ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ 25 ਫੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਸਪੱਸ਼ਟ ਕੀਤਾ ਕਿ ਜੋ ਵੀ ਦੇਸ਼ ਇਰਾਨ ਨਾਲ ਕਾਰੋਬਾਰ ਕਰੇਗਾ, ਉਸ ‘ਤੇ ਅਮਰੀਕਾ ਵੱਲੋਂ ਟੈਰਿਫ਼ ਵਧਾਇਆ ਜਾਵੇਗਾ। ਇਸ ਕਦਮ ਨੂੰ ਇਰਾਨ ‘ਤੇ ਆਰਥਿਕ ਦਬਾਅ ਬਣਾਉਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਇਰਾਨ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਹਿੰਸਕ ਪ੍ਰਦਰਸ਼ਨ ਜਾਰੀ ਹਨ ਅਤੇ ਟਰੰਪ ਲਗਾਤਾਰ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਇਰਾਨ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਰਹੇ ਹਨ।
ਟਰੰਪ ਵੱਲੋਂ ਆਖੀ ਇਹ ਗੱਲ
ਡੋਨਾਲਡ ਟਰੰਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਲਿਖਿਆ ਕਿ ਇਰਾਨ ਨਾਲ ਵਪਾਰ ਕਰਨ ਵਾਲਿਆਂ ‘ਤੇ 25 ਫੀਸਦੀ ਟੈਰਿਫ਼ ਤੁਰੰਤ ਲਾਗੂ ਕੀਤਾ ਜਾਵੇਗਾ। ਟਰੰਪ ਦੇ ਇਸ ਫ਼ੈਸਲੇ ਦਾ ਅਸਰ ਦੁਨੀਆ ਦੇ ਕਈ ਦੇਸ਼ਾਂ ‘ਤੇ ਪੈ ਸਕਦਾ ਹੈ, ਜਿਨ੍ਹਾਂ ਵਿੱਚ ਭਾਰਤ ਅਤੇ ਚੀਨ ਵੀ ਸ਼ਾਮਲ ਹਨ। ਭਾਰਤ ‘ਤੇ ਅਮਰੀਕਾ ਪਹਿਲਾਂ ਹੀ 50 ਫੀਸਦੀ ਤੱਕ ਟੈਰਿਫ਼ ਲਗਾ ਚੁੱਕਾ ਹੈ। ਅਜਿਹੇ ਵਿੱਚ ਨਵਾਂ ਟੈਰਿਫ਼ ਭਾਰਤ–ਅਮਰੀਕਾ ਸੰਬੰਧਾਂ ਵਿੱਚ ਹੋਰ ਤਣਾਅ ਪੈਦਾ ਕਰ ਸਕਦਾ ਹੈ।
ਭਾਰਤ ‘ਤੇ ਕੀ ਪਵੇਗਾ ਅਸਰ?
ਚੀਨ ਨੂੰ ਇਰਾਨ ਦਾ ਸਭ ਤੋਂ ਵੱਡਾ ਵਪਾਰਕ ਭਾਗੀਦਾਰ ਮੰਨਿਆ ਜਾਂਦਾ ਹੈ, ਪਰ ਇਸ ਫ਼ੈਸਲੇ ਦਾ ਅਸਰ ਭਾਰਤ, ਸੰਯੁਕਤ ਅਰਬ ਅਮੀਰਾਤ ਅਤੇ ਤੁਰਕੀ ‘ਤੇ ਵੀ ਪੈ ਸਕਦਾ ਹੈ। ਇਹ ਸਾਰੇ ਦੇਸ਼ ਵੀ ਇਰਾਨ ਦੇ ਵੱਡੇ ਵਪਾਰਕ ਸਾਥੀਆਂ ਵਿੱਚ ਸ਼ਾਮਲ ਹਨ।
ਇਰਾਨ ‘ਚ ਭਾਰਤੀ ਦੂਤਾਵਾਸ ਮੁਤਾਬਕ, ਵਿੱਤ ਵਰ੍ਹਾ 2024-25 ਦੌਰਾਨ ਭਾਰਤ ਨੇ ਇਰਾਨ ਨੂੰ 1.24 ਅਰਬ ਡਾਲਰ ਦਾ ਸਮਾਨ ਨਿਰਯਾਤ ਕੀਤਾ, ਜਦਕਿ ਇਰਾਨ ਤੋਂ 0.44 ਅਰਬ ਡਾਲਰ ਦਾ ਆਯਾਤ ਕੀਤਾ ਗਿਆ। ਇਸ ਤਰ੍ਹਾਂ ਦੋਨਾਂ ਦੇਸ਼ਾਂ ਦਰਮਿਆਨ ਕੁੱਲ ਵਪਾਰ 1.68 ਅਰਬ ਡਾਲਰ (ਲਗਭਗ 14,000 ਤੋਂ 15,000 ਕਰੋੜ ਰੁਪਏ) ਰਿਹਾ।
