ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਨਿਰਮਾਣ ਅਧੀਨ ਇਮਾਰਤ ਵਿੱਚ ਚੱਲ ਰਹੇ ਇੱਕ ਨਿੱਜੀ ਟਿਊਸ਼ਨ ਸੈਂਟਰ ਦੀ ਛੱਤ ਅਚਾਨਕ ਢਹਿ ਗਈ। ਹਾਦਸੇ ਦੌਰਾਨ ਮਲਬੇ ਹੇਠ ਦੱਬਣ ਕਾਰਨ 14 ਸਕੂਲੀ ਬੱਚਿਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਬੱਚੇ ਅਤੇ ਇੱਕ ਮਹਿਲਾ ਅਧਿਆਪਕ ਜ਼ਖਮੀ ਹੋ ਗਏ। ਬਚਾਅ ਟੀਮਾਂ ਵੱਲੋਂ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ, ਕਿਉਂਕਿ ਖ਼ਦਸ਼ਾ ਹੈ ਕਿ ਕੁਝ ਹੋਰ ਬੱਚੇ ਅਜੇ ਵੀ ਮਲਬੇ ਹੇਠ ਫਸੇ ਹੋ ਸਕਦੇ ਹਨ।
ਪੁਲਿਸ ਮੁਤਾਬਕ ਇਹ ਹਾਦਸਾ ਲਾਹੌਰ ਦੇ ਸੰਘਣੀ ਆਬਾਦੀ ਵਾਲੇ ਕਾਹਨਾ ਨੌ ਇਲਾਕੇ ਵਿੱਚ ਵਾਪਰਿਆ। ਘਟਨਾ ਸਮੇਂ 7 ਤੋਂ 13 ਸਾਲ ਦੀ ਉਮਰ ਦੇ 30 ਤੋਂ ਵੱਧ ਬੱਚੇ ਟਿਊਸ਼ਨ ਸੈਂਟਰ ਵਿੱਚ ਪੜ੍ਹਾਈ ਕਰ ਰਹੇ ਸਨ। ਅਚਾਨਕ ਛੱਤ ਡਿੱਗਣ ਨਾਲ ਪੂਰੀ ਕਲਾਸ ਮਲਬੇ ਹੇਠ ਦੱਬ ਗਈ, ਜਿਸ ਕਾਰਨ ਹਫੜਾ-ਦਫੜੀ ਮਚ ਗਈ।
ਸੂਚਨਾ ਮਿਲਦੇ ਹੀ ਪੁਲਿਸ, ਰੈਸਕਿਊ ਟੀਮਾਂ ਅਤੇ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ। ਜ਼ਖਮੀ ਬੱਚਿਆਂ ਅਤੇ ਅਧਿਆਪਕ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਈ ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਲਾਹੌਰ ਦੇ ਡੀਆਈਜੀ ਆਪਰੇਸ਼ਨ ਫੈਜ਼ਲ ਕਾਮਰਾਨ ਨੇ ਦੱਸਿਆ ਕਿ ਹੁਣ ਤੱਕ ਮਲਬੇ ਵਿੱਚੋਂ 14 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਮਾਰਤ ਦਾ ਇੱਕ ਹਿੱਸਾ ਨਿਰਮਾਣ ਅਧੀਨ ਸੀ ਅਤੇ ਹਾਦਸੇ ਵੇਲੇ ਉੱਥੇ ਮਜ਼ਦੂਰ ਵੀ ਕੰਮ ਕਰ ਰਹੇ ਸਨ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਨੇ ਲਾਪਰਵਾਹੀ ਦੇ ਦੋਸ਼ ਹੇਠ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਲਬੇ ਹੇਠ ਹੋਰ ਬੱਚਿਆਂ ਦੇ ਫਸੇ ਹੋਣ ਦਾ ਡਰ
ਲਾਹੌਰ ਜ਼ਿਲ੍ਹਾ ਸਿੱਖਿਆ ਅਥਾਰਟੀ ਦੇ ਸੀਈਓ ਤਾਰਿਕ ਮਹਿਮੂਦ ਨੇ ਦੱਸਿਆ ਕਿ ਇਸ ਇਮਾਰਤ ਵਿੱਚ ਇੱਕ ਔਰਤ ਵੱਲੋਂ ਨਿੱਜੀ ਟਿਊਸ਼ਨ ਸੈਂਟਰ ਚਲਾਇਆ ਜਾ ਰਿਹਾ ਸੀ। ਰਾਹਤ ਕਾਰਜਾਂ ਵਿੱਚ ਸ਼ਾਮਲ ਈਧੀ ਫਾਊਂਡੇਸ਼ਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਕਾਹਨਾ ਨੌ ਦੀ ਈਦ ਗਾਹ ਕਲੋਨੀ ਸਥਿਤ ਅਕੈਡਮੀ ਦੀ ਛੱਤ ਅਚਾਨਕ ਡਿੱਗ ਗਈ ਸੀ। ਸੰਸਥਾ ਨੇ ਚਿੰਤਾ ਜਤਾਈ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ, ਕਿਉਂਕਿ ਕੁਝ ਬੱਚਿਆਂ ਦੇ ਅਜੇ ਵੀ ਮਲਬੇ ਹੇਠ ਫਸੇ ਹੋਣ ਦੀ ਸੰਭਾਵਨਾ ਹੈ।
ਇਸ ਦਰਦਨਾਕ ਹਾਦਸੇ ‘ਤੇ ਪੰਜਾਬ (ਪਾਕਿਸਤਾਨ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