Ludhiana Mehreen Kaur: ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਇਸ ਗੱਲ ਨੂੰ ਲੁਧਿਆਣਾ ਦੀ ਪੌਣੇ ਪੰਜ ਸਾਲਾਂ ਮਹਿਰੀਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ। ਨਿੱਕੀ ਜਿਹੀ ਉਮਰ ਵਿੱਚ ਮਹਿਰੀਨ ਨੇ ਮਲੇਸ਼ੀਆ ਵਿੱਚ ਹੋਈ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਸੂਬਾ ਅਤੇ ਰਾਸ਼ਟਰੀ ਪੱਧਰ ‘ਤੇ ਕਈ ਮੈਡਲ ਜਿੱਤ ਕੇ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ।
ਮਲੇਸ਼ੀਆ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ 18 ਦੇਸ਼ਾਂ ਦੇ ਕਰੀਬ 2,000 ਬੱਚਿਆਂ ਨੇ ਭਾਗ ਲਿਆ ਸੀ। ਇਨ੍ਹਾਂ ਵਿੱਚ ਮਹਿਰੀਨ ਸਭ ਤੋਂ ਘੱਟ ਉਮਰ ਦੀ ਖਿਡਾਰਨ ਸੀ, ਜਿਸ ਨੇ ਸਿਲਵਰ ਮੈਡਲ ਜਿੱਤ ਕੇ ਆਪਣੇ ਮਾਪਿਆਂ, ਪੰਜਾਬ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ।
ਹਰ ਰੋਜ਼ ਢਾਈ ਘੰਟੇ ਦੀ ਸਖ਼ਤ ਮਿਹਨਤ ਨੇ ਦਿਵਾਈ ਕਾਮਯਾਬੀ
ਐਲ.ਕੇ.ਜੀ. ਦੀ ਵਿਦਿਆਰਥਣ ਮਹਿਰੀਨ ਨੇ ਕਰੀਬ ਡੇਢ ਸਾਲਾਂ ਪਹਿਲਾਂ ਕਰਾਟੇ ਦੀ ਸਿਖਲਾਈ ਸ਼ੁਰੂ ਕੀਤੀ ਸੀ। ਸ਼ੁਰੂਆਤ ਵਿੱਚ ਉਹ ਹਰ ਰੋਜ਼ ਲਗਭਗ ਡੇਢ ਘੰਟਾ ਅਭਿਆਸ ਕਰਦੀ ਸੀ, ਪਰ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਚੋਣ ਹੋਣ ਤੋਂ ਬਾਅਦ ਉਸ ਨੇ ਆਪਣੀ ਮਿਹਨਤ ਹੋਰ ਵਧਾ ਦਿੱਤੀ। ਮੁਕਾਬਲੇ ਦੀ ਤਿਆਰੀ ਦੌਰਾਨ ਉਹ ਰੋਜ਼ਾਨਾ ਦੋ ਤੋਂ ਢਾਈ ਘੰਟੇ ਤੱਕ ਸਖ਼ਤ ਅਭਿਆਸ ਕਰਦੀ ਰਹੀ। ਉਸ ਦੀ ਲਗਨ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਨੇ ਹੀ ਉਸ ਨੂੰ ਇਹ ਕਾਮਯਾਬੀ ਦਿਵਾਈ।
ਕੋਚ ਲਲਿਤਾ ਰਾਣੀ ਨੇ ਕੀਤੀ ਮਹਿਰੀਨ ਦੀ ਖੁੱਲ੍ਹ ਕੇ ਤਾਰੀਫ਼
ਮਹਿਰੀਨ ਦੀ ਕੋਚ ਲਲਿਤਾ ਰਾਣੀ ਦਾ ਕਹਿਣਾ ਹੈ ਕਿ ਮਹਿਰੀਨ ਬੇਹੱਦ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਖਿਡਾਰਨ ਹੈ। ਇੰਨੀ ਛੋਟੀ ਉਮਰ ਵਿੱਚ ਵੀ ਉਹ ਸਿਖਲਾਈ ਦੌਰਾਨ ਪੂਰੀ ਗੰਭੀਰਤਾ ਨਾਲ ਹਰ ਨਵੀਂ ਤਕਨੀਕ ਸਿੱਖਦੀ ਹੈ ਅਤੇ ਲਗਾਤਾਰ ਸਵਾਲ ਪੁੱਛ ਕੇ ਆਪਣੀ ਖੇਡ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਕੋਚ ਮੁਤਾਬਕ ਮਹਿਰੀਨ ਦੀਆਂ ਕਿੱਕਾਂ ਕਾਫ਼ੀ ਤਾਕਤਵਰ ਹਨ, ਜੋ ਤਜਰਬੇਕਾਰ ਵਿਰੋਧੀਆਂ ਨੂੰ ਵੀ ਹੈਰਾਨ ਕਰ ਦਿੰਦੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਮਹਿਰੀਨ ਭਵਿੱਖ ਵਿੱਚ ਦੇਸ਼ ਲਈ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰੇਗੀ।
ਘਰ ਵਾਪਸੀ ‘ਤੇ ਢੋਲ-ਨਗਾੜਿਆਂ ਨਾਲ ਹੋਇਆ ਸ਼ਾਨਦਾਰ ਸਵਾਗਤ
ਮਲੇਸ਼ੀਆ ਵਿੱਚ ਦੇਸ਼ ਦਾ ਮਾਣ ਵਧਾਉਣ ਤੋਂ ਬਾਅਦ ਜਦੋਂ ਮਹਿਰੀਨ ਆਪਣੇ ਜੱਦੀ ਸ਼ਹਿਰ ਲੁਧਿਆਣਾ ਪਹੁੰਚੀ ਤਾਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਢੋਲ-ਨਗਾੜਿਆਂ ਦੀਆਂ ਧੁਨਾਂ, ਫੁੱਲਾਂ ਦੇ ਹਾਰਾਂ ਅਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਦੇ ਲੋਕਾਂ ਦੀ ਮੌਜੂਦਗੀ ਨੇ ਇਸ ਪਲ ਨੂੰ ਯਾਦਗਾਰ ਬਣਾ ਦਿੱਤਾ। ਮੁਕਾਬਲੇ ਦੌਰਾਨ ਮਹਿਰੀਨ ਦੀ ਭੈਣ ਅਤੇ ਦਾਦੀ ਵੀ ਮਲੇਸ਼ੀਆ ਵਿੱਚ ਉਸ ਦੇ ਨਾਲ ਮੌਜੂਦ ਰਹੀਆਂ ਅਤੇ ਹਰ ਪਲ ਉਸ ਦਾ ਹੌਸਲਾ ਵਧਾਉਂਦੀਆਂ ਰਹੀਆਂ।
ਸਿਲਵਰ ਮੈਡਲ ਜਿੱਤਣ ਤੋਂ ਬਾਅਦ ਮਹਿਰੀਨ ਕਾਫ਼ੀ ਉਤਸ਼ਾਹਿਤ ਨਜ਼ਰ ਆਈ। ਹੁਣ ਉਸ ਦਾ ਅਗਲਾ ਟੀਚਾ ਏਸ਼ੀਆਈ ਅਤੇ ਰਾਸ਼ਟਰਮੰਡਲ ਪੱਧਰ ਦੀਆਂ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲੈ ਕੇ ਭਾਰਤ ਲਈ ਗੋਲਡ ਮੈਡਲ ਜਿੱਤਣਾ ਹੈ।