ਪੱਤਰ ਪ੍ਰੇਰਕ
ਬਠਿੰਡਾ, 6 ਅਪਰੈਲ
ਬਠਿੰਡਾ ਰੇਲਵੇ ਸਟੇਸ਼ਨ ’ਤੇ ਲੰਘੀ ਰਾਤ ਇੱਕ ਰੇਲਗੱਡੀ ਦੇ ਪਖਾਨੇ ਵਿੱਚੋੋਂ ਲਾਸ਼ ਮਿਲੀ ਹੈ। ਲੰਘੀ ਰਾਤ ਲਗਪਗ ਇੱਕ ਵਜੇ ਦਿੱਲੀ ਤੋਂ ਆ ਰਹੀ ਸੁਰਾਏ ਰੋਹਲਾ ਐਕਸਪ੍ਰੈੱਸ ਜਦੋਂ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ’ਤੇ ਰੁਕੀ, ਤਾਂ ਇੱਕ ਬੋਗੀ ਦੇ ਪਖਾਨੇ ਵਿੱਚੋਂ ਯਾਤਰੀ ਦੀ ਲਾਸ਼ ਮਿਲੀ। ਜੀਆਰਪੀ (ਜਰਨਲ ਰੇਲਵੇ ਪੁਲੀਸ) ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਹਾਰਾ ਜਨ ਸੇਵਾ ਮੁੱਖ ਦਫਤਰ ਨੂੰ ਸੂਚਿਤ ਕੀਤਾ ਗਿਆ। ਇਸ ਦੌਰਾਨ ਵਿੱਕੀ ਕੁਮਾਰ ਦੀ ਅਗਵਾਈ ਹੇਠ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ। ਟੀਮ ਨੇ ਪਖਾਨੇ ਵਿੱਚੋਂ ਲਾਸ਼ ਬਾਹਰ ਕੱਢੀ। \
ਜੀਆਰਪੀ ਅਧਿਕਾਰੀਆਂ ਨੇ ਮੌਕੇ ’ਤੇ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਵੀ ਸ਼ਨਾਖਤੀ ਦਸਤਾਵੇਜ਼ ਨਹੀਂ ਮਿਲਿਆ। ਇਸ ਕਰਕੇ ਮ੍ਰਿਤਕ ਦੀ ਪਛਾਣ ਤੁਰੰਤ ਨਹੀਂ ਹੋ ਸਕੀ। ਸਹਾਰਾ ਟੀਮ ਵੱਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਗਿਆ ਹੈ ਜਿੱਥੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਪਛਾਣ ਲਈ ਯਤਨ ਜਾਰੀ ਹਨ।