ਕਿਹੜੇ ਸਮਾਨ ਦਾ ਸਭ ਤੋਂ ਵੱਧ ਵਪਾਰ ਹੋਇਆ
ਟ੍ਰੇਡਿੰਗ ਇਕਨੌਮਿਕਸ ਦੀ ਰਿਪੋਰਟ ਮੁਤਾਬਕ, ਭਾਰਤ ਵੱਲੋਂ ਇਰਾਨ ਨੂੰ ਨਿਰਯਾਤ ਕੀਤੇ ਜਾਣ ਵਾਲੇ ਸਮਾਨ ਵਿੱਚ ਸਭ ਤੋਂ ਵੱਡਾ ਹਿੱਸਾ ਆਰਗੈਨਿਕ ਕੇਮੀਕਲਜ਼ ਦਾ ਰਿਹਾ, ਜਿਸ ਦੀ ਕੀਮਤ ਕਰੀਬ 512.92 ਮਿਲੀਅਨ ਡਾਲਰ ਸੀ। ਇਸ ਤੋਂ ਬਾਅਦ ਖਾਣ ਯੋਗ ਫਲ, ਮੇਵੇ, ਨਿੰਬੂ ਵਰਗੇ ਫਲਾਂ ਦੇ ਛਿਲਕੇ ਅਤੇ ਖਰਬੂਜੇ ਆਦਿ ਦਾ ਨਿਰਯਾਤ ਲਗਭਗ 311.60 ਮਿਲੀਅਨ ਡਾਲਰ ਦਾ ਰਿਹਾ।ਉੱਥੇ ਹੀ ਮਿਨਰਲ ਫਿਊਲ, ਤੇਲ ਅਤੇ ਡਿਸਟਿਲੇਸ਼ਨ ਨਾਲ ਜੁੜੇ ਉਤਪਾਦਾਂ ਦਾ ਵਪਾਰ ਕਰੀਬ 86.48 ਮਿਲੀਅਨ ਡਾਲਰ ਰਿਹਾ।
ਭਾਰਤ ‘ਤੇ ਲੱਗ ਚੁੱਕਾ ਹੈ ਟੈਰਿਫ
ਅਮਰੀਕਾ ਪਹਿਲਾਂ ਹੀ ਰੂਸ ਤੋਂ ਤੇਲ ਖਰੀਦ ਨਾਲ ਜੁੜੇ ਮਾਮਲਿਆਂ ਵਿੱਚ ਭਾਰਤੀ ਸਮਾਨ ‘ਤੇ 50 ਫੀਸਦੀ ਤੱਕ ਟੈਰਿਫ ਲਗਾ ਚੁੱਕਾ ਹੈ। ਅਜਿਹੇ ਵਿੱਚ ਜੇ ਇਰਾਨ ਨਾਲ ਵਪਾਰ ਕਰਨ ‘ਤੇ ਅਮਰੀਕਾ ਭਾਰਤ ‘ਤੇ 25 ਫੀਸਦੀ ਵਾਧੂ ਟੈਰਿਫ ਲਗਾਉਂਦਾ ਹੈ, ਤਾਂ ਕੁੱਲ ਟੈਰਿਫ 75 ਫੀਸਦੀ ਤੱਕ ਪਹੁੰਚ ਸਕਦਾ ਹੈ। ਵਾਧੂ ਟੈਰਿਫ ਨਾਲ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਹੋਰ ਵੀ ਪ੍ਰਭਾਵਿਤ ਹੋ ਸਕਦਾ ਹੈ। ਖਾਸ ਗੱਲ ਇਹ ਹੈ ਕਿ ਭਾਰਤ ਅਤੇ ਅਮਰੀਕਾ ਪਿਛਲੇ ਕਈ ਮਹੀਨਿਆਂ ਤੋਂ ਇੱਕ ਅਜਿਹੇ ਸਮਝੌਤੇ ‘ਤੇ ਕੰਮ ਕਰ ਰਹੇ ਹਨ, ਜਿਸ ਨਾਲ ਭਾਰਤ ਨੂੰ ਟੈਰਿਫ ਵਿੱਚ ਰਾਹਤ ਮਿਲ ਸਕੇ।
ਸੁਪਰੀਮ ਕੋਰਟ ਦਾ ਫੈਸਲਾ ਅਹਿਮ
ਇਸ ਪੂਰੇ ਮਾਮਲੇ ‘ਤੇ ਅਮਰੀਕਾ ਦੀ ਸੁਪਰੀਮ ਕੋਰਟ ਦਾ ਇੱਕ ਅਹਿਮ ਫੈਸਲਾ ਵੀ ਆਉਣ ਵਾਲਾ ਹੈ। ਕੋਰਟ ਇਹ ਤੈਅ ਕਰੇਗੀ ਕਿ ਟਰੰਪ ਵੱਲੋਂ ਲਗਾਏ ਗਏ ਗਲੋਬਲ ਟੈਰਿਫ ਕਾਨੂੰਨੀ ਹਨ ਜਾਂ ਨਹੀਂ। ਜੇ ਅਦਾਲਤ ਟਰੰਪ ਦੇ ਖ਼ਿਲਾਫ਼ ਫੈਸਲਾ ਦਿੰਦੀ ਹੈ, ਤਾਂ ਇਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ ਤੇਜ਼ੀ ਨਾਲ ਟੈਰਿਫ ਲਗਾਉਣ ਦੀ ਉਸ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਸੁਪਰੀਮ ਕੋਰਟ ਦਾ ਅਗਲਾ ਫੈਸਲਾ ਬੁੱਧਵਾਰ ਨੂੰ ਆਉਣ ਦੀ ਉਮੀਦ ਹੈ।
ਹੋਰ ਪੜ੍ਹੋ