ਜਗਮੋਹਨ ਸਿੰਘ
ਰੂਪਨਗਰ, 21 ਜੂਨ
ਅੱਜ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਇਥੇ ਸਰਕਾਰੀ ਕਾਲਜ ਰੂਪਨਗਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਦੀ ਅਗਵਾਈ ਹੇਠ ਨਹਿਰੂ ਯੁਵਾ ਕੇਂਦਰ ਰੂਪਨਗਰ ਵੱਲੋਂ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਗਿਆ। ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਇਸ ਯੋਗ ਦਿਵਸ ਮੌਕੇ 700 ਦੇ ਕਰੀਬ ਵਿਅਕਤੀਆਂ ਨੇ ਇਕੱਠਿਆਂ ਯੋਗ ਅਭਿਆਸ ਕੀਤਾ। ਇਸ ਮੌਕੇ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਦੇ ਡਾ. ਵਰਿੰਦਰ ਵੱਲੋਂ ਵੱਖ ਵੱਖ ਤਰ੍ਹਾਂ ਦੇ ਯੋਗ ਆਸਨ ਕਰਵਾਏ ਗਏ। ਇਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਆਪਣੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਮਨੁੱਖ ਨੂੰ ਆਪਣੇ ਰੁਝੇਵਿਆਂ ਵਿੱਚੋਂ ਰੋਜ਼ਾਨਾ ਕੁੱਝ ਸਮਾਂ ਯੋਗ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਆਨਲਾਈਨ ਸੰਬੋਧਨ ਤੋਂ ਬਾਅਦ ਸ਼ੁਰੂ ਹੋਏ ਯੋਗ ਕਿਰਿਆਵਾਂ ਦੇ ਦੌਰਾਨ ਸਮਾਗਮ ਵਿੱਚ ਸ਼ਾਮਿਲ ਨਿਧੀ ਕੁਮਦ ਬਾਂਬਾ ਏਡੀਸੀ ਜਨਰਲ ਰੂਪਨਗਰ, ਜਸਵੀਰ ਸਿੰਘ ਐੱਸਡੀਐੱਮ ਰੂਪਨਗਰ, ਜਸਪ੍ਰੀਤ ਸਿੰਘ ਤਹਿਸੀਲਦਾਰ ਰੂਪਨਗਰ, ਡੀਪੀਆਰਓ ਕਰਨ ਮਹਿਤਾ, ਸੰਤੋਸ਼, ਪੰਕਜ ਯਾਦਵ ਜ਼ਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਰੂਪਨਗਰ, ਕਾਰਜਸਾਧਕ ਅਫਸਰ ਭਜਨ ਚੰਦ, ਨੈਸ਼ਨਲ ਅਵਾਰਡੀ ਯੋਗੇਸ਼ ਮੋਹਨ ਪੰਕਜ ਸਮੇਤ ਵੱਖ ਵੱਖ ਕਲੱਬਾਂ, ਸਰਕਾਰੀ ਵਿਭਾਗਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਤੇ ਸਟਾਫ ਨੇ ਵੱਖ ਵੱਖ ਤਰ੍ਹਾਂ ਦੇ ਯੋਗ ਆਸਨ ਕੀਤੇ। ਜੰਗਲਾਤ ਵਿਭਾਗ ਵੱਲੋਂ ਸ਼ਾਮਲ ਵਿਅਕਤੀਆਂ ਨੂੰ ਪੌਦੇ ਭੇਟ ਕੀਤੇ ਗਏ।