ਦੀਪਕ ਠਾਕੁਰ
ਤਲਵਾੜਾ, 21 ਜਨਵਰੀ
ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਸੰਧਵਾਲ ’ਚ ਕੱਟੀ ਜਾ ਰਹੀ ਨਾਜਾਇਜ਼ ਕਲੋਨੀ ਦੇ ਮਾਮਲੇ ’ਚ ਭਾਜਪਾ ਵਿਧਾਇਕ ਦੀ ਪਤਨੀ ਦਾ ਨਾਮ ਸਾਹਮਣੇ ਆਇਆ ਹੈ। ਇਹ ਕਲੋਨੀ ਹਾਜੀਪੁਰ-ਮੁਕੇਰੀਆਂ ਮੁੱਖ ਸੜਕ ’ਤੇ ਕੱਟੀ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਦੇ ਚੇਅਰਮੈਨ ਕਿਰਪਾਲ ਸਿੰਘ ਗੇਰਾ ਨੇ ਮੁਕੇਰੀਆਂ ਤੋਂ ਭਾਜਪਾ ਵਿਧਾਇਕ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਜੰਗੀ ਲਾਲ ਮਹਾਜਨ ਹਲ਼ਕੇ ਅੰਦਰ ਗੈਰਕਾਨੂੰਨੀ ਕਲੋਨੀਆਂ ਕੱਟ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਰਹੇ ਹਨ। ਪਿੰਡ ਸੰਧਵਾਲ ’ਚ ਵਿਧਾਇਕ ਆਪਣੀ ਪਤਨੀ ਦੇ ਨਾਂ ’ਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਲੋਨੀ ਦੀ ਉਸਾਰੀ ਕਰ ਰਿਹਾ ਹੈ। ਸਬ ਡਿਵੀਜ਼ਨ ਮੁਕੇਰੀਆਂ ਅੰਦਰ ਮਾਈਨਿੰਗ ਅਤੇ ਫ਼ਲਦਾਰ ਬੂਟਿਆਂ ਦੀ ਕਟਾਈ ’ਤੇ ਰੋਕ ਲੱਗੀ ਹੋਈ ਹੈ ਪਰ ਵਿਧਾਇਕ ਦੇ ਅਸਰ ਰਸੂਖ ਮੂਹਰੇ ਇਹ ਸਭ ਕਾਨੂੰਨ ਬੇਮਾਇਨੇ ਹਨ। ਵਿਧਾਇਕ ਮਹਾਜਨ ਨੇ ਸੰਧਵਾਲ ਵਿੱਚ ਕਥਿਤ ਕਲੌਨੀ ਵਾਲੀ ਜ਼ਮੀਨ ’ਤੇ ਬਿਨਾਂ ਮਨਜ਼ੂਰੀ ਦਰਜਨਾਂ ਅੰਬ ਦੇ ਹਰੇ ਭਰੇ ਬੂਟੇ ਵੱਢੇ ਦਿੱਤੇ ਹਨ, ਉੱਥੇ ਹੀ ਮਾਈਨਿੰਗ ਵਿਭਾਗ ਦੀ ਮਨਜ਼ੂਰੀ ਤੋਂ ਬਗ਼ੈਰ ਜ਼ਮੀਨ ਪੱਧਰੀ ਕਰ ਦਿੱਤੀ ਹੈ।
ਸੁਸਾਇਟੀ ਦੀ ਲਿਖਤੀ ਸ਼ਿਕਾਇਤ ’ਤੇ ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਸਾਲ ਦੀ ਪਹਿਲੀ ਤਰੀਕ ਨੂੰ ਬਿਨਾਂ ਨਾਮ ਕਲੋਨੀਕਾਰ ਦੇ ਨਾਂ ’ਤੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995/ ਪੰਜਾਬ ਰਿਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀਆਂ ਧਾਰਾਵਾਂ ਅਧੀਨ ਕਾਰਵਾਈ ਲਈ ਨੋਟਿਸ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਉਪ ਮੁੱਖ ਇੰਜਨੀਅਰ ਸੰਚਾਲਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ, ਹੁਸ਼ਿਆਰਪੁਰ ਨੂੰ ਉਕਤ ਉਸਾਰੀ ਕਲੋਨੀ ਸਬੰਧੀ ਕੋਈ ਵੀ ਬਿਜਲੀ ਕੁਨੈਕਸ਼ਨ ਜਾਰੀ ਨਾ ਕਰਨ, ਥਾਣਾ ਮੁਖੀ ਹਾਜੀਪੁਰ ਨੂੰ ਉਸਾਰੀ ਅਧੀਨ ਕਲੋਨੀ ਦਾ ਕੰਮ ਬੰਦ ਕਰਵਾਉਣ, ਸਬ ਤਹਿਸਲੀਦਾਰ ਹਾਜੀਪੁਰ ਸਬੰਧਤ ਮਾਲ ਰਿਕਾਰਡ ਭੇਜ ਕੇ ਮਾਮਲਾ ਦਰਜ ਕਰਵਾਉਣ, ਸਬ ਰਜਿਸਟਰਾਰ ਹਾਜੀਪੁਰ ਨੂੰ ਸਬੰਧਤ ਜ਼ਮੀਨ ਦੀ ਕੋਈ ਸੇਲ ਡੀਡ ਰਜਿਸਟਰ ਨਾ ਕਰਨ ਅਤੇ ਜੇਈ ਜਤਿੰਦਰ ਸਿੰਘ ਨੂੰ ਅਣਅਧਿਕਾਰਤ ਕਲੌਨੀ ਦੀ ਸ਼ਨਾਖ਼ਤ ਕਰਕੇ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਸਨ।
ਵਿਧਾਇਕ ਨੇ ਦੋਸ਼ ਨਕਾਰੇ
ਵਿਧਾਇਕ ਜੰਗੀ ਲਾਲ ਮਹਾਜਨ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਕੋਈ ਕਲੋਨੀ ਨਹੀਂ ਕੱਟ ਰਹੇ, ਇਸ ਕਲੋਨੀ ਦੇ ਮਾਲਕ ਉਨ੍ਹਾਂ ਦੀ ਪਤਨੀ ਸ਼ੁਕਲਾ ਮਹਾਜਨ ਹੈ ਜੋ ਆਜ਼ਾਦ ਹਨ ਅਤੇ ਪਿਛਲੇ ਤੀਹ ਸਾਲ ਤੋਂ ਆਮਦਨ ਕਰ ਭਰ ਰਹੇ ਹਨ।