ਮੁੰਬਈ, 2 ਮਾਰਚ
ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਪ੍ਰਯਾਗਰਾਜ ’ਚ ਹਾਲ ਹੀ ’ਚ ਖਤਮ ਹੋਏ ਮਹਾਂਕੁੰਭ ’ਚ ਊਧਵ ਠਾਕਰੇ ਦੇ ਇਸ਼ਨਾਨ ਨਾ ਕਰਨ ’ਤੇ ਸਵਾਲ ਚੁੱਕਣ ਲਈ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ ਨਿਸ਼ਾਨਾ ਸੇਧਿਆ ਹੈ।
ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿੰਦੇ ਦੀ ਸਿਆਸੀ ਸਮਝ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਭਾਜਪਾ ਵੱਲੋਂ ਉਪ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦੀ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ।
ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਸ਼ਿੰਦੇ ਦੀਆਂ ਗਲਤੀਆਂ ਕਾਰਨ ਊਧਵ ਠਾਕਰੇ ਤੋਂ ਜ਼ਿਆਦਾ ਭਾਜਪਾ ਤੇ ਇਸ ਦੇ ਆਗੂ ਬੇਨਕਾਬ ਹੋ ਰਹੇ ਹਨ। ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਹੇਠਲੀ ਸੱਤਾਧਾਰੀ ਮਹਾਯੁਤੀ ਸਰਕਾਰ ਦਾ ਹਿੱਸਾ ਹੈ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸੇਧਿਆ
ਸ਼ਿਵ ਸੈਨਾ (ਯੂਬੀਟੀ) ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਕੀ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਦੇ ਕਿਸੇ ਕੁੰਭ ’ਚ ਗਏ ਸਨ? ਇਹ ਸਿਰਫ ਪ੍ਰਚਾਰ ਦਾ ਹੱਥਕੰਡਾ ਹੈ।’’ ਰਾਊਤ ਨੇ ਆਖਿਆ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਪਿਛਲੇ ਮਹੀਨੇ ਮਹਾਂਕੁੰਭ ’ਚ ਗਏ ਸਨ ਪਰ ਉਨ੍ਹਾਂ ਦੇ ਕਿੰਨੇ ਕੈਬਨਿਟ ਸਹਿਯੋਗੀ ਜਾਂ (ਭਾਜਪਾ) ਵਿਧਾਇਕ ਉੱਥੇ ਗਏ ਸਨ। ਸ਼ਿਵ ਸੈਨਾ (ਯੂਬੀਟੀ) ਆਗੂ ਨੇ ਕਿਹਾ, ‘‘ਅਜਿਹੇ ਮੁੱਦਿਆਂ ਨੂੰ ਛੱਡ ਦਿਓ।’’