ਮੁੰਬਈ: ਦੇਸ਼ ਦੇ ਲੋਕਾਂ ਕੋਲ 21 ਅਕਤੂਬਰ ਤੱਕ ਮੁਦਰਾ 30.88 ਲੱਖ ਕਰੋੜ ਦੇ ਨਵੇਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਨੋਟਬੰਦੀ ਦੇ ਛੇ ਸਾਲ ਬਾਅਦ ਵੀ ਨਕਦੀ ਦੀ ਵਰਤੋਂ ਅਜੇ ਵੀ ਮਜ਼ਬੂਤ ਹੈ। ਮੁਦਰਾ ਦਾ ਇਹ ਪੱਧਰ 4 ਨਵੰਬਰ 2016 ਦੇ ਮੁਕਾਬਲੇ 71.84 ਫੀਸਦ ਵੱਧ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ 8 ਨਵੰਬਰ 2016 ਨੂੰ 500 ਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਆਰਬੀਆਈ ਵੱਲੋਂ ਜਾਰੀ ਅੰਕੜਿਆਂ ਅਨੁਸਾਰ 21 ਅਕਤੂਬਰ ਤੱਕ ਦੇਸ਼ ਦੇ ਲੋਕਾਂ ਕੋਲ 30.88 ਲੱਖ ਕਰੋੜ ਰੁਪਏ ਦੀ ਕਰੰਸੀ ਹੈ। 4 ਨਵੰਬਰ 2016 ਨੂੰ ਇਹ ਅੰਕੜਾ 17.7 ਲੱਖ ਕਰੋੜ ਰੁਪਏ ਸੀ। ਆਰਬੀਆਈ ਅਨੁਸਾਰ ਡਿਜੀਟਲ ਢੰਗ ਨਾਲ ਭੁਗਤਾਨ ਕਰਨ ਦਾ ਰੁਝਾਨ ਵਧਿਆ ਹੈ ਪਰ ਇਸ ਦੇ ਨਾਲ ਹੀ ਨਕਦੀ ਦੀ ਵਰਤੋਂ ਦੇ ਰੁਝਾਨ ’ਚ ਵਾਧਾ ਹੋਇਆ ਹੈ। -ਪੀਟੀਆਈ