ਗੁਰਦੀਪ ਸਿੰਘ ਭੱਟੀ
ਟੋਹਾਣਾ, 24 ਨਵੰਬਰ
ਨਗਰ ਪਰੀਸ਼ਦ ਟੋਹਾਣਾ ਦੀਆਂ 10 ਮਹਿਲਾ ਕੌਂਸਲਰਾਂ ਵਿਰੁੱਧ ਅਸ਼ਲੀਲ ਪੋਸਟਾਂ ਫੇਸਬੁੱਕ ’ਤੇ ਪਾਉਣ ਦਾ ਮਾਮਲਾ ਭਖ ਗਿਆ ਹੈ। ਨਗਰ ਪਰੀਸ਼ਦ ਦੀ ਉਪ ਚੇਅਰਪਰਸਨ ਨੀਰੂ ਸੈਣੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ ਪਰ 30 ਦਿਨ ਬੀਤਣ ਤੋਂ ਬਾਅਦ ਵੀ ਕਾਰਵਾਈ ਨਾ ਕਰਨ ’ਤੇ ਅੱਜ ਨਗਰ ਪਰੀਸ਼ਦ ਅਹਾਤੇ ਵਿਚ ਪਰਿਸ਼ਦ ਚੇਅਰਮੈਨ ਨਰੇਸ਼ ਬਾਂਸਲ ਦੀ ਪ੍ਰਧਾਨਗੀ ਹੇਠ 10 ਮਹਿਲਾ ਕੌਂਸਲਰ ਸਣੇ ਕੁਲ 23 ਕੌਂਸਲਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਮਹਿਲਾ ਕੌਂਸਲਰਾਂ ਨੇ ਪੁਲੀਸ ਵਿਰੁੱਧ ਭੜਾਸ ਕੱਢੀ। ਮਹਿਲਾ ਕੌਂਸਲਰਾਂ ਵਿਚ ਉਪ ਚੇਅਰਪਰਸਨ ਨੀਰੂ ਸੈਣੀ, ਸਵੀਟੀ ਭਾਟੀਆ, ਸੀਮਾ ਭਾਟੀਆ, ਪੁਸ਼ਪਾ ਗਰਗ, ਪੁਸ਼ਪਾ ਮਹਿਤਾ ਪੂਜਾ ਮਾਥੁਰ, ਕਮਲੇਸ਼ ਰਾਣੀ ਤੋਂ ਇਲਾਵਾ ਸਤੀਸ਼ ਪੁਰੀ, ਕਾਲਾ ਪਹਿਲਵਾਨ, ਸੁਰੇਸ਼ ਸੇਠੀ, ਰੌਸ਼ਨ, ਰਾਕੇਸ਼ ਤੇ ਸਾਰੇ ਕੌਂਸਲਰ ਸ਼ਾਮਲ ਹੋਏ। ਇਸ ਮੌਕੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਸਾਰੇ ਕੌਂਸਲਰ ਖ਼ਫ਼ਾ ਸਨ।