ਬੰਗਲਾਦੇਸ਼ ਸਰਕਾਰ ਨੇ ਇਕ ਹੈਰਾਨ ਕਦਮ ਚੁੱਕਦਿਆਂ ਦੇਸ਼ ਵਿੱਚ ਇੰਡੀਆਨ ਪ੍ਰੀਮੀਅਰ ਲੀਗ (IPL) ਦੇ ਸਾਰੇ ਮੈਚਾਂ ਦੇ ਪ੍ਰਸਾਰਣ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਹੈ। ਇਹ ਫ਼ੈਸਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨਾਲ ਜੁੜੇ ਵਿਵਾਦ ਤੋਂ ਬਾਅਦ ਲਿਆ ਗਿਆ ਹੈ। ਇਸ ਫ਼ੈਸਲੇ ਨੇ ਨਾ ਸਿਰਫ਼ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ, ਸਗੋਂ ਭਾਰਤ-ਬੰਗਲਾਦੇਸ਼ ਕ੍ਰਿਕਟ ਸੰਬੰਧਾਂ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ।
ਇਸ ਖਿਡਾਰੀ ਨੂੰ ਰਿਲੀਜ਼ ਕਰਨ ਤੋਂ ਬਾਅਦ ਵੱਧੀ ਨਾਰਾਜ਼ਗੀ
ਅਸਲ ਵਿੱਚ, ਬੀਸੀਸੀਆਈ ਨੇ IPL 2026 ਸੀਜ਼ਨ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਮੁਸਤਾਫਿਜ਼ੁਰ ਰਹਿਮਾਨ ਨੂੰ ਰਿਲੀਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਹ ਕੇਕੇਆਰ ਲਈ ਇੱਕ ਮਹੱਤਵਪੂਰਣ ਖਿਡਾਰੀ ਮੰਨੇ ਜਾ ਰਹੇ ਸਨ। ਹਾਲਾਂਕਿ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤੇ ਜਾਣ ਨਾਲ ਬੰਗਲਾਦੇਸ਼ ਵਿੱਚ ਨਾਰਾਜ਼ਗੀ ਫੈਲ ਗਈ। ਉੱਥੇ ਇਸਨੂੰ ਸਿਰਫ਼ ਖੇਡ ਨਾਲ ਜੁੜਿਆ ਫ਼ੈਸਲਾ ਨਹੀਂ, ਬਲਕਿ ਦੇਸ਼ ਦੇ ਸਨਮਾਨ ਨਾਲ ਜੁੜਿਆ ਮਸਲਾ ਮੰਨਿਆ ਜਾ ਰਿਹਾ ਹੈ।
ਬੰਗਲਾਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਕਿਹਾ ਗਿਆ ਹੈ “ਇਸ ਮਾਮਲੇ ਸਬੰਧੀ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਇੰਡੀਆਨ ਪ੍ਰੀਮੀਅਰ ਲੀਗ (IPL) ਕ੍ਰਿਕਟ ਟੂਰਨਾਮੈਂਟ — ਜੋ ਕਿ 26 ਮਾਰਚ 2026 ਤੋਂ ਆਯੋਜਿਤ ਕੀਤਾ ਜਾਣਾ ਹੈ — ਲਈ ਕੋਲਕਾਤਾ ਨਾਈਟ ਰਾਈਡਰਜ਼ ਟੀਮ ਤੋਂ ਬੰਗਲਾਦੇਸ਼ ਦੇ ਸਟਾਰ ਖਿਡਾਰੀ ਸ਼੍ਰੀ ਮੁਸਤਾਫਿਜ਼ੁਰ ਰਹਿਮਾਨ ਨੂੰ ਬਾਹਰ ਕਰਨ ਸਬੰਧੀ ਇੱਕ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ ਦੇ ਇਸ ਫ਼ੈਸਲੇ ਪਿੱਛੇ ਕੋਈ ਵੀ ਕਾਰਨ ਨਹੀਂ ਦਿੱਤਾ ਗਿਆ ਹੈ।
ਇਸ ਫ਼ੈਸਲੇ ਨਾਲ ਬੰਗਲਾਦੇਸ਼ ਦੀ ਜਨਤਾ ਆਹਤ ਅਤੇ ਦੁਖੀ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ, ਅਗਲੇ ਹੁਕਮਾਂ ਤੱਕ ਨਿਰਦੇਸ਼ਾਂ ਅਨੁਸਾਰ ਇੰਡੀਆਨ ਪ੍ਰੀਮੀਅਰ ਲੀਗ (IPL) ਦੇ ਸਾਰੇ ਮੈਚਾਂ ਅਤੇ ਕਾਰਜਕ੍ਰਮਾਂ ਦੇ ਪ੍ਰਸਾਰਣ/ਟੈਲੀਕਾਸਟ ‘ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਜਾਂਦੇ ਹਨ।”
ਟੀ20 ਵਰਲਡ ਕੱਪ ‘ਤੇ ਵੀ ਪੈ ਸਕਦਾ ਹੈ ਅਸਰ
ਮੁਸਤਾਫਿਜ਼ੁਰ ਰਹਿਮਾਨ ਨਾਲ ਜੁੜਿਆ ਵਿਵਾਦ ਹੁਣ ਸਿਰਫ਼ IPL ਤੱਕ ਸੀਮਿਤ ਨਹੀਂ ਰਿਹਾ। ਇਸਦਾ ਅਸਰ ਅੰਤਰਰਾਸ਼ਟਰੀ ਕ੍ਰਿਕਟ ‘ਤੇ ਵੀ ਨਜ਼ਰ ਆਉਣ ਲੱਗਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ 2026 ਟੀ20 ਵਰਲਡ ਕੱਪ ਦੌਰਾਨ ਭਾਰਤ ਵਿੱਚ ਹੋਣ ਵਾਲੇ ਉਸਦੇ ਮੈਚ ਸ਼੍ਰੀਲੰਕਾ ਸ਼ਿਫ਼ਟ ਕੀਤੇ ਜਾਣ।
BCB ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਭਾਰਤ ਵਿੱਚ ਖਿਡਾਰੀਆਂ ਦੀ ਸੁਰੱਖਿਆ ਅਤੇ ਨਿਰਪੱਖਤਾ ਨੂੰ ਲੈ ਕੇ ਭਰੋਸਾ ਨਹੀਂ ਰਿਹਾ। ਦੱਸਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਫ਼ਰਵਰੀ 2026 ਵਿੱਚ ਹੋਣ ਵਾਲੇ ਟੀ20 ਵਰਲਡ ਕੱਪ ਲਈ ਆਪਣੀ ਟੀਮ ਭਾਰਤ ਨਹੀਂ ਭੇਜੇਗਾ। ਜੇਕਰ ਇਹ ਫ਼ੈਸਲਾ ਲਾਗੂ ਹੁੰਦਾ ਹੈ ਤਾਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਕ੍ਰਿਕਟ ਸੰਬੰਧਾਂ ਵਿੱਚ ਵੱਡੀ ਦਰਾਰ ਪੈ ਸਕਦੀ ਹੈ।
ਹੋਰ ਪੜ੍ਹੋ