ਪਰਮਜੀਤ ਸਿੰਘ
ਫਾਜ਼ਿਲਕਾ, 22 ਅਪਰੈਲ
ਇੱਥੋਂ ਦੀ ਬਾਰਡਰ ਰੋਡ ’ਤੇ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਤੋਂ ਬਾਅਦ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ ਹੋ ਗਈ। ਇਹ ਨਾਬਾਲਗ ਇੱਥੋਂ ਦੀ ਅਦਾਲਤ ਵਿੱਚ ਆਪਣੇ ਕੇਸ ਦੀ ਪੇਸ਼ੀ ਭੁਗਤਣ ਆਇਆ ਸੀ ਜਿੱਥੇ ਉਸ ਦੀ ਦੂਜੀ ਧਿਰ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮਾਮਲਾ ਆਪਸੀ ਦੁਸ਼ਮਣੀ ਦਾ ਦੱਸਿਆ ਜਾ ਰਿਹਾ ਹੈ। ਅਦਾਲਤ ਕੋਲ ਵਾਪਰੀ ਘਟਨਾ ਕਾਰਨ ਪੁਲੀਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ 11 ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪਰਿਵਾਰ ਵਾਲਿਆਂ ਮੁਤਾਬਿਕ ਉਸ ਨੂੰ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਸ ਲਈ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਬਾਰੇ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਚ ਪੋਸਟਮਾਰਟਮ ਕਰਵਾਉਣ ਪਹੁੰਚੇ ਮ੍ਰਿਤਕ ਸਾਹਿਲ (17) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਪਿਛਲੇ ਕਾਫੀ ਸਮੇਂ ਤੋਂ ਅਰਨੀਵਾਲਾ ਨਿਵਾਸੀਆਂ ਤੋਂ ਧਮਕੀਆਂ ਮਿਲ ਰਹੀਆਂ ਸਨ ਜਿਸ ਬਾਰੇ ਕਈ ਵਾਰ ਮਿਲ ਕੇ ਅਤੇ ਲਿਖਤੀ ਦਰਖਾਸਤਾਂ ਰਾਹੀਂ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ ਗਿਆ ਸੀ। ਦੂਜੇ ਪਾਸੇ ਜ਼ਿਲ੍ਹਾ ਪੁਲੀਸ ਮੁਖੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਧਮਕੀਆਂ ਬਾਰੇ ਕੋਈ ਲਿਖਤੀ ਦਰਖਾਸਤ ਨਹੀਂ ਮਿਲੀ ਪਰ ਸਾਹਿਲ ਖਿਲਾਫ ਵੀ ਪੰਜ ਦੇ ਕਰੀਬ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਹਨ।