜਾਂਦਾ ਏ ਕਿਸੇ ਕਸਬੇ, ਪਿੰਡ ਅਤੇ ਨਗਰ ਦਾ ਮੁਹਾਂਦਰਾ ਅਤੇ ਸਿਵਿਆਂ ਦੀ ਰਾਖ ਵਾਂਗ ਉੱਡ ਜਾਂਦੀ ਹੈ ਉਨ੍ਹਾਂ ਦੀ ਤਹਿਜ਼ੀਬ। ਭੋਲੀਆਂ-ਭਾਲੀਆਂ ਕੌਮਾਂ ਦਾ ਸਭ ਕੁਝ ਇਸ ਤਰ੍ਹਾਂ ਹੀ ਖੋਹਿਆ ਗਿਆ ਏ। ਭਾਵੇਂ ਇਹ ਈਸਾਈ ਮਿਸ਼ਨਰੀਆਂ ਵੱਲੋਂ ਭਾਰਤ ਦੇ ਕਬਾਇਲੀ ਖੇਤਰਾਂ ’ਚ ਚਲਾਏ ਜਾਂਦੇ ਸਕੂਲ ਹੋਣ ਜਾਂ ਬੀਤੇ ਦੌਰਾਨ ਕੈਨੇਡਾ ਵਿੱਚ ਆਦਿਵਾਸੀਆਂ ਲਈ ਚਲਾਏ ਗਏ ਰਿਹਾਇਸ਼ੀ ਸਕੂਲ ਹੋਣ। ਇਹ ਸਭ ਕੁਝ ਨਵੀਂ ਨਸਲ ਨੂੰ ਉਨ੍ਹਾਂ ਦੇ ਮਾਣ ਮੱਤੇ ਵਿਰਸੇ ਤੋਂ ਦੂਰ ਕਰਕੇ, ਟੁੱਟੇ ਪੱਤੇ ਦੀ ਜੂਨ ਹੰਢਾਉਣ ਵਰਗਾ ਹੈ। ਆਧੁਨਿਕਤਾ ਦੀ ਦੌੜ ’ਚ ਮਨੁੱਖ ਬਹੁਤ ਕੁਝ ਗਵਾ ਰਿਹਾ ਹੈ ਅਤੇ ਪਤਾ ਲੱਗਣ ’ਤੇ ਸਿਰਫ਼ ਧੁਖਦੀ ਧੂਣੀ ਵਰਗਾ ਪਛਤਾਵਾ ਝੋਲੀ ਵਿੱਚ ਰਹਿ ਜਾਂਦਾ ਹੈ।
ਮਾਂ-ਬੋਲੀ ਦਾ ਹੇਰਵਾ ਕਦੇ ਉਨ੍ਹਾਂ ਨੂੰ ਪੁੱਛਣਾ ਜਿਨ੍ਹਾਂ ਦੇ ਜਬਾੜੇ ਵਿਦੇਸ਼ੀ ਬੋਲੀਆਂ ਬੋਲਦਿਆਂ-ਬੋਲਦਿਆਂ ਦੁਖਣ ਲੱਗਦੇ ਹਨ ਅਤੇ ਉਹ ਮਾਂ-ਬੋਲੀ ਬੋਲਣ ਲਈ ਤਰਸ ਜਾਂਦੇ ਹਨ। ਭਾਵੇਂ ਇਹ ਸੀਰੀਆ ਵਿੱਚ ਜਲਾਵਤਨ ਹੋਇਆ ਮਹਾਨ ਸ਼ਾਇਰ ਫੈਜ਼ ਅਹਿਮਦ ਫੈਜ਼ ਹੋਵੇ, ਕਾਲੀ ਕੋਠੜੀ ਦੀ ਸਜ਼ਾ ਭੁਗਤ ਰਿਹਾ ਮਹਾਨ ਸੰਗਰਾਮੀ ਡਾ. ਮੋਹਨ ਸਿੰਘ ਕਾਲੇਪਾਣੀ ਹੋਵੇ। ਮਾਂ ਬੋਲੀ ਨੂੰ ਸੁਣਨ ਅਤੇ ਬੋਲਣ ਲਈ ਤਰਸ ਜਾਣਾ ਹੀ ਇਸ ਦੀ ਅਹਿਮੀਅਤ ਅਤੇ ਅਪਣੱਤ ਨੂੰ ਜ਼ਾਹਰ ਕਰਦਾ ਹੈ। ਵੱਖ ਵੱਖ ਜ਼ੁਬਾਨਾਂ ਸਿੱਖਣੀਆਂ ਬਹੁਤ ਵਧੀਆ ਹਨ, ਪਰ ਕਦੇ ਵੀ ਆਪਣੇ ਮਾਂ ਬੋਲੀ ਨੂੰ ਪਿਛਲੱਗ ਹੋਣ ਦਾ ਅਹਿਸਾਸ ਨਾ ਹੋਣ ਦਿਓ। ਇਹ ਬੋਲੀ ਹੀ ਤੁਹਾਡੇ ਵਿਅਕਤੀਤਵ, ਕੱਦਕਾਠ, ਮੁਹਾਂਦਰੇ ਅਤੇ ਸੁਹਜ ਅਤੇ ਸਹਿਜ ਦੀ ਸੱਚੀ ਆਧਾਰਸ਼ਿਲਾ ਅਤੇ ਪੈਮਾਨਾ ਹੈ।
