ਪੰਜਾਬੀ ਵਿਦਵਾਨ ਪ੍ਰੋ. ਰਵਿੰਦਰ ਸਿੰਘ ਨਾਲ ਰੂਬਰੂ

Must read


ਹਰਦਮ ਮਾਨ

ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਭਾਰਤ ਤੋਂ ਆਏ ਪੰਜਾਬੀ ਆਲੋਚਕ ਅਤੇ ਦਿਆਲ ਸਿੰਘ ਕਾਲਜ (ਦਿੱਲੀ ਯੂਨੀਵਰਸਿਟੀ) ਦੇ ਪ੍ਰੋਫੈਸਰ ਰਵਿੰਦਰ ਸਿੰਘ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਪ੍ਰੋ. ਰਵਿੰਦਰ ਸਿੰਘ ਨੇ ਪੰਜਾਬੀ ਸਾਹਿਤ ਦੇ ਵਿਚਾਰਧਾਰਕ ਪੱਖ, ਰਾਜਨੀਤਕ ਸੁਰ, ਗੁਰਬਾਣੀ, ਪੰਜਾਬ, ਪਰਵਾਸੀ ਪੰਜਾਬ ਅਤੇ ਪੰਜਾਬੀਅਤ ਬਾਰੇ ਵਿਸਥਾਰ ਵਿੱਚ ਅਹਿਮ ਪਹਿਲੂਆਂ ਉੱਪਰ ਆਪਣਾ ਨਜ਼ਰੀਆ ਪੇਸ਼ ਕੀਤਾ।

ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਵੈਨਕੂਵਰ ਵਿਚਾਰ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਪ੍ਰੋ. ਰਵਿੰਦਰ ਸਿੰਘ, ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਅਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦਿਆਂ ਪ੍ਰੋ. ਰਵਿੰਦਰ ਸਿੰਘ ਬਾਰੇ ਸੰਖੇਪ ਜਾਣਕਾਰੀ ਦਿੱਤੀ। ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੀ ਸਥਾਪਨਾ ਅਤੇ ਉਦੇਸ਼ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਆ ਕੇ ਕੋਈ ਵੀ ਸਾਹਿਤਕਾਰ, ਵਿਦਵਾਨ, ਕਲਾਕਾਰ, ਸਮਾਜ ਸੇਵੀ, ਪੱਤਰਕਾਰ ਆਪਣੀ ਵਿਚਾਰਧਾਰਾ ਦਾ ਪ੍ਰਗਟਾਵਾ ਨਿਰਸੰਕੋਚ ਕਰ ਸਕਦਾ ਹੈ।

ਪ੍ਰੋ. ਰਵਿੰਦਰ ਸਿੰਘ ਨੇ ਇੰਡੀਅਨ ਇੰਸਟੀਚਿਊਟ ਆਫ ਅਡਵਾਂਸਡ ਸਟੱਡੀ ਸ਼ਿਮਲਾ ਵਿਖੇ ਆਪਣੀ ਮੌਜੂਦਾ ਜ਼ਿੰਮੇਵਾਰੀ ਬਾਰੇ ਦੱਸਣ ਤੋਂ ਬਾਅਦ ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਕਿਹਾ ਕਿ ਅਜੋਕਾ ਪੰਜਾਬੀ ਸਾਹਿਤ ਮੁੱਢਲੇ ਤੌਰ ’ਤੇ ਰਾਜਨੀਤੀ ਤੋਂ ਪ੍ਰਭਾਵਿਤ ਹੈ ਅਤੇ ਇਸ ਵਿੱਚੋਂ ਵਿਚਾਰਧਾਰਕ ਪੱਖ ਛੁੱਟ ਰਿਹਾ ਹੈ। ਅੱਜ ਦਾ ਸਾਹਿਤ ਆਮ ਲੋਕਾਂ ਤੋਂ ਦੂਰ ਹੋ ਰਿਹਾ ਹੈ, ਪਰ ਲੇਖਕਾਂ ਨੂੰ ਇਸ ਦਾ ਅਹਿਸਾਸ ਪੂਰੀ ਤਰ੍ਹਾਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਕਿਸੇ ਵੀ ਸਾਹਿਤਕ ਰਚਨਾ ਨੂੰ ਕਿਸੇ ਵਿਸ਼ੇਸ਼ ਵਿਚਾਰਧਾਰਾ ਤਹਿਤ ਵਾਚਦੇ ਹਾਂ ਜਾਂ ਕਿਸੇ ਖਾਸ ਤੇ ਇਕਹਿਰੇ ਨਜ਼ਰੀਏ ਨਾਲ ਪੜ੍ਹਦੇ ਹਾਂ ਤਾਂ ਉਹ ਰਚਨਾ ਇੱਕ ਦਾਇਰੇ ਵਿੱਚ ਸਿਮਟ ਕੇ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਹਿਤ ਦੀ ਰਚਨਾ ਭਾਵੇਂ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਜਾਂ ਵਿਦੇਸ਼ਾਂ ਵਿੱਚ ਹੋ ਰਹੀ ਹੈ, ਪਰ ਉਸ ਵਿਚਲਾ ਪੰਜਾਬੀ ਖਾਸਾ ਇੱਕੋ ਹੀ ਹੈ। ਉਨ੍ਹਾਂ ਨਵੀਂ ਪੀੜ੍ਹੀ ਵੱਲੋਂ ਬਹੁਤ ਘੱਟ ਸਾਹਿਤ ਲਿਖਣ ਦੀ ਗੱਲ ਵੀ ਕਹੀ।

