ਪੰਜਾਬ ਦੀ ਸਿਆਸਤ ‘ਚ ਵੱਡਾ ਭੂਚਾਲ! ‘ਵਾਰਿਸ ਪੰਜਾਬ ਦੇ’ ਦਾ ਨਵਾਂ ਪੈਂਤੜਾ

Must read


Punjab News: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣ ਸਕਦੇ ਹਨ। ਅਕਾਲੀ ਦਲ ਬਾਦਲ ਤੇ ਬੀਜੇਪੀ ਵਿਚਾਲੇ ਗੱਠਜੋੜ ਦੇ ਬਰਾਬਰ ਇੱਕ ਹੋਰ ਗੱਠਜੋੜ ਦੀਆਂ ਖਬਰਾਂ ਆ ਰਹੀਆਂ ਹਨ। ਇਹ ਗੱਠਜੋੜ ਅਕਾਲੀ ਦਲ ‘ਵਾਰਿਸ ਪੰਜਾਬ ਦੇ’,  ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਿਚਾਲੇ ਹੋ ਸਕਦਾ ਹੈ। ਬੇਸ਼ੱਕ ਇਸ ਬਾਰੇ ਅਜੇ ਕਿਸੇ ਵੀ ਧਿਰ ਨੇ ਪੁਸ਼ਟੀ ਨਹੀਂ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਅੰਦਰ-ਖਾਤੇ ਸਭ ਕੁਝ ਤੈਅ ਹੋ ਚੁੱਕਾ ਹੈ। 

ਸੂਤਰਾਂ ਮੁਤਾਬਕ ਇਸ ਬਾਰੇ ਫਰੀਦਕੋਟ ਵਿੱਚ ਵਾਰਿਸ ਪੰਜਾਬ ਦੇ ਆਗੂਆਂ ਦੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਨਾਲ ਮੀਟਿੰਗ ਹੋਈ ਹੈ। ਮੀਟਿੰਗ ਵਿੱਚ ਆਗਾਮੀ ਚੋਣਾਂ ਵਿੱਚ ਇਕੱਠਿਆਂ ਉਤਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਇਸ ਬਾਰੇ ਸਹਿਮਤੀ ਬਣ ਗਈ ਹੈ। ਗੱਠਜੋੜ ਦਾ ਰਸਮੀ ਐਲਾਨ ਫਿਲੌਰ ਵਿੱਚ 26 ਨਵੰਬਰ ਨੂੰ ਹੋਣ ਵਾਲੀ ਬਸਪਾ ਦੀ ਰੈਲੀ ਵਿੱਚ ਹੋ ਸਕਦਾ ਹੈ।

ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਤਿੰਨ ਸਾਲਾਂ ਬਾਅਦ ਪੰਜਾਬ ਫੇਰੀ ਮਗਰੋਂ ਨੌਜਵਾਨਾਂ ਦਾ ਝੁਕਾਅ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲ ਹੋਣ ਲੱਗਾ ਹੈ। ਬਦਲਦੀ ਸਿਆਸੀ ਹਵਾ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਬਸਪਾ ਤੇ ਕੁਝ ਹੋਰ ਧਿਰਾਂ ਗੱਠਜੋੜ ਦੀ ਤਿਆਰੀ ਕਰਨ ਲੱਗੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਗੱਠਜੋੜ ਅਕਾਲੀ ਦਲ ‘ਵਾਰਿਸ ਪੰਜਾਬ ਦੇ’,  ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਬਸਪਾ ਵਿਚਾਲੇ ਹੋਏਗਾ ਪਰ ਬਾਅਦ ਵਿੱਚ ਕੁਝ ਹੋਰ ਧੜੇ ਵੀ ਗੱਠਜੋੜ ਨਾਲ ਜੁੜ ਸਕਦੇ ਹਨ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਦਰਅਸਲ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਨੌਜਵਾਨਾਂ ਵਿੱਚ ਤੇਜ਼ੀ ਨਾਲ ਆਧਾਰ ਬਣ ਰਿਹਾ ਹੈ। ਇਸ ਤੋਂ ਇਲਾਵਾ ਪੰਥਕ ਤੇ ਗਰਮਖਿਆਲੀ ਸੋਚ ਰੱਖਣ ਵਾਲੇ ਲੋਕ ਵੀ ਪਾਰਟੀ ਨਾਲ ਜੁੜ ਰਹੇ ਹਨ। ਦੂਜੇ ਪਾਸੇ ਬਸਪਾ ਦਾ ਦਲਿਤ ਭਾਈਚਾਰੇ ਵਿੱਚ ਚੰਗਾ ਆਧਾਰ ਹੈ। ਬਸਪਾ ਅਜੇ ਵੀ ਦੁਆਬੇ ਵਿੱਚ ਦਬਦਬਾ ਰੱਖਦੀ ਹੈ। ਇਸ ਤੋਂ ਇਲਾਵਾ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਅਕਾਲੀ ਦਲ ਬਾਦਲ ਤੋਂ ਖਫਾ ਸੀਨੀਅਰ ਲੀਡਰਸ਼ਿਪ ਹੈ ਜਿਸ ਦਾ ਸਿੱਖ ਵੋਟਰਾਂ ਵਿੱਚ ਚੰਗਾ ਆਧਾਰ ਹੈ।



News Source link

- Advertisement -

More articles

- Advertisement -

Latest article