ਮਾਂ-ਬੋਲੀ ਤਾਂ ਬਹੁਤ ਪੁਰਾਣੀ ਹੈ। ਸਾਡੇ ਬਜ਼ੁਰਗ ਤਾਂ ਮੂੰਹ ਜ਼ੁਬਾਨੀ ਹੀ ਆਪਣੀ ਤਵਾਰੀਖ਼, ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਦੇ ਨਾਮ ਕਰਦੇ, ਆਪਣੇ ਸੱਭਿਆਚਾਰ, ਸਾਹਿਤ ਅਤੇ ਸੰਗੀਤ ਨੂੰ ਅਗਾਂਹ ਤੋਰਦੇ ਰਹੇ ਹਨ। ਲਿਪੀ ਦਾ ਵਿਕਾਸ ਤਾਂ ਬਾਅਦ ਵਿੱਚ ਹੋਇਆ ਅਤੇ ਇਸ ਤੋਂ ਬਾਅਦ ਹੀ ਇਹ ਹਰਫ਼ਾਂ ਵਿੱਚ ਸੰਭਾਲੀ ਜਾਣ ਲੱਗੀ ਹੈ, ਪਰ ਸਾਡੇ ਅਨਪੜ੍ਹ ਬਜ਼ੁਰਗਾਂ ਦੀ ਬੋਲੀ ਵਿੱਚ ਅਜਿਹੇ ਮੁਹਾਵਰੇ, ਵਾਕ-ਬਣਤਰ ਅਤੇ ਸ਼ਬਦ ਨੇ ਜਿਹੜੇ ਹੌਲੀ ਹੌਲੀ ਸਾਡੀ ਲਿਖਤੀ ਬੋਲੀ ’ਚੋਂ ਅਲੋਪ ਹੋ ਰਹੇ ਹਨ। ਲੋੜ ਹੈ ਕਿ ਉਨ੍ਹਾਂ ਦੇ ਸੁੱਚੇ ਬੋਲਾਂ ਨੂੰ ਸਾਂਭ ਲਿਆ ਜਾਵੇ।
ਮਾਂ ਬੋਲੀ ਨੂੰ ਮੋਹ ਕਰਨ ਵਾਲਿਓ! ਆਪਣੇ ਚੌਗਿਰਦੇ ਵਿੱਚ ਇਸ ਦੀ ਮਹਿਕ ਨੂੰ ਵਿਗਸਣ ਦਿਓ। ਇਸ ਦੀਆਂ ਦੁਆਵਾਂ ਮੰਗੋ। ਇਸ ਦੀ ਅੰਮ੍ਰਿਤਾ ਨੂੰ ਸਿੱਜਦਾ ਕਰੋ ਅਤੇ ਇਸ ਦੀ ਸਦੀਵਤਾ ਲਈ ਸੁਯੋਗ ਯਤਨਾਂ ਦੀ ਕਰਮਯੋਗਤਾ ਦਾ ਦਾਨ ਦਿਓ। ਮਾਂ-ਬੋਲੀ ਮਾਂ ਵਰਗੀ ਹੈ ਜਿਸ ਨੇ ਸਾਨੂੰ ਲੋਰੀਆਂ ਦਿੱਤੀਆਂ, ਸ਼ਹਿਦ ਵਰਗੇ ਬੋਲਾਂ ਦੀ ਗੁੜਤੀ ਦਿੱਤੀ, ਫ਼ਿਜ਼ਾ ਦੇ ਸਭ ਰੰਗ ਸਾਡੀ ਬੋਲ-ਚਾਲ ਵਿੱਚ ਭਰੇ ਅਤੇ ਇਸ ਸਦਕੇ ਹੀ ਅਸਾਂ ਕਈ ਖਾਰੇ ਤੇ ਕਾਲੇ ਸਾਗਰ ਤਰੇ ਹਨ।
ਮਾਂ-ਬੋਲੀ ਵਾਲੇ ਦਿਨ ਆਪਣੇ ਮਨ-ਮਸਤਕ, ਦਰਾਂ ਅਤੇ ਗਰਾਂ ’ਤੇ ਮਿੱਠੜੇ ਬੋਲਾਂ ਦੇ ਚਿਰਾਗ ਧਰੋ, ਸ਼ਗਨ ਉਤਾਰੋ ਅਤੇ ਮੰਨਤਾਂ ਦਾ ਅਰਘ ਚੜ੍ਹਾਓ। ਸ਼ਾਇਦ ਸਾਡੀਆਂ ਦੁਆਵਾਂ ਤੇ ਨੇਕ-ਨੀਤੀ, ਮਾਂ ਬੋਲੀ ਦੇ ਚੌਵਰਗੇ ਨੂੰ ਹੋਰ ਬੁਲੰਦੀ ਬਖ਼ਸ਼ੇ। ਅਜਿਹੀ ਆਸ ਪੰਜਾਬੀ ਪਿਆਰਿਆਂ ਅਤੇ ਹਿਤੇਸ਼ੀਆਂ ਤੋਂ ਤਾਂ ਕੀਤੀ ਹੀ ਜਾ ਸਕਦੀ ਹੈ।
(ਲੇਖਕ ਅਮਰੀਕਾ ਰਹਿੰਦਾ ਹੈ)
News Source link
#ਮਬਲ #ਦ #ਮਹ