ਪ੍ਰੋ. ਰਵਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ ਵਿੱਚ ਬੈਠ ਕੇ ਪੰਜਾਬ ਬਾਰੇ ਚਿੰਤਾ ਹੋਣੀ ਜ਼ਰੂਰੀ ਤਾਂ ਹੈ, ਪਰ ਬਾਹਰ ਬੈਠ ਕੇ ਅਸੀਂ ਕੁਝ ਨਹੀਂ ਕਰ ਸਕਦੇ, ਕਰਨਾ ਤਾਂ ਉਨ੍ਹਾਂ ਲੋਕਾਂ ਨੇ ਹੀ ਹੈ ਜੋ ਪੰਜਾਬ ਵਿੱਚ ਬੈਠੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਜਾਂ ਸੋਸ਼ਲ ਮੀਡੀਆ ਰਾਹੀਂ ਕਿਸੇ ਇੱਕ ਧਿਰ ਦੇ ਵਿਚਾਰ ਜਾਂ ਪੱਖ ਸੁਣ ਕੇ ਉਸ ਨੂੰ ਹੀ ਸੱਚ ਨਹੀਂ ਮੰਨ ਲੈਣਾ ਚਾਹੀਦਾ ਸਗੋਂ ਵਿਵਾਦ ਪੂਰਨ ਮਸਲਿਆਂ ਬਾਰੇ ਵੱਖ ਵੱਖ ਸਰੋਤਾਂ ਤੋਂ ਸਾਰੀਆਂ ਧਿਰਾਂ ਦਾ ਪੱਖ ਜਾਣ ਕੇ ਹੀ ਆਪਣੀ ਕੋਈ ਸੋਚ ਨਿਰਧਾਰਤ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜਨੀਤਕ ਸੋਚ ਲੈ ਕੇ ਵਿਦੇਸ਼ਾਂ ਵਿੱਚ ਆ ਰਹੇ ਕੁਝ ਲੋਕ ਪੰਜਾਬ ਅਤੇ ਭਾਰਤ ਬਾਰੇ ਜੋ ਨਾਂਹ ਪੱਖੀ ਗੱਲਾਂ ਕਰਦੇ ਹਨ, ਉਹ ਕਰ ਤਾਂ ਕੁਝ ਨਹੀਂ ਸਕਦੇ, ਪਰ ਬਾਹਰ ਬੈਠੇ ਪੰਜਾਬੀ ਭਾਈਚਾਰੇ ਵਿੱਚ ਘਬਰਾਹਟ ਜ਼ਰੂਰ ਪੈਦਾ ਕਰ ਰਹੇ ਹਨ ਅਤੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾ ਰਹੇ ਹਨ। ਪਿਛਲੇ ਸਮੇਂ ਵਿੱਚ ਸੋਸ਼ਲ ਮੀਡੀਆ ਉੱਪਰ ਦਰਸਾਈਆਂ ਗਈਆਂ ਕੁਝ ਚੀਜ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਦਾ ਪੰਜਾਬ ਅਤੇ ਖਾਸ ਕਰ ਕੇ ਦਿੱਲੀ ’ਤੇ ਬਹੁਤ ਅਸਰ ਪੈਂਦਾ ਹੈ ਅਤੇ ਫਿਰ ਉਨ੍ਹਾਂ ਦੇ ਜਵਾਬ ਵਿੱਚ ਉੱਧਰੋਂ ਅਜਿਹਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਏਹੀ ਹੈ ਕਿ ਬਾਹਰ ਬੈਠੇ ਪੰਜਾਬੀ ਆਪਣੇ ਪਰਵਾਸੀ ਪੰਜਾਬ ਬਾਰੇ, ਪਰਵਾਸੀ ਜੀਵਨ ਕਲਚਰ, ਸਮੱਸਿਆਵਾਂ ਤੇ ਮੰਗਾਂ ਸੰਵਾਦ ਰਚਾਉਣ।

