ਪੋਪ ਫਰਾਂਸਿਸ (88) ਦੀ ਹਾਲਤ ਅੱਜ ਗੰਭੀਰ ਹੋ ਗਈ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਦਮੇ ਸਬੰਧੀ ਸਾਹ ਦੀ ਸਮੱਸਿਆ ਬਣੀ ਰਹੀ। ਇਸ ਕਾਰਨ ਉਨ੍ਹਾਂ ਨੂੰ ਵੱਧ ਮਾਤਰਾ ’ਚ ਆਕਸੀਜਨ ਦੀ ਲੋੜ ਪਈ।
ਵੈਟੀਕਨ ਨੇ ਸ਼ਨਿਚਰਵਾਰ ਦੇਰ ਰਾਤ ਇੱਕ ਅਪਡੇਟ ’ਚ ਕਿਹਾ ਕਿ ਫਰਾਂਸਿਸ ਫੇਫੜਿਆਂ ਦੀ ਲਾਗ ਕਾਰਨ ਇੱਕ ਹਫ਼ਤੇ ਤੋਂ ਹਸਪਤਾਲ ’ਚ ਦਾਖਲ ਹਨ ਅਤੇ ਜਾਂਚ ’ਚ ਪਤਾ ਲੱਗਾ ਹੈ ਕਿ ਉਹ ਅਨੀਮੀਆ ਦੀ ਸਥਿਤੀ ’ਚ ਹਨ, ਜਿਸ ਕਰਕੇ ਉਨ੍ਹਾਂ ਨੂੰ ਖੂਨ ਵੀ ਚੜ੍ਹਾਇਆ ਗਿਆ।
ਬਿਆਨ ’ਚ ਕਿਹਾ ਗਿਆ, ‘‘ਪੋਪ ਫਰਾਂਸਿਸ ਹਾਲੇ ਹੋਸ਼ ’ਚ ਹਨ ਤੇ ਦਰਦ ਦੇ ਬਾਵਜੂਦ ਉਨ੍ਹਾਂ ਕੁਰਸੀ ’ਤੇ ਦਿਨ ਗੁਜ਼ਾਰਿਆ।’’ ਡਾਕਟਰਾਂ ਨੇ ਕਿਹਾ ਕਿ ਪੋਪ ਫਰਾਂਸਿਸ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਕਿਸੇ ਵੀ ਖ਼ਤਰੇ ਤੋਂ ਬਾਹਰ ਨਹੀਂ ਹਨ। ਡਾਕਟਰਾਂ ਚਿਤਾਵਨੀ ਦਿੱਤੀ ਕਿ ਸੈਪਸਿਸ (ਖੂਨ ਸਬੰਧੀ ਗੰਭੀਰ ਲਾਗ) ਮੁੱਖ ਖ਼ਤਰਾ ਹੈ ਅਤੇ ਉਨ੍ਹਾਂ ਦਾ ਨਮੂਨੀਆ ਵਿਗੜ ਸਕਦਾ ਹੈ।
ਇਸ ਤੋਂ ਪਹਿਲਾਂ ਡਾਕਟਰਾਂ ਨੇ ਕਿਹਾ ਕਿ ਸੀ ਫਰਾਂਸਿਸ ਨਮੂਨੀਆ ਤੇ ਸਾਹ ਦੀ ਇੱਕ ਗੰਭੀਰ ਲਾਗ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਘੱਟੋ ਘੱਟ ਇੱਕ ਹਫ਼ਤਾ ਹਸਪਤਾਲ ’ਚ ਰੱਖਿਆ ਜਾਵੇਗਾ। ਫਰਾਂਸਿਸ ਨੂੰ ‘ਬ੍ਰੋਂਕਾਇਟਸ’ ਦੀ ਸਮੱਸਿਆ ਤੋਂ ਬਾਅਦ 14 ਫਰਵਰੀ ਨੂੰ ਰੋਮ ਦੇ ਜੇਮੇਲੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਮੰਗਲਵਾਰ ਨੂੰ ਡਾਕਟਰਾਂ ਨੇ ਉਨ੍ਹਾਂ ਦਾ ਨਮੂਨੀਆ ਦਾ ਇਲਾਜ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਸਾਹ ਨਾੜੀ ਵਿੱਚ ਪੌਲੀਮਾਈਕ੍ਰੋਬੀਅਲ’ ਲਾਗ ਵੀ ਮਿਲੀ ਸੀ। -ਏਪੀ