ਸੁਰਿੰਦਰ ਮਾਵੀ
ਵਿਨੀਪੈਗ: ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈਗ ਵੱਲੋਂ ਮੈਪਲਜ ਕਾਲਜੀਏਟ ਦੇ ਥੀਏਟਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦਾ ਨਾਟਕ, ‘ਮੈਂ ਕਿਤੇ ਨਹੀਂ ਗਿਆ’ ਦਾ ਮੰਚਨ ਕੀਤਾ ਗਿਆ। ਇਹ ਮੰਚਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਅਦਾਕਾਰ ਸੁਰਿੰਦਰ ਸ਼ਰਮਾ ਵੱਲੋਂ ਕੀਤਾ ਗਿਆ। ਇਸ ਦੌਰਾਨ ਗਿਆਨ, ਵਿਗਿਆਨ ਅਤੇ ਵਿਚਾਰ ਨੂੰ ਪ੍ਰਫੁੱਲਿਤ ਕਰਨ ਲਈ ਰਾਜਿੰਦਰ ਭਦੌੜ, ਬੀਰਬਲ ਭਦੌੜ ਵੱਲੋਂ ਜਾਦੂ ਦਾ ਸ਼ੋਅ ਦਿਖਾਇਆ ਗਿਆ।
ਇਸ ਪ੍ਰੋਗਰਾਮ ਦੀ ਮੁੱਖ ਪੇਸ਼ਕਸ਼ ਕੈਨੇਡੀਅਨ ਨਾਟਕਕਾਰ ਕੁਲਵਿੰਦਰ ਖਹਿਰਾ ਦਾ ਨਾਟਕ ‘ਮੈਂ ਕਿਤੇ ਨਹੀਂ ਗਿਆ’ ਲੋਕ ਕਲਾ ਮੰਚ ਮੁੱਲਾਂਪੁਰ ਦੇ ਸੁਰਿੰਦਰ ਸ਼ਰਮਾ ਦੀ ਮੁੱਖ ਪੇਸ਼ਕਾਰੀ ਅਤੇ ਸਹਿਯੋਗੀ ਕਲਾਕਾਰ ਅਮਰਿੰਦਰ ਢਿੱਲੋਂ, ਰਿਸ਼ਮ ਸ਼ਰਮਾ ਤੇ ਕੁਸਮ ਸ਼ਰਮਾ ਦੁਆਰਾ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਨਿਰਦੇਸ਼ਨ ਰਾਜਿੰਦਰ ਸਿੰਘ, ਸੰਗੀਤ ਆਰ. ਸੀਨ ਤੇ ਗੀਤਕਾਰ ਅਮੋਲਕ ਸਿੰਘ ਹਨ। ਇਹ ਨਾਟਕ ਕੈਨੇਡਾ ਵਿੱਚ ਪਰਵਾਸੀ ਵਿਦਿਆਰਥੀਆਂ ਦੇ ਕੰਮਾਂ ’ਤੇ ਹੋ ਰਹੇ ਸ਼ੋਸ਼ਣ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਹੈ ਅਤੇ ਨਸ਼ਿਆਂ ਦੇ ਸਹਾਰੇ ਮੰਜ਼ਲ ਪਾਉਣ ਵਾਲੇ ਵਿਦਿਆਰਥੀਆਂ ਨੂੰ ਬਚ ਨਿਕਲਣ ਦੀ ਪ੍ਰੇਰਨਾ ਦਿੰਦਾ ਹੈ। ਇਹ ਨਾਟਕ ਜਿੱਥੇ ਭਗਤ ਸਿੰਘ ਦੀ ਵਿਚਾਰਧਾਰਾ ਦੀ ਗੱਲ ਕਰਦਾ ਹੈ, ਉੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਕੈਨੇਡਾ ਵਿੱਚ ਹੁੰਦੇ ਧੱਕੇ ਅਤੇ ਸ਼ੋਸ਼ਣ ਨੂੰ ਵੀ ਉਜਾਗਰ ਕਰਦਾ ਹੈ। ਵਿਦਿਆਰਥੀਆਂ ਦਾ ਸ਼ੋਸ਼ਣ ਕਿਸੇ ਹੋਰ ਵੱਲੋਂ ਨਹੀਂ ਸਗੋਂ ਸਾਡੀ ਆਪਣੀ ਕਮਿਊਨਿਟੀ ਦੇ ਲੋਕਾਂ ਵੱਲੋਂ ਹੀ ਕੀਤਾ ਜਾਂਦਾ ਹੈ। ਨਾਟਕ ਆਪਣੀ ਗੱਲ ਕਹਿਣ ਵਿੱਚ ਸਫਲ ਰਿਹਾ। ਲੋਕਾਂ ਨੇ ਨਾਟਕ ਨੂੰ ਬਹੁਤ ਧਿਆਨ ਤੇ ਇਕਾਗਰਤਾ ਨਾਲ ਦੇਖਿਆ।
ਇਸ ਤੋਂ ਪਹਿਲਾਂ ਸਟੇਜ ਦੀ ਸ਼ੁਰੂਆਤ ਛੋਟੀ ਬੱਚੀ ਪ੍ਰਭਲੀਨ ਤੂਰ ਦੀ ਕਵਿਤਾ ‘ਮਾਂ-ਬਾਪ’ ਨਾਲ ਹੋਈ। ਜਸਵੀਰ ਮੰਗੂਵਾਲ ਵੱਲੋਂ ਪ੍ਰੇਰਨਾ ਸਰੋਤ ਖ਼ੂਬਸੂਰਤ ਕਵਿਤਾ ਸਣਾਉਣ ਉਪਰੰਤ ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦੇ ਬੀਰਬਲ ਭਦੌੜ ਤੇ ਰਾਜਿੰਦਰ ਭਦੌੜ ਨੇ ਜਾਦੂ ਦੇ ਸ਼ੋਅ ਦਿਖਾ ਕੇ ਵਹਿਮਾਂ, ਭਰਮਾਂ ਅਤੇ ਜਾਦੂ-ਮੰਤਰਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖੀ। ਰਾਜਿੰਦਰ ਭਦੌੜ ਨੇ ਕੁਝ ਘਟਨਾਵਾਂ ਗਿਣਾ ਕੇ ਉਨ੍ਹਾਂ ਦੇ ਕੀਤੇ ਵਿਗਿਆਨਕ ਹੱਲ ਵੀ ਸਾਂਝੇ ਕੀਤੇ ਅਤੇ ਵਿਨੀਪੈਗ ’ਚ ਤਰਕਸ਼ੀਲ ਸੁਸਾਇਟੀ ਬਣਾਉਣ ਦਾ ਹੋਕਾ ਵੀ ਦਿੱਤਾ।
ਇਸ ਦੌਰਾਨ ਤਿੰਨ ਮਤੇ ਪੜ੍ਹਕੇ ਲੋਕਾਂ ਨੂੰ ਸੁਣਾਏ ਗਏ ਅਤੇ ਫਿਰ ਸਾਰਿਆਂ ਦੀ ਮਨਜ਼ੂਰੀ ਨਾਲ ਪਾਸ ਵੀ ਕੀਤੇ ਗਏ। ਇਸ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਹਿਲਾ ਪਹਿਲਵਾਨਾਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਦਿੱਲੀ ਵਿਖੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਅਤੇ ਬਰਖ਼ਾਸਤਗੀ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਅਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਜਮਹੂਰੀ ਹੱਕਾਂ ਦੀ ਉੱਘੀ ਤੇ ਨਿਧੜਕ ਕਾਰਕੁਨ, ਕਿਸਾਨਾਂ, ਔਰਤਾਂ ਅਤੇ ਦੱਬੇ ਕੁਚਲਿਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਡਾ. ਨਵਸ਼ਰਨ ਜੋ ਭਾਜੀ ਗੁਰਸ਼ਰਨ ਸਿੰਘ ਦੀ ਵੱਡੀ ਬੇਟੀ ਹਨ; ਨੂੰ ਈਡੀ ਵੱਲੋਂ ਪੁੱਛ-ਗਿੱਛ ਦੇ ਨਾਂ ਹੇਠ ਤੰਗ-ਪਰੇਸ਼ਾਨ ਕਰਨ , ਡਰਾਉਣ, ਧਮਕਾਉਣ ਅਤੇ ਸਖ਼ਤ ਕਾਨੂੰਨਾਂ ਤਹਿਤ ਫਸਾਉਣ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਗਈ। ਇਕੱਤਰਤਾ ਨੇ ਝੂਠੇ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਬੁੱਧੀਜੀਵੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਵੀ ਮੰਗ ਕੀਤੀ।
ਪੰਜਾਬੀ ਭਾਸ਼ਾ ਨੂੰ ਸਕੂਲਾਂ-ਕਾਲਜਾਂ ਦੇ ਸਿਲੇਬਸ ਦਾ ਹਿੱਸਾ ਬਣਾਉਣ ਦੀਆਂ ਕੋਸ਼ਿਸ਼ਾਂ ਹਿੱਤ ਹੋਂਦ ਵਿੱਚ ਆਈ ਜਥੇਬੰਦੀ ‘ਐਸੋਸੀਏਸ਼ਨ ਫਾਰ ਪ੍ਰਮੋਸ਼ਨ ਆਫ ਪੰਜਾਬੀ ਲੈਂਗੂਏਜ ਐਜੂਕੇਸ਼ਨ (ਐਪਲ)’ ਵਿਨੀਪੈਗ ਦੇ ਬੁਲਾਰੇ ਡਾ. ਬਬਨੀਤ ਕੌਰ ਨੇ ਕਮਿਊਨਿਟੀ ਨੂੰ ਇਸ ਜਥੇਬੰਦੀ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ ਅਤੇ ਉਨ੍ਹਾਂ ਨੇ ਇਸ ਜਥੇਬੰਦੀ ਵੱਲੋਂ ਬੱਚਿਆਂ ਲਈ ਪੰਜਾਬੀ ਵਿੱਚ ਕਵਿਤਾ ਉਚਾਰਨ ਮੁਕਾਬਲੇ ਦਾ ਹਿੱਸਾ ਬਣਨ ਅਤੇ ਸ਼ਾਮਲ ਹੋਣ ਲਈ ਵੀ ਸਭ ਨੂੰ ਸੱਦਾ ਦਿੱਤਾ।
News Source link
#ਨਟਕ #ਮ #ਕਤ #ਨਹ #ਗਆ #ਦ #ਮਚਨ