ਇਸ ਮੌਕੇ ਉਨ੍ਹਾਂ ਦੀ ਸੁਪਤਨੀ ਗੁਰਜੀਤ ਕੌਰ ਨੇ ਕਿਹਾ ਕਿ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਪੰਜਾਬ ਤੋਂ, ਭਾਰਤ ਤੋਂ ਆਏ ਹਾਂ, ਜਾਣਾ ਵੀ ਉੱਥੇ ਚਾਹੁੰਦੇ ਹਾਂ, ਸਾਡੀ ਸੋਚ ਵੀ ਉੱਥੇ ਜੁੜੀ ਹੋਈ ਹੈ, ਉਸ ਮਿੱਟੀ ਨਾਲ ਸਾਨੂੰ ਮੋਹ ਪਿਆਰ ਵੀ ਹੈ ਅਤੇ ਅਸੀਂ ਇਹ ਵੀ ਭੁੱਲ ਨਹੀਂ ਸਕਦੇ ਕਿ ਉਸ ਧਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਪਰ ਫੇਰ ਵੀ ਉੱਥੋਂ ਬਾਰੇ ਅਸੀਂ ਨਾਂਹ ਪੱਖੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਾਂ। ਕੀ ਸਾਨੂੰ ਆਪਣੀ ਜਨਮ ਭੋਇੰ ਨੂੰ ਕੁਝ ਵਾਪਸ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ?

ਇਸ ਰੂਬਰੂ ਪ੍ਰੋਗਰਾਮ ਸਮੇਂ ਡਾ. ਹਰਜੀਤ ਕੌਰ ਖਹਿਰਾ, ਸਤੀਸ਼ ਗੁਲਾਟੀ ਤੇ ਮੋਹਨ ਗਿੱਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਮੰਚ ਦੇ ਸਰਪ੍ਰਸਤ ਅਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਅੰਤ ਵਿੱਚ ਪ੍ਰੋ. ਰਵਿੰਦਰ ਸਿੰਘ ਅਤੇ ਸਭਨਾਂ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਰੂਬਰੂ ਪ੍ਰੋਗਰਾਮ ਵਿੱਚ ਡਾ. ਸੁਖਵਿੰਦਰ ਸਿੰਘ ਸੇਖੋਂ, ਲਖਵਿੰਦਰ ਸਿੰਘ ਜੌਹਲ, ਕੁਲਦੀਪ ਮਿਨਹਾਸ ਅਤੇ ਪੱਤਰਕਾਰ ਬਖਸ਼ਿੰਦਰ ਵੀ ਮੌਜੂਦ ਸਨ।
ਸੰਪਰਕ: +1 604 308 6663



News Source link
#ਪਜਬ #ਵਦਵਨ #ਪਰ #ਰਵਦਰ #ਸਘ #ਨਲ #ਰਬਰ

- Advertisement -

More articles

- Advertisement -

Latest article