ਪੱਤਰ ਪ੍ਰੇਰਕ
ਕੁਰੂਕਸ਼ੇਤਰ, 2 ਜੂਨ
ਇੱਥੋਂ ਨੇੜਲੇ ਪਿੰਡ ਬਹਾਦਰਪੁਰਾ ਵਿੱਚ ਬੀਤੀ ਦੇਰ ਰਾਤ ਇੱਕ ਵਿਅਕਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਤਿੰਨ ਬੱਚਿਆਂ ਦੀ ਮਾਂ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ 38 ਸਾਲਾ ਔਰਤ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬਹਾਦਰਪੁਰਾ ’ਚ ਕਿਰਾਏ ’ਤੇ ਰਹਿੰਦੀ ਸੀ, ਜਦਕਿ ਉਸ ਦਾ ਤੀਜਾ ਪੁੱਤਰ ਯੂਪੀ ’ਚ ਕੰਮ ਕਰਦਾ ਹੈ। ਥਾਣਾ ਸਦਰ ਥਾਨੇਸਰ ਵਿੱਚ ਦਿੱਤੀ ਸ਼ਿਕਾਇਤ ਵਿੱਚ ਔਰਤ ਦੇ ਪਤੀ ਖੇਮਕਰਨ ਨੇ ਦੱਸਿਆ ਕਿ ਇਸੇ ਪਿੰਡ ਦਾ ਰਾਮਬੀਰ ਕਰੀਬ ਡੇਢ ਸਾਲ ਤੋਂ ਉਸ ਦੀ ਪਤਨੀ ਦੇ ਸੰਪਰਕ ਵਿੱਚ ਸੀ। ਰਾਤ ਕਰੀਬ 12.30 ਵਜੇ ਉਹ ਆਪਣੇ ਦੋਸਤ ਨਾਲ ਉਨ੍ਹਾਂ ਦੇ ਘਰ ਆਇਆ ਤੇ ਉਸ ਦੀ ਪਤਨੀ ਨੂੰ ਜ਼ਬਰਦਸਤੀ ਚੁੱਕ ਕੇ ਕਮਿਊਨਿਟੀ ਸੈਂਟਰ ਪਾਰਕ ਵਿਚ ਲੈ ਗਿਆ। ਕੁਝ ਸਮੇਂ ਬਾਅਦ ਜਦੋਂ ਉਹ ਉਥੇ ਪਹੁੰਚਿਆ ਤਾਂ ਉਥੇ ਉਸ ਦੀ ਲਾਸ਼ ਪਈ ਸੀ।