IND vs PAK T20 World Cup 2026: ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਨੇ 2026 ਟੀ-20 ਵਿਸ਼ਵ ਕੱਪ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਮੌਜੂਦਾ ਚੈਂਪੀਅਨ ਭਾਰਤ ਆਪਣਾ ਪਹਿਲਾ ਮੈਚ 7 ਫਰਵਰੀ ਨੂੰ USA ਵਿਰੁੱਧ ਖੇਡੇਗਾ। ਭਾਰਤ-ਪਾਕਿਸਤਾਨ ਮੈਚ 15 ਫਰਵਰੀ ਨੂੰ ਕੋਲੰਬੋ ਵਿੱਚ ਖੇਡਿਆ ਜਾਵੇਗਾ।
ਕਦੋਂ ਸ਼ੁਰੂ ਹੋਵੇਗਾ ਟੀ-20 ਵਿਸ਼ਵ ਕੱਪ?
2026 ਟੀ-20 ਵਿਸ਼ਵ ਕੱਪ 7 ਫਰਵਰੀ ਨੂੰ ਸ਼ੁਰੂ ਹੋਵੇਗਾ, ਜਿਸ ਦਾ ਫਾਈਨਲ 8 ਮਾਰਚ ਨੂੰ ਹੋਵੇਗਾ। ਮੌਜੂਦਾ ਚੈਂਪੀਅਨ ਭਾਰਤ ਆਪਣਾ ਪਹਿਲਾ ਮੈਚ 7 ਫਰਵਰੀ ਨੂੰ ਮੁੰਬਈ ਵਿੱਚ USA ਵਿਰੁੱਧ ਖੇਡੇਗਾ, ਜਿਸ ਤੋਂ ਬਾਅਦ ਨਾਮੀਬੀਆ, ਪਾਕਿਸਤਾਨ ਅਤੇ ਨੀਦਰਲੈਂਡਜ਼ ਵਿਰੁੱਧ ਲੀਗ ਮੈਚ ਹੋਣਗੇ।
ਵਿਸ਼ਵ ਕੱਪ ਦਾ ਫਾਈਨਲ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ
2026 ਟੀ-20 ਵਿਸ਼ਵ ਕੱਪ ਦਾ ਫਾਈਨਲ 8 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜੇਕਰ ਪਾਕਿਸਤਾਨ ਫਾਈਨਲ ਲਈ ਕੁਆਲੀਫਾਈ ਕਰਦਾ ਹੈ, ਤਾਂ ਟਾਈਟਲ ਮੈਚ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਹੋਵੇਗਾ। ਇਸੇ ਤਰ੍ਹਾਂ, ਸੈਮੀਫਾਈਨਲ ਮੁੰਬਈ ਵਿੱਚ ਖੇਡਿਆ ਜਾਵੇਗਾ, ਪਰ ਜੇਕਰ ਪਾਕਿਸਤਾਨ ਸੈਮੀਫਾਈਨਲ ਵਿੱਚ ਪਹੁੰਚਦਾ ਹੈ, ਤਾਂ ਉਹ ਕੋਲੰਬੋ ਵਿੱਚ ਖੇਡਣਗੇ।
ਟੀ-20 ਵਿਸ਼ਵ ਕੱਪ 2026 ਵਿੱਚ ਕਿੰਨੀਆਂ ਟੀਮਾਂ ਲੈਣਗੀਆਂ ਹਿੱਸਾ
ਟੀ-20 ਵਿਸ਼ਵ ਕੱਪ 2026 ਵਿੱਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ। ਇਟਲੀ ਨੇ ਵੀ ਪਹਿਲੀ ਵਾਰ ਇਸ ਮੈਗਾ ਈਵੈਂਟ ਲਈ ਕੁਆਲੀਫਾਈ ਕੀਤਾ ਹੈ। ਟੂਰਨਾਮੈਂਟ ਸ਼ਡਿਊਲ ਜਾਰੀ ਹੋਣ ਤੋਂ ਬਾਅਦ ਆਈਸੀਸੀ ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ ਕਿ 2026 ਦੇ ਟੀ-20 ਵਿਸ਼ਵ ਕੱਪ ਦੇ ਮੈਚ ਕੁੱਲ ਅੱਠ ਥਾਵਾਂ ‘ਤੇ ਖੇਡੇ ਜਾਣਗੇ। ਟੂਰਨਾਮੈਂਟ ਦੇ ਮੈਚ ਭਾਰਤ ਵਿੱਚ ਪੰਜ ਥਾਵਾਂ ‘ਤੇ ਅਤੇ ਸ਼੍ਰੀਲੰਕਾ ਵਿੱਚ ਤਿੰਨ ਥਾਵਾਂ ‘ਤੇ ਹੋਣਗੇ। ਭਾਰਤ ਵਿੱਚ ਟੂਰਨਾਮੈਂਟ ਦੇ ਮੈਚ ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਅਤੇ ਅਹਿਮਦਾਬਾਦ ਵਿੱਚ ਖੇਡੇ ਜਾਣਗੇ। ਸ਼੍ਰੀਲੰਕਾ ਵਿੱਚ, 2026 ਦੇ ਟੀ-20 ਵਿਸ਼ਵ ਕੱਪ ਦੇ ਮੈਚ ਕੋਲੰਬੋ ਅਤੇ ਕੈਂਡੀ ਵਿੱਚ ਹੋਣਗੇ।
ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ਦੇ ਸ਼ਡਿਊਲ ਦਾ ਐਲਾਨ
ਭਾਰਤ ਬਨਾਮ ਅਮਰੀਕਾ, 7 ਫਰਵਰੀ, ਮੁੰਬਈ
ਭਾਰਤ ਬਨਾਮ ਨਾਮੀਬੀਆ, 12 ਫਰਵਰੀ, ਦਿੱਲੀ
ਭਾਰਤ ਬਨਾਮ ਪਾਕਿਸਤਾਨ, 15 ਫਰਵਰੀ, ਕੋਲੰਬੋ
ਭਾਰਤ ਬਨਾਮ ਨੀਦਰਲੈਂਡ, 18 ਫਰਵਰੀ, ਅਹਿਮਦਾਬਾਦ
ਜ਼ਿਕਰ ਕਰ ਦਈਏ ਕਿ ਟੀਮ ਇੰਡੀਆ ਦੋ ਵਾਰ ਟੀ-20 ਵਿਸ਼ਵ ਕੱਪ ਜਿੱਤ ਚੁੱਕੀ ਹੈ। ਭਾਰਤੀ ਟੀਮ ਨੇ ਪਹਿਲੀ ਵਾਰ 2007 ਵਿੱਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਉਦੋਂ ਐਮ.ਐਸ. ਧੋਨੀ ਦੀ ਕਪਤਾਨੀ ਵਿੱਚ, ਟੀਮ ਇੰਡੀਆ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਇਸ ਤੋਂ ਬਾਅਦ, 2024 ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ, ਭਾਰਤ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ।
ਹੋਰ ਪੜ੍ਹੋ