ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 24 ਜੁਲਾਈ
ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਦੀ ਮੁਹਾਲੀ ਬਰਾਂਚ ਵੱਲੋਂ ਇੱਥੇ ਸਿਹਤ ਭਵਨ ਫੇਜ਼-3ਏ ਵਿੱਚ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਆਗੂਆਂ, ਵਾਲੰਟੀਅਰਾਂ, ਸੰਸਥਾਵਾਂ ਅਤੇ ਕਾਲਜਾਂ ਦੇ ਅਧਿਕਾਰੀ ਸ਼ਾਮਲ ਹੋਏ। ਸੰਸਥਾ ਦੀ ਮੈਂਬਰ ਡਾ. ਵੀਨਾ ਗੁਪਤਾ ਨੇ ਕਿਹਾ ਕਿ ਸੰਨ 1949 ਵਿੱਚ ਮੁੰਬਈ ਵਿੱਚ ਆਪਣਾ ਕੰਮ ਸਾਧਾਰਨ ਤਰੀਕੇ ਨਾਲ ਸ਼ੁਰੂ ਕਰਨ ਵਾਲੀ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ ਇੰਡੀਆ ਹੁਣ ਇੱਕ ਪ੍ਰਮੁੱਖ ਕੌਮੀ ਸੰਸਥਾ ਦੇ ਰੂਪ ਵਿੱਚ ਵਿਕਸਿਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਮੁਹਾਲੀ ਬਰਾਂਚ ਵੱਲੋਂ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਝੁੱਗੀਆਂ ਵਿੱਚ ਸਿੱਖਿਆ ਤੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਮੁਹਾਲੀ ਬਰਾਂਚ ਦੇ ਮੁਖੀ ਵਿਨੋਦ ਕਪੂਰ ਨੇ ਸੀਨੀਅਰ ਵਾਲੰਟੀਅਰਾਂ ਅਤੇ ਸਟਾਫ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸਨਮਾਨਿਆ। ਸੰਸਥਾ ਦੇ ਨਿਗਰਾਨ ਤੇ ਮੁਲਾਂਕਣ ਅਫ਼ਸਰ ਹਰਿੰਦਰ ਪਾਲ ਸਿੰਘ ਨੇ ਮੁਹਾਲੀ ਬਰਾਂਚ ਦੇ ਇਤਿਹਾਸ ਅਤੇ ਬਰਾਂਚ ਦੀ ਸਥਾਪਨਾ ਵਿੱਚ ਵਲੰਟੀਅਰਾਂ ਦੀ ਭੂਮਿਕਾ ਬਾਰੇ ਦੱਸਿਆ। ਇਸ ਦੌਰਾਨ ਯੂਥ ਵਲੰਟੀਅਰਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਬੂਟੇ ਵੀ ਲਗਾਏ। ਇਸ ਮੌਕੇ ਸੰਸਥਾ ਦੀ ਮੈਂਬਰ ਡਾ. ਮੋਨਿਤਾ ਮਾਗੋ, ਬ੍ਰਾਂਚ ਮੈਨੇਜਰ ਰਾਜੇਸ਼ ਕੁਮਾਰ, ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਸ਼ ਬਾਲਾ ਨੇ ਵੀ ਸੰਬੋਧਨ ਕੀਤਾ।