ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਕਤੂਬਰ
‘ਮਿਸ਼ਨ ਸਿਹਤ ਪੰਜਾਬ’ ਤਹਿਤ 2 ਅਕਤੂਬਰ ਨੂੰ ਪਟਿਆਲਾ ’ਚ ਹੋਣ ਵਾਲ਼ੀ ਸੂਬਾਈ ਰੈਲੀ ਨੂੰ ਲੈ ਕੇ ਅੱਜ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਥਾਂ ਥਾਂ ਪੋਸਟਰ ਤੇ ਹੋਰਡਿੰਗ ਹੀ ਦਿਖਾਈ ਦਿੱਤੇ। ‘ਆਪ’ ਆਗੂਆਂ ਨੇ ਇੱਕ ਦੂਜੇ ਤੋਂ ਵਧ ਚੜ੍ਹ ਕੇ ਅਜਿਹੇ ਹੋਰਡਿੰਗ ਲਾਏ ਹੋਏ ਹਨ। ਇਨ੍ਹਾਂ ਹੋਰਡਿੰਗ ’ਚ ਜਿਥੇ ਮੁੱਖ ਤੌਰ ’ਤੇ ਆਪ’ ਦੇ ਦੋਵੇਂ ਮੁੱਖ ਮੰਤਰੀਆਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਫੋਟੋਆਂ ਹਨ, ਉੱਥੇ ਹੀ ਕਾਰਕੁਨ ਨੇ ਆਪਣੇ ਹਿਸਾਬ ਨਾਲ਼ ਮੰਤਰੀਆਂ ਤੇ ਵਿਧਾਇਕਾਂ ਦੀਆਂ ਫੋਟੋਆਂ ਵੀ ਲਾਈਆਂ ਹੋਈਆਂ ਹਨ।
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ ਨੇ ਰਾਜਪੁਰਾ ਵਾਲ਼ੇ ਪਾਸਿਓਂ ਆਉਂਦਿਆਂ ਵੱਡੇ ਹੋਰਡਿੰਗ ਲਵਾਏ ਹਨ। ਹਲਕਾ ਵਿਧਾਇਕ ਅਜੀਤਪਾਲ ਕੋਹਲੀ, ਹਰਮੀਤ ਪਠਾਣਮਾਜਰਾ, ਬਲਤੇਜ ਪਨੂੰ, ਬਲਜਿੰਦਰ ਢਿੱਲੋਂ, ਹਰਚੰਦ ਬਰਸਟ, ਇੰਦਰਜੀਤ ਸੰਧੂ ਸਮੇਤ ਹੋਰਨਾ ਆਗੂਆਂ ਨੇ ਪੋਸਟਰ ਅਤੇ ਹੋਰਡਿੰਗ ਲਗਵਾਏ ਹਨ। ਬਹੁਤੀ ਥਾਂਈਂ ਸਰਕਾਰੀ ਪੱਧਰ ’ਤੇ ਲੱਗੇ ਹੋਰਡਿੰਗ ਵੀ ਹਨ ਜਨਿ੍ਹਾਂ ਵਿੱਚ ਸਿਰਫ਼ ਦੋਵੇਂ ਮੁੱਖ ਮੰਤਰੀਆਂ ਦੀਆਂ ਹੀ ਫੋਟੋਆਂ ਹਨ। ਸ਼ਹਿਰ ਨੂੰ ਆਉਂਦੀਆਂ ਸਾਰੀਆਂ ਸੜਕਾਂ ’ਤੇ ਸਥਿਤ ਖੰਭੇ ਅਤੇ ਦਰਖਤ ਵੀ ਅਜਿਹੇ ਹੋਰਡਿੰਗਾਂ ਨਾਲ਼ ਹੀ ਭਰੇ ਪਏ ਹਨ। ਖਾਸ ਕਰੇ ਰੈਲੀ ਵਾਲ਼ੀ ਥਾਂ ’ਤੇ ਤਾਂ ਇਨ੍ਹਾਂ ਦਾ ਘੜਮੱਸ ਹੀ ਪਿਆ ਹੋਇਆ ਹੈ।