ਨਵੀਂ ਦਿੱਲੀ, 13 ਫਰਵਰੀ
ਇੱਥੇ ਅੱਜ ਕਾਰਜਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ’ਤੇ ਤਨਜ ਕੱਸਦਿਆਂ ਕਿਹਾ ਕਿ ਭਾਜਪਾ ਰਾਜਧਾਨੀ ਨੂੰ ਉੱਤਰ ਪ੍ਰਦੇਸ਼ ਬਣਾ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਵਿੱਚ ਸੱਤਾ ਖ਼ਤਮ ਹੋਣ ਤੋਂ ਤਿੰਨ ਦਿਨ ਬਾਅਦ ਹੀ ਦਿੱਲੀ ਵਿੱਚ ਬਿਜਲੀ ਕਟੌਤੀ ਦੀ ਸਮੱਸਿਆ ਸ਼ੁਰੂ ਹੋ ਗਈ ਹੈ।
‘ਆਪ’ ਦੀ ਸੀਨੀਅਰ ਆਗੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਨੂੰ ਉੱਤਰ ਪ੍ਰਦੇਸ਼ ਬਣਾਉਣਾ ਚਾਹੁੰਦੀ ਹੈ, ਜਿਸ ਦੀ ਘੰਟਿਆਂਬੱਧੀ ਬਿਜਲੀ ਕਟੌਤੀ ਕਾਰਨ ਵੱਖਰੀ ਪਛਾਣ ਬਣੀ ਹੋਈ ਹੈ ਅਤੇ ਹੁਣ ਵੀ ਉਥੇ ਇਸ ਸਮੱਸਿਆ ਸਬੰਧੀ ਕੋਈ ਰਾਹਤ ਨਹੀਂ ਮਿਲ ਸਕੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਰਾਜਧਾਨੀ ਵਿੱਚ ‘ਆਪ’ ਦੇ ਸੱਤਾ ਤੋਂ ਬਾਹਰ ਹੋਣ ਮਗਰੋਂ ਤਿੰਨ ਦਿਨਾਂ ਦੇ ਅੰਦਰ ਹੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ 40 ਤੋਂ ਵੱਧ ਵਾਰ ਬਿਜਲੀ ਗੁੱਲ ਹੋਣ ਦੀਆਂ ਖ਼ਬਰਾਂ ਆਈਆਂ ਹਨ। ਹੁਣ ਲੋਕਾਂ ਨੇ ਇਨਵਰਟਰ ਖਰੀਦਣੇ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਬਿਜਲੀ ਸਪਲਾਈ ’ਤੇ ਲਗਾਤਾਰ ਨਿਗਰਾਨੀ ਰੱਖੀ ਜਾਂਦੀ ਸੀ, ਜੋ ਹੁਣ ਭਾਜਪਾ ਦੇ ਸੱਤਾ ਵਿੱਚ ਆਉਣ ਮਗਰੋਂ ਤਿੰਨ ਦਿਨਾਂ ਵਿੱਚ ਹੀ ਸਮਾਪਤ ਹੋ ਹੋ ਗਈ ਹੈ। ਆਤਿਸ਼ੀ ਨੇ ਦੋਸ਼ ਲਗਾਇਆ ਕਿ ਭਾਜਪਾ ਨੂੰ ਸੱਤਾ ਚਲਾਉਣੀ ਨਹੀਂ ਆਉਂਦੀ ਅਤੇ ਉਹ ਉੱਤਰ ਪ੍ਰਦੇਸ਼ ਵਾਂਗ ਰਾਜਧਾਨੀ ਵਿੱਚ ਵੀ ਲੰਬੇ ਸਮੇਂ ਤੱਕ ਬਿਜਲੀ ਗੁੱਲ ਦੀ ਸਥਿਤੀ ਪੈਦਾ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਭਾਜਪਾ ਨੇ ਪੰਜ ਫਰਵਰੀ ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਇਆ ਸੀ ਅਤੇ ਉਸ ਤੋਂ ਸੱਤਾ ਖੋਹ ਲਈ ਸੀ।
ਭਾਜਪਾ ਨੇ 70 ਵਿਧਾਨ ਸਭਾ ਸੀਟਾਂ ਵਿੱਚੋਂ 48 ’ਤੇ ਜਿੱਤ ਦਰਜ ਕਰਕੇ 26 ਸਾਲ ਬਾਅਦ ਦਿੱਲੀ ਵਿੱਚ ਸੱਤਾ ’ਤੇ ਕਬਜ਼ਾ ਕੀਤਾ ਹੈ ਪਰ ਪਾਰਟੀ ਅਜੇ ਤੱਕ ਰਾਜਧਾਨੀ ਨੂੰ ਆਪਣਾ ਮੁੱਖ ਮੰਤਰੀ ਨਹੀਂ ਦੇ ਸਕੀ। -ਪੀਟੀਆਈ
The post ਭਾਜਪਾ ਦਿੱਲੀ ਨੂੰ ਉੱਤਰ ਪ੍ਰਦੇਸ਼ ਬਣਾ ਦੇਵੇਗੀ: ਆਤਿਸ਼ੀ appeared first on Punjabi Tribune.